ਭਾਜਪਾ ਦੀ ਤਾਨਾਸ਼ਾਹੀ ਵਿਰੁਧ ਅਗਲੀਆਂ ਚੋਣਾਂ ਦਾ ਟਰੇਲਰ ਹਨ ਜ਼ਿਮਨੀ ਚੋਣਾਂ ਦੇ ਨਤੀਜੇ : ਸੰਧਵਾਂ
ਭਾਜਪਾ ਦੀ ਤਾਨਾਸ਼ਾਹੀ ਵਿਰੁਧ ਅਗਲੀਆਂ ਚੋਣਾਂ ਦਾ ਟਰੇਲਰ ਹਨ ਜ਼ਿਮਨੀ ਚੋਣਾਂ ਦੇ ਨਤੀਜੇ : ਸੰਧਵਾਂ
ਚੰਡੀਗੜ੍ਹ, 3 ਨਵੰਬਰ (ਅੰਕੁਰ ਤਾਂਗੜੀ): ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਵੱਖ- ਵੱਖ ਰਾਜਾਂ ਵਿਚ ਹੋਈਆਂ ਲੋਕ ਸਭਾ ਅਤੇ ਵਿਧਾਨ ਸਭਾ ਦੀਆਂ ਜ਼ਿਮਨੀ ਚੋਣਾ ’ਚ ਭਾਰਤੀ ਜਨਤਾ ਪਾਰਟੀ (ਭਾਜਪਾ) ਅਤੇ ਉਸ ਦੇ ਸਿਆਸੀ ਭਾਈਵਾਲਾਂ ਨੂੰ ਮਿਲੀ ਕਰਾਰੀ ਹਾਰ ਨੂੰ ਭਵਿੱਖ ਦੀਆਂ ਆਮ ਚੋਣਾ ਲਈ ’ਟ੍ਰੇਲਰ’ ਕਰਾਰ ਦਿਤਾ ਹੈ, ਜੋ ਦੇਸ਼ ਦੀ ਜਨਤਾ ਨੇ ਭਾਜਪਾ ਦੇ ਤਾਨਾਸ਼ਾਹੀ ਰਵਈਏ ਵਿਰੁਧ ਫ਼ਤਵੇ ਦੇ ਰੂਪ ’ਚ ਦਿਤਾ ਹੈ। ਇਕ ਬਿਆਨ ਰਾਹੀਂ ਪਾਰਟੀ ਦੇ ਕਿਸਾਨ ਵਿੰਗ ਦੇ ਪ੍ਰਧਾਨ ਅਤੇ ਵਿਧਾਇਕ ਕੁਲਤਾਰ ਸਿੰਘ ਸੰਧਵਾਂ ਨੇ ਕੇਂਦਰ ਦੀ ਮੋਦੀ ਸਰਕਾਰ ਨੂੰ ਉੱਤਰ ਤੋਂ ਦਖਣ ਭਾਰਤ ਤਕ ਹੋਈਆਂ ਜ਼ਿਮਨੀ ਚੋਣਾਂ ਦੇ ਨਤੀਜਿਆਂ ਤੋਂ ਸਬਕ ਸਿੱਖਣ ਦੀ ਨਸੀਹਤ ਦਿੱਤੀ ਹੈ। ਸੰਧਵਾਂ ਮੁਤਾਬਕ,‘‘ਪ੍ਰਧਾਨ ਮੰਤਰੀ ਮੋਦੀ ਸਮੇਤ ਸਮੁੱਚੀ ਭਾਜਪਾ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਲੋਕਤੰਤਰ ’ਚ ਲੋਕ ਵੱਡੇ ਹੁੰਦੇ ਹਨ ਅਤੇ ਲੋਕਾਂ ਵਲੋਂ ਚੁਣ ਕੇ ਭੇਜੇ ਨੁਮਾਇੰਦਿਆਂ ਨੂੰ ਜਨਤਾ ਦੇ ‘ਮਨ ਕੀ ਬਾਤ’ ਨੂੰ ਕਦੇ ਨਜ਼ਰਅੰਦਾਜ਼ ਨਹੀਂ ਕੀਤਾ ਜਾਣਾ ਚਾਹੀਦਾ। ਜੇਕਰ ਭਾਜਪਾ ਨੇ ਸਿਰਫ਼ ਅਪਣੇ ‘ਮਨ ਕੀ ਬਾਤ’ ਦੀ ਥਾਂ ‘ਜਨ ਕੀ ਬਾਤ’ ਸੁਣੀ ਹੁੰਦੀ ਤਾਂ ਸੱਤਾ ’ਚ ਹੁੰਦੇ ਹੋਏ ਜ਼ਿਮਨੀ ਚੋਣਾਂ ’ਚ ਐਨਾ ਬੁਰਾ ਹਸ਼ਰ ਨਾ ਹੁੰਦਾ।’’ ਸੰਧਵਾਂ ਨੇ ਮੋਦੀ ਸਰਕਾਰ ਨੂੰ ਅਪਣਾ ਜ਼ਿੱਦੀ ਅਤੇ ਤਾਨਾਸ਼ਾਹੀ ਰਵਈਆ ਛੱਡ ਕੇ ਖੇਤੀ ਵਿਰੋਧੀ ਕਾਲੇ ਕਾਨੂੰਨਾਂ ਸਮੇਤ ਉਹ ਸਾਰੇ ਫ਼ੈਸਲੇ ਵਾਪਸ ਲੈ ਲੈਣੇ ਚਾਹੀਦੇ ਹਨ, ਜੋ ਜਨਤਾ ਉਤੇ ਪਿਛਲੇ ਸਾਲਾਂ ਦੌਰਾਨ ਥੋਪੇ ਗਏ ਹਨ।