Harbhajan Singh ETO: 55 ਸੜਕਾਂ ਦੇ ਨਿਰਮਾਣ ਕਾਰਜ ਵਿਚ ਬਚਾਏ ਗਏ 72 ਕਰੋੜ ਰੁਪਏ: ਹਰਭਜਨ ਸਿੰਘ ਈਟੀਓ
ਪਾਰਦਰਸ਼ੀ ਪ੍ਰਣਾਲੀ ਸਦਕਾ ਸਰਕਾਰੀ ਖ਼ਜ਼ਾਨੇ ਨੂੰ ਲਾਭ!
Harbhajan Singh ETO News: ਪੰਜਾਬ ਦੇ ਲੋਕ ਨਿਰਮਾਣ ਅਤੇ ਬਿਜਲੀ ਮੰਤਰੀ ਹਰਭਜਨ ਸਿੰਘ ਈ.ਟੀ.ਓ. ਨੇ ਦਸਿਆ ਕਿ ਲੋਕ ਨਿਰਮਾਣ ਵਿਭਾਗ (ਪੀ.ਡਬਲਿਊ.ਡੀ.) ਵਲੋਂ ਹਾਲ ਹੀ ਵਿਚ ਸੜਕਾਂ ਦੀ ਮੁਰੰਮਤ ਲਈ ਜਾਰੀ ਕੀਤੇ ਗਏ ਟੈਂਡਰਾਂ ਵਿਚ ਵੱਡੀ ਗਿਣਤੀ ਵਿਚ ਠੇਕੇਦਾਰਾਂ ਵਲੋਂ ਹਿੱਸਾ ਲੈਣ ਦੇ ਚਲਦਿਆਂ 430 ਕਿਲੋਮੀਟਰ ਲੰਬੀਆਂ ਪਲਾਨ ਸੜਕਾਂ ਦੇ 55 ਕਾਰਜਾਂ ਨੂੰ 342 ਕਰੋੜ ਰੁਪਏ ਦੀ ਅੰਦਾਜ਼ਨ ਲਾਗਤ ਦੇ ਮੁਕਾਬਲੇ 270 ਕਰੋੜ ਰੁਪਏ ਵਿਚ ਅਲਾਟ ਕਰਕੇ 72 ਕਰੋੜ ਰੁਪਏ (ਲਗਭਗ 21 ਪ੍ਰਤੀਸ਼ਤ) ਦੀ ਬਚਤ ਕੀਤੀ ਗਈ ਹੈ।
ਇਸ ਗੱਲ ਦਾ ਪ੍ਰਗਟਾਵਾ ਕਰਦਿਆਂ ਲੋਕ ਨਿਰਮਾਣ ਮੰਤਰੀ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਗਤੀਸ਼ੀਲ ਅਗਵਾਈ ਹੇਠ ਪੰਜਾਬ ਸਰਕਾਰ ਦੀ ਪਾਰਦਰਸ਼ੀ ਅਤੇ ਕੁਸ਼ਲ ਕਾਰਜ ਪ੍ਰਣਾਲੀ ਸਦਕਾ ਠੇਕੇਦਾਰਾਂ ਵਿਚ ਵਿਸ਼ਵਾਸ਼ ਪੈਦਾ ਹੋਇਆ ਹੈ। ਉਨ੍ਹਾਂ ਕਿਹਾ ਕਿ ਹੁਣ ਇਹ ਠੇਕੇਦਾਰ ਪੂਰੀ ਤਰ੍ਹਾਂ ਸੁਚੇਤ ਹਨ ਕਿ ਉਨ੍ਹਾਂ ਨੂੰ ਕਿਸੇ ਨੂੰ ਰਿਸ਼ਵਤ ਨਹੀਂ ਦੇਣੀ ਪਵੇਗੀ ਅਤੇ ਠੇਕਾ ਸਿਰਫ਼ ਉਨ੍ਹਾਂ ਨੂੰ ਹੀ ਦਿਤਾ ਜਾਵੇਗਾ ਜੋ ਘੱਟ ਕੀਮਤ 'ਤੇ ਵੱਧ ਤੋਂ ਵੱਧ ਮਿਆਰੀ ਕੰਮ ਕਰਨਗੇ।
ਕੈਬਨਿਟ ਮੰਤਰੀ ਨੇ ਕਿਹਾ ਕਿ ਲੋਕ ਨਿਰਮਾਣ ਵਿਭਾਗ ਵਲੋਂ ਕੀਤੀ ਗਈ ਅਜਿਹੀ ਬੱਚਤ ਪੰਜਾਬ ਦੇ ਲੋਕਾਂ ਨੂੰ ਸਹੂਲਤਾਂ ਪ੍ਰਦਾਨ ਕਰਨ ਲਈ ਵਰਤੀ ਜਾਵੇਗੀ। ਉਨ੍ਹਾਂ ਕਿਹਾ ਕਿ ਲੋਕ ਨਿਰਮਾਣ ਵਿਭਾਗ ਦੇ ਅਧਿਕਾਰੀਆਂ ਨੂੰ ਵੀ ਹਦਾਇਤ ਕੀਤੀ ਗਈ ਹੈ ਕਿ ਉਹ ਸਾਰੇ ਪ੍ਰਾਜੈਕਟਾਂ ਨੂੰ ਨਿਰਧਾਰਤ ਮਾਪਦੰਡਾਂ ਦੀ ਪਾਲਣਾ ਕਰਦੇ ਹੋਏ ਸੱਭ ਤੋਂ ਘੱਟ ਲਾਗਤ 'ਤੇ ਸਮੇਂ ਸਿਰ ਮੁਕੰਮਲ ਕਰਨ।
ਬਿਜਲੀ ਅਤੇ ਲੋਕ ਨਿਰਮਾਣ ਮੰਤਰੀ ਨੇ ਕਿਹਾ ਕਿ ਸੂਬੇ ਵਿਚ ਘੱਟ ਲਾਗਤ 'ਤੇ ਮਿਆਰੀ ਬੁਨਿਆਦੀ ਢਾਂਚਾ ਬਣਾਉਣ ਲਈ ਦੋਵਾਂ ਵਿਭਾਗਾਂ ਵਲੋਂ ਕਈ ਉਪਰਾਲੇ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਬੁਨਿਆਦੀ ਢਾਂਚੇ ਦੇ ਪ੍ਰਾਜੈਕਟਾਂ ਨੂੰ ਸਮੇਂ ਸਿਰ ਅਤੇ ਅੰਦਾਜ਼ੇ ਤੋਂ ਘੱਟ ਲਾਗਤ 'ਤੇ ਮੁਕੰਮਲ ਕਰਕੇ ਕਈ ਸੌ ਕਰੋੜ ਰੁਪਏ ਦੀ ਬਚਤ ਕਰੇਗੀ ਅਤੇ ਇਸ ਬਚਤ ਰਾਸ਼ੀ ਦੀ ਵਰਤੋਂ ਸੂਬੇ ਵਿਚ ਲੋੜੀਂਦੇ ਬੁਨਿਆਦੀ ਢਾਂਚੇ ਦੇ ਵਿਕਾਸ ਲਈ ਕੀਤੀ ਜਾਵੇਗੀ।