ਖੰਨਾ ਵਿਖੇ ਫੌਜੀ ਭਰਤੀ ਰੈਲੀ 7 ਦਸੰਬਰ ਤੋਂ ਸ਼ੁਰੂ ਹੋਵੇਗੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਉਮੀਦਵਾਰਾਂ ਨੂੰ ਰੈਲੀ ਵਿੱਚ ਹਿੱਸਾ ਲੈਣ ਲਈ ਕੋਵਿਡ-19 ਮੁਕਤ/ਲੱਛਣ ਨਾ ਹੋਣ ਸਬੰਧੀ ਸਰਟੀਫਿਕੇਟ ਅਤੇ ਨੋ ਰਿਸਕ ਸਰਟੀਫਿਕੇਟ ਦੇਣਾ ਹੋਵੇਗਾ

Army recruitment Rally at Khanna to start from December 7

ਚੰਡੀਗੜ : ਕੋਵਿਡ19 ਦੇ ਮਹਾਂਮਾਰੀ ਦੇ ਮੱਦੇਨਜ਼ਰ ਅਤੇ ਸਿਹਤ ਸੁਰੱਖਿਆ ਨੂੰ ਧਿਆਨ ਵਿੱਚ ਰੱਖਦਿਆਂ, ਰੋਜ਼ਗਾਰ ਉਤਪਤੀ, ਹੁਨਰ ਵਿਕਾਸ ਤੇ ਸਿਖਲਾਈ ਵਿਭਾਗ ਅਤੇ ਜ਼ਿਲਾ ਪ੍ਰਸ਼ਾਸਨ, ਲੁਧਿਆਣਾ ਨੇ ਇੱਕ ਨਵੇਂ ਸਥਾਨ ‘ਤੇ ਫੌਜੀ ਭਰਤੀ ਰੈਲੀ ਕਰਵਾਉਣ ਲਈ ਸੈਨਾ ਅਧਿਕਾਰੀਆਂ ਨਾਲ ਤਾਲਮੇਲ ਕੀਤਾ ਹੈ। ਇਸ ਸਾਲ, ਫੌਜੀ ਭਰਤੀ ਰੈਲੀ 7 ਦਸੰਬਰ, 2020 ਤੋਂ 22 ਦਸੰਬਰ, 2020 ਤੱਕ ਏ.ਐਸ. ਕਾਲਜ ਕਲਾਲ ਮਾਜਰਾ, ਖੰਨਾ, ਲੁਧਿਆਣਾ ਵਿਖੇ ਕੀਤੀ ਜਾ ਰਹੀ ਹੈ। ਇਹ ਭਰਤੀ ਰੈਲੀ ਵਿਸ਼ੇਸ਼ ਤੌਰ ‘ਤੇ ਮੋਗਾ, ਰੂਪਨਗਰ, ਐਸ.ਏ.ਐਸ.ਨਗਰ (ਮੁਹਾਲੀ) ਅਤੇ ਲੁਧਿਆਣਾ ਜ਼ਿਲਿਆਂ ਨਾਲ ਸਬੰਧਤ ਨੌਜਵਾਨਾਂ ਲਈ ਕਰਵਾਈ ਜਾ ਰਹੀ ਹੈ।

ਭਰਤੀ ਕੈਂਪ ਨੂੰ ਢੁਕਵੇਂ ਸੁਰੱਖਿਆ ਮਾਪਦੰਡਾਂ ਨਾਲ ਸੁਚਾਰੂ ਢੰਗ ਨਾਲ ਚਲਾਉਣ ਲਈ, ਸਾਰੇ ਉਮੀਦਵਾਰਾਂ ਨੂੰ ਰੈਲੀ ਵਾਲੀ ਥਾਂ ‘ਤੇ ਰਿਪੋਰਟਿੰਗ ਤੋਂ ਪਹਿਲਾਂ ਕੋਵਿਡ-19 ਮੁਕਤ/ਲੱਛਣ ਨਾ ਹੋਣ ਸਬੰਧੀ ਸਰਟੀਫਿਕੇਟ ਅਤੇ ਨੋ ਰਿਸਕ ਸਰਟੀਫਿਕੇਟ ਦੇਣਾ ਹੋਵੇਗਾ।

ਇਸ ਪ੍ਰਕਿਰਿਆ ਨੂੰ ਉਮੀਦਵਾਰਾਂ ਲਈ ਸੁਖਾਲਾ ਬਣਾਉਣ ਵਾਸਤੇ, ਰੋਜ਼ਗਾਰ ਉਤਪਤੀ, ਹੁਨਰ ਵਿਕਾਸ ਅਤੇ ਸਿਖਲਾਈ ਵਿਭਾਗ ਨੇ ਸਬੰਧਤ ਜ਼ਿਲਿਆਂ ਦੇ ਪ੍ਰਸ਼ਾਸਨ ਨਾਲ ਤਾਲਮੇਲ ਕੀਤਾ ਹੈ। ਸਬੰਧਤ ਜ਼ਿਲਿਆਂ ਦੇ ਸਿਵਲ ਸਰਜਨ/ਮੈਡੀਕਲ ਅਫ਼ਸਰ ਇਹ ਸੁਨਿਸ਼ਚਿਤ ਕਰਨ ਕਿ ਰੈਲੀ ਵਿੱਚ ਭਾਗ ਲੈਣ ਵਾਲੇ ਉਮੀਦਵਾਰਾਂ ਨੂੰ ਪਹਿਲ ਦੇ ਅਧਾਰ ‘ਤੇ ਸਰਟੀਫਿਕੇਟ ਜਾਰੀ ਕੀਤੇ ਜਾਣ ਸਬੰਧੀ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ।

ਸਿਰਫ਼ ਉਹੀ ਉਮੀਦਵਾਰ ਰੈਲੀ ਵਿਚ ਭਾਗ ਲੈਣ ਦੇ ਯੋਗ ਹੋਣਗੇ ਜਿਹਨਾਂ ਨੇ ਆਰਮੀ ਦੇ ਵੈੱਬ ਪੋਰਟਲ ‘ਤੇ ਆਨਲਾਈਨ ਰਜਿਸਟ੍ਰੇਸ਼ਨ ਕਰਵਾਈ ਹੋਵੇਗੀ। ਉਮੀਦਵਾਰਾਂ ਨੂੰ 22 ਨਵੰਬਰ ਤੋਂ 6 ਦਸੰਬਰ, 2020 ਤੱਕ ਈ-ਮੇਲ ਰਾਹੀਂ ਭੇਜਿਆ ਗਿਆ ਦਾਖ਼ਲਾ ਕਾਰਡ ਲਿਆਉਣਾ ਲਾਜ਼ਮੀ ਹੋਵੇਗਾ। ਦਾਖਲਾ ਕਾਰਡ ‘ਤੇ ਸਮੇਂ ਅਤੇ ਸਥਾਨ ਸਬੰਧੀ ਜਾਣਕਾਰੀ ਦਿੱਤੀ ਹੋਵੇਗੀ।

ਈ.ਜੀ.ਐਸ.ਡੀ.ਟੀ. ਵਿਭਾਗ ਆਰਮਡ ਫੋਰਸਿਜ਼, ਸੈਂਟਰਲ ਆਰਮਡ ਪੈਰਾ ਮਿਲਟਰੀ ਫੋਰਸਿਜ਼ ਅਤੇ ਪੁਲਿਸ ਵਿਚ ਭਰਤੀ ਲਈ ਪੇਂਡੂ ਬੇਰੁਜ਼ਗਾਰ ਨੌਜਵਾਨਾਂ ਦੀ ਭਰਤੀ ਤੋਂ ਪਹਿਲਾਂ ਦੀ ਸਿਖਲਾਈ ਵਾਸਤੇ ਪੰਜਾਬ ਭਰ ਵਿਚ ਸੈਂਟਰ ਫਾਰ ਟ੍ਰੇਨਿੰਗ ਐਂਡ ਇੰਪਲਾਇਮੈਂਟ ਆਫ਼ ਪੰਜਾਬ ਯੂਥ (ਸੀ-ਪਾਈਟ) ਅਧੀਨ 14 ਕੈਂਪ ਚਲਾ ਰਿਹਾ ਹੈ।

ਇਹ ਰੈਲੀ ਪੰਜਾਬ ਦੇ ਨੌਜਵਾਨਾਂ ਨੂੰ ਦੇਸ਼ ਦੀ ਸੇਵਾ ਕਰਨ ਦਾ ਮੌਕਾ ਪ੍ਰਦਾਨ ਕਰੇਗੀ। ਉਮੀਦਵਾਰਾਂ ਨੂੰ ਪੂਰੇ ਉਤਸ਼ਾਹ ਨਾਲ ਰੈਲੀ ਵਿਚ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ। ਵਧੇਰੇ ਜਾਣਕਾਰੀ ਲਈ ਬਿਨੈਕਾਰ ਹੈਲਪਲਾਈਨ ਨੰਬਰ- 0161-2412123 ‘ਤੇ ਸੰਪਰਕ ਕਰ ਸਕਦੇ ਹਨ।