ਸੁਧੀਰ ਸੂਰੀ ਕਤਲ ਮਾਮਲਾ: ਪ੍ਰੈਸ ਕਾਨਫਰੰਸ ਦੌਰਾਨ DGP ਗੌਰਵ ਯਾਦਵ ਨੇ ਦਿਤੀ ਤਫ਼ਸੀਲੀ ਜਾਣਕਾਰੀ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕਿਹਾ-ਸੋਸ਼ਲ ਮੀਡਿਆ 'ਤੇ ਫੈਲ ਰਹੀਆਂ ਅਫਵਾਹਾਂ 'ਤੇ ਨਾ ਕਰੋ ਯਕੀਨ 

DGP Gourav Yadav

ਚੰਡੀਗੜ੍ਹ : ਸੁਧੀਰ ਸੂਰੀ ਕਤਲ ਮਾਮਲੇ ਸਬੰਧੀ ਡੀ.ਜੀ.ਪੀ. ਗੌਰਵ ਯਾਦਵ ਨੇ ਪ੍ਰੈਸ ਕਾਨਫਰੰਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਸ ਕਤਲ ਕਰਨ ਵਾਲੇ ਵਿਅਕਤੀ ਨੂੰ ਗ੍ਰਿਫਤਾਰ ਕਰ ਮਾਮਲਾ ਦਰਜ ਕਰ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਸਾਰੇ ਮਾਮਲੇ ਪਿੱਛੇ ਕੌਣ ਹੈ ਇਸ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ।

ਡੀਜੀਪੀ ਯਾਦਵ ਨੇ ਲੋਕਾਂ ਨੂੰ ਅਮਨ ਤੇ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਸੋਸ਼ਲ ਮੀਡੀਆ ’ਤੇ ਅਫਵਾਹਾਂ ਨਾ ਫੈਲਾਈਆਂ ਜਾਣ ਤੇ ਅੰਮ੍ਰਿਤਸਰ ਵਿਚ ਸਥਿਤੀ ਪੂਰੀ ਤਰ੍ਹਾਂ ਸ਼ਾਂਤੀਪੂਰਨ ਹੈ। ਉਨ੍ਹਾਂ ਵਿਸਥਾਰ ਵਿਚ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੰਦਰ ਦੀ ਪ੍ਰਬੰਧਕੀ ਕਮੇਟੀ ਨੂੰ ਲੈ ਕੇ ਕਿਸੇ ਝਗੜੇ ਸਬੰਧੀ ਸੁਧੀਰ ਸੂਰੀ ਧਰਨੇ 'ਤੇ ਬੈਠੇ ਸਨ ਜਦੋਂ ਉਨ੍ਹਾਂ ਨੂੰ ਸੰਦੀਪ ਸੰਨੀ ਨਾਮਕ ਇੱਕ ਵਿਅਕਤੀ ਨੇ ਆਪਣੇ 32 ਬੋਰ ਦੇ ਪਿਸਤੌਲ ਨਾਲ ਗੋਲੀਆਂ ਮਾਰ ਦਿਤੀਆਂ। ਜਾਣਕਾਰੀ ਅਨੁਸਾਰ ਉਕਤ ਸੰਦੀਪ ਸੰਨੀ ਦੀ ਅੰਮ੍ਰਿਤਸਰ ਵਿਚ ਕੱਪੜੇ ਦੀ ਦੁਕਾਨ ਹੈ।

ਉਨ੍ਹਾਂ ਦੱਸਿਆ ਕਿ ਪੰਜ ਗੋਲੀਆਂ ਚੱਲਣ ਦੀ ਖਬਰ ਮਿਲੀ ਹੈ ਜਿਸ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ  ਸਮੂਹ ਪੰਜਾਬੀਆਂ ਨੂੰ ਅਪੀਲ ਕੀਤੀ ਕਿ ਅਮਨ ਸ਼ਾਂਤੀ ਬਣਾ ਕੇ ਰੱਖਣ ਅਤੇ ਅਸੀਂ ਇਕਜੁਟ ਹੋ ਕੇ ਕੰਮ ਕਰਨਾ ਹੈ।ਉਨ੍ਹਾਂ ਕਿਹਾ ਕਿ ਮੈਂ ਖੁਦ ਅੰਮ੍ਰਿਤਸਰ ਜਾ ਰਿਹਾ ਹਾਂ। ਸੋਸ਼ਲ ਮੀਡੀਆ ਤੇ ਗ਼ਲਤ ਜਾਣਕਾਰੀ ਨਾ ਪਾਉ ਕਿਉਂਕਿ ਗਲਤ ਜਾਣਕਾਰੀ ਸਾਂਝੀ ਕਰਨ ਵਾਲਿਆਂ ਵਿਰੁੱਧ ਕਾਰਵਾਈ ਹੋਵੇਗੀ। ਇਸ ਤੋਂ ਇਲਾਵਾ ਸੂਰੀ ਬਾਰੇ ਕੇਂਦਰ ਦੀ ਏਜੰਸੀਆਂ ਦੀ ਗੱਲ ਬਾਰੇ ਪੁੱਛੇ ਗਏ ਸਵਾਲਾਂ ਦਾ ਜਵਾਬ ਦਿੰਦਿਆਂ ਉਨ੍ਹਾਂ ਕਿਹਾ ਕਿ ਅਸੀਂ ਜਾਂਚ ਕਰ ਰਹੇ ਹਾਂ।