ਵਰਲਡ ਕੱਪ ਜਿੱਤਣ ਤੋਂ ਬਾਅਦ ਹਰਮਨਪ੍ਰੀਤ ਦੇ ਮਾਤਾ ਪਿਤਾ ਪਹੁੰਚੇ ਮੋਗਾ
ਸਾਡੀ ਬੇਟੀ ਨੇ ਵਧਾਇਆ ਸਾਡਾ ਮਾਣ: ਪਿਤਾ ਹਰਿਮੰਦਰ ਸਿੰਘ
ਮੋਗਾ: ਵਿਸ਼ਵ ਕੱਪ ਜਿੱਤ ਕੇ ਇੰਡੀਆ ਮਹਿਲਾ ਕ੍ਰਿਕਟ ਟੀਮ ਨੇ ਜਿੱਥੇ ਕਿ ਦੇਸ਼ ਦਾ ਮਾਨ ਵਧਾਇਆ ਹੈ, ਉਥੇ ਹੀ ਮੋਗਾ ਦੀ ਧੀ ਹਰਮਨਪ੍ਰੀਤ ਕੌਰ ਨੇ ਆਪਣੇ ਮਾਤਾ ਪਿਤਾ ਤੇ ਮੋਗਾ ਸ਼ਹਿਰ ਦਾ ਨਾਮ ਚਮਕਾਇਆ ਹੈ। ਮੈਚ ਜਿੱਤਣ ਤੋਂ ਬਾਅਦ ਹਰਮਨਪ੍ਰੀਤ ਦੇ ਮਾਤਾ ਪਿਤਾ ਆਪਣੇ ਮੋਗਾ ਦੇ ਘਰ ਵਿਖੇ ਪਹੁੰਚੇ ਅਤੇ ਜਿੱਥੇ ਕਿ ਮੋਗਾ ਵਾਸੀਆਂ ਵੱਲੋਂ ਉਹਨਾ ਦਾ ਸਵਾਗਤ ਕੀਤਾ ਗਿਆ, ਉੱਥੇ ਹੀ ਉਹਨਾਂ ਦਾ ਮੂੰਹ ਮਿੱਠਾ ਕਰਵਾ ਕੇ ਵਧਾਈਆਂ ਦਿੱਤੀਆਂ।
ਇਸ ਮੌਕੇ ਜਾਣਕਾਰੀ ਦਿੰਦੇ ਹੋਏ ਹਰਮਨਪ੍ਰੀਤ ਦੇ ਪਿਤਾ ਅਤੇ ਮਾਤਾ ਨੇ ਕਿਹਾ ਕਿ ਸਾਨੂੰ ਸਾਡੀ ਬੇਟੀ ’ਤੇ ਮਾਣ ਹੈ ਕਿ ਉਸ ਨੇ ਸਾਡਾ ਅਤੇ ਦੇਸ਼ ਦਾ ਨਾਮ ਰੋਸ਼ਨ ਕੀਤਾ ਹੈ। ਉਹਨਾਂ ਕਿਹਾ ਕਿ ਹਰਮਨਪ੍ਰੀਤ ਬਚਪਨ ਤੋਂ ਹੀ ਮੁੰਡਿਆਂ ਦੇ ਨਾਲ ਇਕੱਲੀ ਖੇਡਦੀ ਸੀ ਅਤੇ ਉਸ ਦੀ ਮਿਹਨਤ ਰੰਗ ਲਿਆਈ। ਉਸ ਨੇ ਮਹਿਲਾ ਵਿਸ਼ਵ ਕੱਪ ਜਿੱਤ ਕੇ ਦੇਸ਼ ਦਾ ਨਾਮ ਰੋਸ਼ਨ ਕੀਤਾ। ਉਹਨਾਂ ਨੇ ਕਿਹਾ ਕਿ ਜਦੋਂ ਹਰਮਨ ਛੋਟੀ ਹੁੰਦੀ ਖੇਡਣ ਜਾਂਦੀ ਸੀ ਤਾਂ ਲੋਕਾਂ ਵੱਲੋਂ ਕਾਫੀ ਤਾਨੇ ਦਿੱਤੇ ਜਾਂਦੇ ਸੀ ਪਰੰਤੂ ਅਸੀਂ ਉਹਨਾਂ ਦੀ ਪਰਵਾਹ ਨਹੀਂ ਕੀਤੀ ਅਤੇ ਉਸ ਨੂੰ ਖੇਡਣ ਲਈ ਮੌਕਾ ਦਿੱਤਾ ਅਤੇ ਉਸੇ ਹੀ ਮਿਹਨਤ ਦੇ ਸਦਕਾ ਅੱਜ ਉਸ ਨੇ ਦੇਸ਼ ਦੇ ਵਿੱਚ ਵਿਸ਼ਵ ਕੱਪ ਜਿੱਤ ਕੇ ਮਾਣ ਹਾਸਿਲ ਕੀਤਾ।