Jasmeet Singh murder case ਦੀ ਜੱਗੂ ਭਗਵਾਨਪੁਰੀਆ ਗੈਂਗ ਨੇ ਲਈ ਜ਼ਿੰਮੇਵਾਰ
ਕਿਹਾ : ਜਸਮੀਤ ਨੇ ਮਨ੍ਹਾਂ ਕਰਨ ਦੇ ਬਾਵਜੂਦ ਲੜੀ ਸੀ ਪ੍ਰਧਾਨਗੀ ਦੀ ਚੋਣ
ਬਟਾਲਾ : ਪੰਜਾਬ ਦੇ ਬਟਾਲਾ ’ਚ ਐਤਵਾਰ ਨੂੰ ਹੋਏ ਜਸਮੀਤ ਸਿੰਘ ਕਤਲ ਕਾਂਡ ਦੀ ਜ਼ਿੰਮੇਵਾਰ ਜੱਗੂ ਭਗਵਾਨਪੁਰੀਆ ਗੈਂਗ ਨੇ ਲਈ ਹੈ। ਗੈਂਗ ਨੇ ਇਸ ਸਬੰਧੀ ਸ਼ੋਸ਼ਲ ਮੀਡੀਆ ’ਤੇ ਪਾਈ ਪੋਸਟ ’ਚ ਦਾਅਵਾ ਕੀਤਾ ਹੈ ਕਿ ਇਹ ਕਤਲ ਕਾਲਜ ਚੋਣਾਂ ਦੀ ਰੰਜਿਸ਼ ਦੇ ਚਲਦੇ ਕੀਤਾ ਗਿਆ ਹੈ।
ਜ਼ਿਕਰਯੋਗ ਹੈ ਕਿ ਬਟਾਲਾ ਦੇ ਮਾਨ ਨਗਰ ਨਿਵਾਸੀ ਜਸਮੀਤ ਸਿੰਘ (40) ਦੀ ਐਤਵਾਰ 2 ਨਵੰਬਰ ਨੂੰ ਡੇਰਾ ਬਾਬਾ ਨਾਨਕ ਰੋਡ ’ਤੇ ਦਾਣਾ ਮੰਡੀ ਦੇ ਕੋਲ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਇਸ ਪੂਰੀ ਵਾਰਦਾਤ ਨੂੰ 4 ਮੋਟਰ ਸਾਈਕਲ ਸਵਾਰਾਂ ਵੱਲੋਂ ਅੰਜ਼ਾਮ ਦਿੱਤਾ ਗਿਆ ਅਤੇ ਉਨ੍ਹਾਂ ਵੱਲੋਂ ਜਸਮੀਤ ਸਿੰਘ ’ਤੇ ਅੰਨ੍ਹੇਵਾਹ ਗੋਲੀਆਂ ਚਲਾਈਆਂ ਗਈਆਂ ਸਨ।
ਜੱਗੂ ਭਗਵਾਨਪੁਰੀਆ ਗੈਂਗ ਵੱਲੋਂ ਪਾਈ ਗਈ ਪੋਸਟ ’ਚ ਲਿਖਿਆ ਗਿਆ ਹੈ ਕਿ ਬਟਾਲਾ ਦੇ ਬੇਰਿੰਗ ਕਾਲਜ ’ਚ ਜਸਮੀਤ ਸਿੰਘ ਨੇ ਮਨ੍ਹਾਂ ਕਰਨ ਦੇ ਬਾਵਜੂਦ ਵਿਦਿਆਰਥੀ ਪ੍ਰਧਾਨ ਦੀ ਚੋਣ ਲੜੀ ਸੀ। ਗੈਂਗ ਨੇ ਆਰੋਪ ਲਗਾਇਆ ਕਿ ਜਸਮੀਤ ਘਨਸ਼ਾਮਪੁਰੀਆ ਗੈਂਗ ਦੇ ਦਮ ’ਤੇ ਪ੍ਰਧਾਨ ਬਣ ਰਿਹਾ ਸੀ ਅਤੇ ਉਸ ਨੇ ਸਾਡੇ ਭਰਾ ਜੁਗਰਾਜ ਦਾ ਚੋਣਾਂ ’ਚ ਨੁਕਸਾਨ ਕਰਵਾਇਆ ਸੀ।
ਇਸ ਕਤਲ ਦੀ ਜ਼ਿੰਮੇਵਾਰੀ ਵਾਲੀ ਪੋਸਟ ’ਚ ਹਰਵਿੰਦਰ ਦੋਧੀ, ਦੀਪਾ ਯੂ.ਐਸ.ਏ. ਅਤੇ ਅਮਨ ਘੋਟਾਵਾਲਾ ਨੇ ਕਤਲ ਦੀ ਜ਼ਿੰਮੇਵਾਰੀ ਲਈ ਹੈ। ਇਹ ਸਾਰੇ ਜੱਗੂ ਭਗਵਾਨਪੁਰੀਆ ਗੈਂਗ ਨਾਲ ਜੁੜੇ ਹੋਏ ਦੱਸੇ ਜਾ ਰਹੇ ਹਨ। ਵਾਇਰਲ ਮੈਸਜ ’ਚ ਗੈਂਗ ਨੇ ਮ੍ਰਿਤਕ ਜਸਮੀਤ ਸਿੰਘ ਨੂੰ ‘ਦੀਪ ਚੀਮਾ’ ਦੱਸਦੇ ਹੋਏ ਇਸ ਨੂੰ ਪੁਰਾਣੀ ਰੰਜ਼ਿਸ਼ ਦਾ ਨਤੀਜਾ ਦੱਸਿਆ ਹੈ। ਪੋਸਟ ’ਚ ਦਾਅਵਾ ਕੀਤਾ ਗਿਆ ਹੈ ਕਿ ਜਸਮੀਤ ਸਿੰਘ ਉਨ੍ਹਾਂ ਦੇ ਵਿਰੋਧੀ ਗੈਂਗ ‘ਗੋਪੀ ਬੱਕਰੀ’ ਦੇ ਲਈ ਕੰਮ ਕਰਦਾ ਸੀ ਅਤੇ ਉਨ੍ਹਾਂ ਦੇ ਸਮਰਥਕ ਜੁਗਰਾਜ ਨੂੰ ਕਾਲਜ ਚੋਣਾਂ ’ਚ ਨੁਕਸਾਨ ਪਹੁੰਚਾਇਆ ਸੀ।