ਬਿਜਲੀ ਮੰਤਰੀ ਨਾਲ ਹੋਈ ਪਾਵਰਕਾਮ ਠੇਕਾ ਕਾਮਿਆਂ ਦੀ ਮੀਟਿੰਗ, ਠੇਕਾ ਕਾਮਿਆਂ ਨੂੰ ਰੈਗੂਲਰ ਕਰਨ 'ਤੇ ਹੋਈ ਚਰਚਾ
11 ਨਵੰਬਰ ਏ.ਆਈ. ਜੀ. ਤੇ ਅਧਿਕਾਰੀਆਂ ਨਾਲ ਬੈਠਕ ਕਰਵਾਉਣ ਤੇ ਹੋਰ ਮੰਗਾਂ ਨੂੰ ਲਾਗੂ ਕਰਨ ਦਾ ਭਰੋਸਾ
ਬਾਹਰੋਂ ਪੱਕੀ ਭਰਤੀ ਤੋਂ ਪਹਿਲਾਂ ਉਨ੍ਹਾਂ ਪੋਸਟਾਂ ਤੇ ਕੰਮ ਕਰਦੇ ਕਾਮਿਆਂ ਨੂੰ ਰੈਗੂਲਰ ਕਰਨ' ਘੱਟੋ ਘੱਟ ਗੁਜ਼ਾਰੇ ਯੋਗ ਤਨਖ਼ਾਹ 25010 ਰੁਪਏ ਨਿਸ਼ਚਿਤ ਕਰਨ ਦੀ ਕੀਤੀ ਮੰਗ
ਪਟਿਆਲਾ : ਪਾਵਰਕਾਮ ਐਂਡ ਟ੍ਰਾਂਸਕੋ ਠੇਕਾ ਮੁਲਾਜ਼ਮ ਯੂਨੀਅਨ ਪੰਜਾਬ ਦੇ ਲਗਾਤਾਰ ਛੱਤੀ ਘੰਟੇ ਪਟਿਆਲਾ ਹੈੱਡ ਆਫਿਸ ਵਿਖੇ ਚੱਲ ਰਹੇ ਧਰਨੇ ਦੌਰਾਨ ਅੱਜ ਬਿਜਲੀ ਮੰਤਰੀ ਹਰਭਜਨ ਸਿੰਘ ਈਟੀਓ ਦੀ ਪ੍ਰਧਾਨਗੀ ਹੇਠ ਪਾਵਰਕਾਮ ਠੇਕਾ ਕਾਮਿਆਂ ਦੀ ਜਥੇਬੰਦੀ ਨਾਲ ਮੀਟਿੰਗ ਹੋਈ। ਜਿਸ ਵਿੱਚ ਮੁੱਖ ਸਕੱਤਰ ਪਾਵਰ, ਸੀ.ਐਮ.ਡੀ ਬਲਦੇਵ ਸਿੰਘ ਸਰਾਂ, ਇੰਜ: ਡੀ.ਪੀ.ਐੱਸ. ਗਰੇਵਾਲ ਡਾਇਰੈਕਟਰ ਵੰਡ, ਚੀਫ ਇੰਜੀਨੀਅਰ ਲੁਧਿਆਣਾ/ਪਟਿਆਲਾ ਡਿਪਟੀ ਮੈਨੇਜਰ ਆਈਆਰ ਰਣਵੀਰ ਸਿੰਘ, ਅਤੇ ਕੁਝ ਕੰਪਨੀਆਂ ਦੇ ਅਧਿਕਾਰੀ ਵੀ ਸ਼ਾਮਲ ਸਨ। ਜਿਸ ਵਿਚ ਜਥੇਬੰਦੀ ਵੱਲੋਂ ਸੂਬਾ ਪ੍ਰਧਾਨ ਬਲਿਹਾਰ ਸਿੰਘ, ਦਫਤਰੀ ਸਕੱਤਰ ਸ਼ੇਰ ਸਿੰਘ ਸੂਬਾ ਮੈਂਬਰ ਟੇਕ ਚੰਦ, ਮਨਿੰਦਰ ਸਿੰਘ, ਪ੍ਰੈਸ ਸਕੱਤਰ ਇੰਦਰਪ੍ਰੀਤ ਸਿੰਘ, ਥਰਮਲ ਜਥੇਬੰਦੀ ਤੋਂ ਜਗਰੂਪ ਸਿੰਘ ਲਹਿਰਾ, ਪੈਸਕੋ ਜਥੇਬੰਦੀ ਤੋਂ ਗੁਰਵਿੰਦਰ ਸਿੰਘ ਪੰਨੂ ਸ਼ਾਮਲ ਸਨ।
ਪ੍ਰੈਸ ਨੂੰ ਬਿਆਨ ਜਾਰੀ ਕਰਦਿਆਂ ਸੂਬਾ ਪ੍ਰਧਾਨ ਬਲਿਹਾਰ ਸਿੰਘ ਪ੍ਰੈੱਸ ਸਕੱਤਰ ਇੰਦਰਪ੍ਰੀਤ ਸਿੰਘ ਨੇ ਦੱਸਿਆ ਕਿ ਪਾਵਰਕੌਮ ਠੇਕਾ ਕਾਮਿਆਂ ਨੇ ਪਟਿਆਲਾ ਹੈੱਡ ਆਫਿਸ ਵਿਖੇ ਪਰਿਵਾਰਾਂ ਤੇ ਬੱਚਿਆਂ ਸਮੇਤ ਛੱਤੀ ਘੰਟੇ ਤੋਂ ਲਗਾਤਾਰ ਧਰਨਾ ਰੋਸ ਪ੍ਰਦਰਸ਼ਨ ਕੀਤਾ ਗਿਆ। ਜਿਸ ਤੋਂ ਪਹਿਲਾਂ ਪ੍ਰਸ਼ਾਸਨ ਨੇ ਪਾਵਰਕੌਮ ਮੈਨੇਜਮੈਂਟ ਅਧਿਕਾਰੀਆਂ ਨਾਲ ਵੀ ਦੋ ਵਾਰ ਬੈਠਕ ਕਰਵਾਈ ਜਿਸ 'ਚ ਮੰਗਾਂ ਨੂੰ ਹੱਲ ਕਰਨ ਦਾ ਭਰੋਸਾ ਦਿੱਤਾ ਗਿਆ ਪਰ ਬਾਹਰੋਂ ਪੱਕੀ ਭਰਤੀ ਤੇ ਮਸਲੇ ਨੂੰ ਲੈ ਕੇ ਅੱਜ ਬਿਜਲੀ ਵਿਭਾਗ ਦੇ ਮੰਤਰੀ ਹਰਭਜਨ ਸਿੰਘ ਜੀ ਈਟੀਓ ਨਾਲ ਬੈਠਕ ਕਰਵਾਈ ਗਈ। ਇਸ ਬੈਠਕ ਵਿਚ ਉੱਚ ਅਧਿਕਾਰੀ ਸ਼ਾਮਲ ਸਨ।
ਜਥੇਬੰਦੀ ਆਗੂਆਂ ਵੱਲੋਂ ਮੰਗ ਕੀਤੀ ਗਈ ਕਿ ਬਾਹਰੋਂ ਭਰਤੀ ਕਰਨ ਤੋਂ ਪਹਿਲਾਂ ਉਨ੍ਹਾਂ ਪੋਸਟਾਂ 'ਤੇ ਕੰਮ ਕਰਦੇ ਠੇਕਾ ਕਾਮਿਆਂ ਨੂੰ ਵਿਭਾਗ 'ਚ ਲਿਆ ਕੇ ਰੈਗੂਲਰ ਕੀਤਾ ਜਾਵੇ, 1948 ਐਕਟ ਮੁਤਾਬਕ ਤਨਖਾਹ ਘੱਟੋ ਘੱਟੋ ਗੁਜਾਰੇ ਯੋਗ ਤਨਖਾਹ 25010 ਰੁਪਏ ਕੀਤੀ ਜਾਵੇ, ਹੁਣ ਤੱਕ ਹੋਏ ਹਾਦਸਾਗ੍ਰਸਤ ਕਾਮਿਆਂ ਦੇ ਪਰਿਵਾਰਾਂ ਨੂੰ ਮੁਆਵਜ਼ਾ ਅਤੇ ਪੱਕੀ ਨੌਕਰੀ ਦਾ ਪ੍ਰਬੰਧ ਕੀਤਾ ਜਾਵੇ, ਛਾਂਟੀ ਕੀਤੇ ਗਏ ਕਾਮੇ ਨੂੰ ਮੁੜ ਨੌਕਰੀ ਤੇ ਬਹਾਲ ਕੀਤਾ ਜਾਵੇ, ਕਰੋੜਾਂ ਅਰਬਾਂ ਰੁਪਿਆ ਦਾ ਪਿਆ ਪੁਰਾਣਾ ਬਕਾਇਆ ਏਰੀਅਲ ਸਾਰੇ ਹੀ ਕਾਮਿਆਂ ਨੂੰ ਜਾਰੀ ਕੀਤਾ ਜਾਵੇ ਅਤੇ ਹੋਰ ਮੰਗ ਪੱਤਰ ਵਿਚ ਦਰਜ ਪਈਆਂ ਮੰਗਾਂ ਤੇ ਚਰਚਾ ਹੋਈ। ਜਿਸ ਵਿੱਚ ਬਿਜਲੀ ਮੰਤਰੀ ਵੱਲੋਂ ਮੰਗਾਂ ਨੂੰ ਹੱਲ ਕਰਨ ਦਾ ਦੁਆਰਾ ਫੇਰ ਭਰੋਸਾ ਦਿੱਤਾ ਠੇਕਾ ਕਾਮਿਆਂ ਦੀ ਜਥੇਬੰਦੀ ਵੱਲੋਂ ਬਿਜਲੀ ਮੰਤਰੀ ਨੂੰ ਬਾਹਰੋਂ ਭਰਤੀ ਤੇ ਰੋਕ ਲਗਾਉਣ ਅਤੇ ਪਹਿਲਾਂ ਉਨ੍ਹਾਂ ਪੋਸਟਾਂ 'ਤੇ ਕੰਮ ਕਰਦੇ ਠੇਕਾ ਕਾਮਿਆਂ ਨੂੰ ਰੈਗੂਲਰ ਕਰਨ ਦੀ ਮੰਗ ਕਿਉਂਕਿ ਸਰਕਾਰ ਤੇ ਪਾਵਰਕੌਮ ਮੈਨੇਜਮੈਂਟ ਬਾਹਰੋਂ ਪੱਕੀ ਭਰਤੀ ਕਰਕੇ ਉਨ੍ਹਾਂ ਪੋਸਟਾਂ ਤੇ ਕੰਮ ਕਰਦੇ ਠੇਕਾ ਕਾਮਿਆਂ ਨੂੰ ਬਾਹਰ ਦਾ ਰਸਤਾ ਦਿਖਾਉਣਾ ਚਾਹੁੰਦੀ ਹੈ।
ਹੁਣ ਮੰਗਾਂ ਨੂੰ ਲੈ ਕੇ ਬਿਜਲੀ ਮੰਤਰੀ ਵੱਲੋਂ ਮਿਤੀ 11 ਨਵੰਬਰ ਨੂੰ ਏ.ਆਈ.ਜੀ ਰਾਹੀਂ ਅਤੇ ਸਾਰੇ ਹੀ ਉਪ ਮੁੱਖ ਇੰਜੀਨੀਅਰ ਨਿਗਰਾਨ ਇੰਜੀਨੀਅਰ ਰਾਹੀਂ ਮੀਟਿੰਗ ਕਰਵਾ ਕੇ ਠੇਕਾ ਕਾਮਿਆਂ ਨੂੰ ਵਿਭਾਗ ਚ ਲੈਣ ਤੇ ਵਿਚਾਰਿਆ ਜਾਵੇਗਾ ਅਤੇ ਹੋਰ ਮੰਗਾਂ ਜਿਵੇਂ ਕਰੰਟ ਦੌਰਾਨ ਘਾਤਕ ਤੇ ਗੈਰ ਘਾਤਕ ਹਾਦਸਿਆਂ ਨੂੰ ਮੁਆਵਜ਼ਾ ਦੇਣ, ਛਾਂਟੀ ਕੀਤੇ ਗਏ ਕਾਮਿਆਂ ਨੂੰ ਮੁੜ ਨੌਕਰੀ ਤੇ ਬਹਾਲ ਕਰਨ, ਘੱਟੋ ਘੱਟ ਗੁਜ਼ਾਰੇ ਯੋਗ ਤਨਖ਼ਾਹ ਲਈ ਲੇਬਰ ਕਮਿਸ਼ਨਰ ਨੂੰ ਵੀ ਮੀਟਿੰਗ ਚ ਸ਼ਾਮਲ ਕਰਨ ਦਾ ਭਰੋਸਾ ਦਿੱਤਾ ਗਿਆ ਠੇਕਾ ਕਾਮਿਆਂ ਨੂੰ ਵਿਭਾਗ ਚ ਲਿਆ ਕੇ ਰੈਗੂਲਰ ਕਰਨ ਤੱਕ ਸੰਘਰਸ਼ ਜਾਰੀ ਰੱਖਣ ਦਾ ਵੀ ਜਥੇਬੰਦੀ ਵੱਲੋਂ ਫ਼ੈਸਲਾ ਕੀਤਾ।