ਦੀਵਾਲੀ ਮੌਕੇ ਪਰਗਟ ਸਿੰਘ ਨੇ ਪਰਿਵਾਰ ਸਮੇਤ ਯੂਨੀਕ ਹੋਮ ਦੇ ਬੇਸਹਾਰਾ ਬੱਚਿਆਂ ਨਾਲ ਗੁਜ਼ਾਰਿਆ ਸਮਾਂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੰਜਾਬ ਦੇ ਸਿੱਖਿਆ, ਖੇਡਾਂ ਤੇ ਪਰਵਾਸੀ ਭਾਰਤੀ ਮਾਮਲਿਆਂ ਦੇ ਮੰਤਰੀ ਨੇ ਬੱਚਿਆਂ ਨੂੰ ਵੰਡੇ ਤੋਹਫ਼ੇ, ਫਲ ਤੇ ਮਠਿਆਈਆਂ

Pargat Singh spent time with helpless children of Unique Home

ਜਲੰਧਰ: ਪੰਜਾਬ ਦੇ ਸਿੱਖਿਆ, ਖੇਡਾਂ ਤੇ ਪਰਵਾਸੀ ਭਾਰਤੀ ਮਾਮਲਿਆਂ ਦੇ ਮੰਤਰੀ ਪਰਗਟ ਸਿੰਘ ਨੇ ਦੀਵਾਲੀ ਦਾ ਤਿਉਹਾਰ ਨਿਵੇਕਲੇ ਤਰੀਕੇ ਨਾਲ ਮਨਾਉਂਦਿਆਂ ਜਲੰਧਰ ਸਥਿਤ ਭਾਈ ਘਨੱਈਆ ਯੂਨਿਕ ਹੋਮ ਦੇ ਬੱਚਿਆਂ ਨਾਲ ਸਮਾਂ ਗੁਜ਼ਾਰਿਆ। ਇਹ ਯੂਨਿਕ ਹੋਮ ਭਾਈ ਘਨੱਈਆ ਜੀ ਚੈਰੀਟੇਬਲ ਸੰਸਥਾ ਵੱਲੋਂ ਅਨਾਥ ਤੇ ਬੇਸਹਾਰਾ ਬੱਚੀਆਂ ਲਈ ਚਲਾਇਆ ਜਾ ਰਿਹਾ ਹੈ।

ਪਰਗਟ ਸਿੰਘ ਤੇ ਉਨ੍ਹਾਂ ਦੀ ਪਤਨੀ ਬਰਿੰਦਰਪ੍ਰੀਤ ਕੌਰ ਨੂੰ ਆਪਣੇ ਸੰਗ ਦੇਖ ਕੇ ਯੂਨਿਕ ਹੋਮ ਦੇ ਬੱਚਿਆਂ ਦੇ ਚਿਹਰੇ ਖਿੜ ਗਏ।ਹਾਕੀ ਦੇ ਮੈਦਾਨ ਵਿੱਚ ਮੈਚ ਜਿੱਤਣ ਵਾਲੇ ਸਾਬਕਾ ਓਲੰਪੀਅਨ ਦੀ ਫੇਰੀ ਨੇ ਇਸ ਹੋਮ ਵਿੱਚ ਰਹਿੰਦੇ ਬੇਸਹਾਰਾ ਬੱਚਿਆਂ ਦੇ ਦਿਲ ਵੀ ਜਿੱਤ ਲਏ। ਪਰਗਟ ਸਿੰਘ ਇਨ੍ਹਾਂ ਬੱਚਿਆਂ ਲਈ ਤੋਹਫ਼ੇ, ਫਲ, ਮਠਿਆਈਆਂ ਤੇ ਫੁੱਲਾਂ ਦੇ ਗੁਲਦਸਤੇ ਲੈ ਕੇ ਗਏ। ਪੰਘੂੜੇ ਵਿੱਚ ਕਿਲਕਾਰੀਆਂ ਮਾਰ ਰਹੇ ਬੱਚਿਆਂ ਨੂੰ ਪਰਗਟ ਸਿੰਘ ਜੋੜੀ ਨੇ ਆਸ਼ੀਰਵਾਦ ਦਿੱਤਾ।ਇਕ ਛੋਟੀ ਬੱਚੀ ਜਿਸ ਨੂੰ ਜ਼ਹਿਰ ਦੇ ਕੇ ਸੁੱਟ ਦਿੱਤਾ ਗਿਆ ਸੀ, ਨੂੰ ਵੀ ਮਿਲੇ ਪਰ ਉਹ ਬੱਚੀ ਅੱਜ ਸੁੱਖੀ ਸਾਂਦੀ ਇੱਥੇ ਜ਼ਿੰਦਗੀ ਬਸਰ ਕਰ ਰਹੀ ਹੈ।

ਪਰਗਟ ਸਿੰਘ ਨੇ ਇੱਥੇ ਵਿਜ਼ਟਰ ਬੁੱਕ ਵਿੱਚ ਸੰਦੇਸ਼ ਵੀ ਲਿਖਿਆ ਜਿਸ ਵਿੱਚ ਉਨ੍ਹਾਂ ਕਿਹਾ ਕਿ ਇਹ ਸੰਸਥਾ ਬਾਬਾ ਨਾਨਕ ਜੀ ਵੱਲੋਂ ਦਰਸਾਏ ਮਾਰਗ ਉਤੇ ਸਹੀ ਭਾਵਨਾ ਨਾਲ ਚਲਾਈ ਜਾ ਰਹੀ ਹੈ ਜਿਸ ਲਈ ਇੱਥੋਂ ਦੇ ਮੁੱਖ ਪ੍ਰਬੰਧਕ ਬੀਬੀ ਪ੍ਰਕਾਸ਼ ਕੌਰ ਵੱਲੋਂ ਨਿਭਾਈ ਸੇਵਾ ਨੂੰ ਸਿਜਦਾ ਕੀਤਾ।

ਕੈਬਨਿਟ ਮੰਤਰੀ ਪਰਗਟ ਸਿੰਘ ਨੇ ਕਿਹਾ ਕਿ ਰੌਸ਼ਨੀਆਂ ਦਾ ਇਹ ਤਿਉਹਾਰ ਸਾਰਾ ਦੇਸ਼ ਆਪਣੇ ਪਰਿਵਾਰਾਂ ਨਾਲ ਮਨਾਉਂਦਾ ਹੈ ਅਤੇ ਇਹ ਬੱਚੇ ਉਨ੍ਹਾਂ ਦਾ ਹੀ ਪਰਿਵਾਰ ਹੈ ਜਿਸ ਲਈ ਇਨ੍ਹਾਂ ਸੰਗ ਸਮਾਂ ਬਿਤਾਉਣਾ ਸਭ ਤੋਂ ਖੁਸ਼ਨੁਮਾ ਅਹਿਸਾਸ ਸੀ। ਪਰਗਟ ਸਿੰਘ ਨੇ ਦੀਵਾਲੀ ਤੇ ਬੰਦੀ ਛੋੜ ਦਿਵਸ ਦੀ ਸਭ ਨੂੰ ਵਧਾਈ ਦਿੰਦਿਆਂ ਵਾਹਿਗੁਰੂ ਅੱਗੇ ਅਰਦਾਸ ਕੀਤੀ ਕਿ ਇਹ ਤਿਉਹਾਰ ਸਭ ਲਈ ਖੁਸ਼ੀਆਂ-ਖੇੜੇ ਲੈ ਕੇ ਆਏ ਅਤੇ ਆਪਸੀ ਪਿਆਰ, ਭਾਈਚਾਰਕ ਸਾਂਝ ਤੇ ਸਦਭਾਵਨਾ ਬਣੀ ਰਹੇ। ਤਿਉਹਾਰਾਂ ਦੀ ਖੁਸ਼ੀ ਸਭ ਨੂੰ ਮਿਲ ਕੇ ਮਨਾਉਣ ਨਾਲ ਹੋਰ ਵੀ ਵੱਧ ਹੁੰਦੀ ਹੈ।