ਗੱਲਬਾਤ ਦੇ ਨਾਲ-ਨਾਲ ਕਿਸਾਨਾਂ ਨੂੰ ਬਦਨਾਮ ਕਰਨ ਦੀਆਂ ਸਾਜ਼ਸ਼ਾਂ ਵੀ

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਸੰਪਾਦਕੀ

ਕਿਸਾਨਾਂ ਨੂੰ ਅਤਿਵਾਦੀ ਤੇ ਇਸ ਅੰਦੋਲਨ ਨੂੰ ਖ਼ਾਲਿਸਤਾਨ ਪੱਖੀਆਂ ਦੇ ਅੰਦੋਲਨ ਵਜੋਂ ਵੀ ਪੇਸ਼ ਕੀਤਾ ਜਾ ਰਿਹਾ ਹੈ ਤਾਕਿ ਲੋਕ ਇਸ ਨਾਲ ਜੁੜਨ ਤੋਂ ਪ੍ਰਹੇਜ਼ ਕਰਨ।

Farmers Protest

ਮੁਹਾਲੀ: ਇਕ ਬਜ਼ੁਰਗ ਕਿਸਾਨ ਦੀ ਪੁਲਿਸ ਦੇ ਡੰਡੇ ਖਾਂਦਿਆਂ ਦੀ ਤਸਵੀਰ ਦੇਸ਼-ਵਿਦੇਸ਼ ਵਿਚ ਫੈਲ ਗਈ ਹੈ ਅਤੇ ਇਹ ਤਸਵੀਰ ਰਾਹੁਲ ਗਾਂਧੀ ਨੇ ਵੀ ਫ਼ੇਸਬੁਕ ਤੇ ਸਾਂਝੀ ਕਰ ਦਿਤੀ ਹੈ।। ਇਸ ਨੂੰ ਇਕ ਝੂਠੀ ਤਸਵੀਰ ਕਹਿ ਕੇ ਭਾਜਪਾ ਦੇ ਆਈ.ਟੀ. ਦੇ ਮੁਖੀ ਅਮਿਤ ਮਾਲਵੀਆ ਨੇ ਰਾਹੁਲ ਗਾਂਧੀ ਉਤੇ ਕਿਸਾਨਾਂ ਨੂੰ ਭੜਕਾਉਣ ਦਾ ਦੋਸ਼ ਲਾ ਦਿਤਾ। ਪਰ ਸ਼ਰਮਿੰਦਗੀ ਉਦੋਂ ਉਠਾਣੀ ਪਈ ਜਦ ਟਵਿਟਰ ਨੇ ਅਮਿਤ ਮਾਲਵੀਆ ਦੀ ਕਾਰਵਾਈ ਨੂੰ 'ਹੇਰਫੇਰ' ਗਰਦਾਨ ਦਿਤਾ। ਅੱਜਕਲ੍ਹ ਸੋਸ਼ਲ ਮੀਡੀਆ ਵਿਚ ਖ਼ਬਰਾਂ ਦੀ ਪੁਸ਼ਟੀ ਕੀਤੀ ਜਾਂਦੀ ਹੈ ਤੇ ਇਹ ਸਿਲਸਿਲਾ ਅਮਰੀਕੀ ਚੋਣਾਂ ਵਿਚ ਸ਼ੁਰੂ ਹੋਇਆ ਤੇ ਹਰ ਝੂਠੀ ਜਾਂ ਗ਼ਲਤ ਖ਼ਬਰ ਫੈਲਾਉਣ ਵਾਲੇ ਦੇ ਸੁਨੇਹੇ ਨੂੰ 'ਹੇਰਫੇਰ' ਵਾਲੀ ਕਹਿ ਦਿਤਾ ਜਾਂਦਾ ਹੈ। ਇਸ ਤਸਵੀਰ ਦੀ ਸੱਚਾਈ ਇਹ ਹੈ ਕਿ ਇਹ 57 ਸਾਲ ਦੇ ਕਿਸਾਨ ਸੁਖਦੇਵ ਸਿੰਘ ਹਨ ਜਿਨ੍ਹਾਂ ਕੋਲ ਸਬੂਤ ਦੇ ਤੌਰ 'ਤੇ ਸਿਰਫ਼ ਵੀਡੀਉ ਨਹੀਂ ਬਲਕਿ ਜਿਸਮ ਤੇ ਜ਼ਖ਼ਮ ਵੀ ਹਨ।

ਜੇ ਟਵਿਟਰ ਦੇ ਟੀ.ਟੀ. ਗਿੱਲ ਵਲੋਂ ਛਾਣਬੀਨ ਨਾ ਕੀਤੀ ਜਾਂਦੀ ਤਾਂ ਇਹੀ ਕਿਹਾ ਜਾਂਦਾ ਕਿ ਰਾਹੁਲ ਗਾਂਧੀ ਅਫ਼ਵਾਹਾਂ ਫੈਲਾ ਰਹੇ ਹਨ। ਕਿਸਾਨਾਂ ਦੇ ਅੰਦੋਲਨ ਦੇ ਜ਼ੋਰ ਫੜਨ ਨਾਲ ਸਰਕਾਰ ਘਬਰਾਈ ਹੋਈ ਹੈ ਤੇ ਇਸ ਨੂੰ ਕਾਂਗਰਸ ਜਾਂ ਕਮਿਊਨਿਸਟ ਪਾਰਟੀ ਦੀ ਲਗਾਈ ਗਈ ਅੱਗ ਆਖ ਕੇ ਭਾਰਤ ਦੇ ਲੋਕਾਂ ਵਿਚ ਦਰਾੜ ਪੈਦਾ ਕੀਤੀ ਜਾ ਰਹੀ ਹੈ। ਅਸਲ ਵਿਚ ਜੇ ਕਾਂਗਰਸ ਵਿਚ ਏਨਾ ਦਮ ਹੁੰਦਾ ਤਾਂ ਉਹ ਬਿਹਾਰ ਚੋਣਾਂ ਵਿਚ ਵੀ ਅਪਣੀ ਤਾਕਤ ਵਿਖਾ ਦੇਂਦੇ। ਕਿਸਾਨਾਂ ਨੂੰ ਅਤਿਵਾਦੀ ਤੇ ਇਸ ਅੰਦੋਲਨ ਨੂੰ ਖ਼ਾਲਿਸਤਾਨ ਪੱਖੀਆਂ ਦੇ ਅੰਦੋਲਨ ਵਜੋਂ ਵੀ ਪੇਸ਼ ਕੀਤਾ ਜਾ ਰਿਹਾ ਹੈ ਤਾਕਿ ਲੋਕ ਇਸ ਨਾਲ ਜੁੜਨ ਤੋਂ ਪ੍ਰਹੇਜ਼ ਕਰਨ। ਘਬਰਾਹਟ ਵਿਚ ਇਕ ਹੋਰ ਸਾਜ਼ਸ਼ ਰਚਣ ਦੀ ਕੋਸ਼ਿਸ਼ ਕੀਤੀ ਗਈ। ਬੁਧਵਾਰ ਨੂੰ ਕੁੰਡਲੀ ਵਿਚ ਪ੍ਰਬੰਧਕਾਂ ਅੰਦਰ ਚਿੰਤਾ ਧੁਖਦੀ ਵੇਖੀ ਗਈ ਕਿ ਅੱਜ ਕਿਸੇ ਏਜੰਸੀ ਵਲੋਂ ਸੈਕਸ ਵਰਕਰਾਂ ਨੂੰ ਨੌਜਵਾਨਾਂ ਕੋਲ ਉਨ੍ਹਾਂ ਨੂੰ 'ਫਸਾਉਣ' ਲਈ ਭੇਜ ਦਿਤਾ ਗਿਆ ਹੈ।

ਆਗੂਆਂ ਨੂੰ ਚਿੰਤਾ ਸੀ ਕਿ ਜੇ ਉਹ ਉਨ੍ਹਾਂ ਕੁੜੀਆਂ ਨੂੰ ਕੁੱਝ ਆਖਣਗੇ ਤਾਂ ਰੌਲਾ ਪੈ ਜਾਵੇਗਾ। ਸਾਰੇ ਨੌਜਵਾਨਾਂ ਨੂੰ ਸੁਨੇਹਾ ਭੇਜਿਆ ਗਿਆ ਕਿ ਉਹ ਚੌਕਸ ਰਹਿਣ। ਪ੍ਰਬੰਧਕਾਂ (ਕਿਸਾਨਾਂ) ਦੀ ਉਚੇਚੀ ਕੋਸ਼ਿਸ਼ ਸਦਕਾ ਬੁਧਵਾਰ ਦੀ ਰਾਤ ਨੂੰ ਹੀ ਸਾਦੇ ਕਪੜਿਆਂ ਵਿਚ ਪੁਲਿਸ ਵਾਲੇ ਹਰਿਆਣੇ ਵਾਲੇ ਪਾਸਿਉਂ ਦੋ ਬੰਦੇ ਫੜ ਲਿਆਏ ਜੋ ਕਿ ਕੁੜੀਆਂ ਦੀ ਨੌਜਵਾਨਾਂ ਨਾਲ ਗੱਲਬਾਤ ਕਰਦਿਆਂ ਦੀ ਵੀਡੀਉ ਬਣਾਉਣ ਦੀ ਵੀ ਕੋਸ਼ਿਸ਼ ਕਰ ਰਹੇ ਸਨ। ਇਹ ਵੀਡੀਉ ਜੇ ਬਣ ਜਾਂਦੀ ਤਾਂ ਇਹੀ ਆਖਿਆ ਜਾਂਦਾ ਕਿ ਅਖੌਤੀ ਸੰਘਰਸ਼ੀ ਨੌਜਵਾਨ ਸੰਘਰਸ਼ ਦੇ ਨਾਂ ਤੇ ਦਿੱਲੀ ਦੀ ਸਰਹੱਦ ਤੇ ਗੰਦੇ ਕੰਮ ਕਰ ਰਹੇ ਹਨ। ਇਹੀ ਪ੍ਰਚਾਰਿਆ ਜਾਂਦਾ ਕਿ ਇਨ੍ਹਾਂ ਕੋਲ ਵਿਦੇਸ਼ਾਂ ਤੋਂ ਪੈਸਾ ਆਉਂਦਾ ਹੈ ਤੇ ਇਹ ਹੁਣ ਅੰਦੋਲਨ ਦੀ ਆੜ ਵਿਚ ਅਯਾਸ਼ੀ ਕਰਦੇ ਹਨ। ਕੌਣ ਜਾ ਕੇ ਇਨ੍ਹਾਂ ਬਾਰੇ ਸਹੀ ਤਫ਼ਤੀਸ਼ ਕਰਦਾ ਤੇ ਸੱਚਾਈ ਜਾਣਨ ਦਾ ਯਤਨ ਕਰਦਾ?

ਜਿਨ੍ਹਾਂ ਨੂੰ ਪਹਿਲਾਂ ਹੀ ਨਸ਼ਈ, ਸ਼ਰਾਬੀ ਤੇ ਅਤਿਵਾਦੀ ਆਖਿਆ ਜਾਂਦਾ ਹੈ, ਉਨ੍ਹਾਂ ਤੇ ਹੁਣ ਅਯਾਸ਼ੀ ਦਾ ਦੋਸ਼ ਵੀ ਮੜ੍ਹ ਦਿਤਾ ਜਾਂਦਾ। ਕੋਈ ਨਹੀਂ ਇਨ੍ਹਾਂ ਗੱਲਾਂ ਨੂੰ ਸਮਝਦਾ ਕਿ ਇਹ ਖ਼ਾਲਿਸਤਾਨ ਨੂੰ ਨਹੀਂ, ਹਿੰਦੁਸਤਾਨ ਨੂੰ ਅਪਣਾ ਦੇਸ਼ ਮੰਨਦੇ ਹਨ।  ਉਨ੍ਹਾਂ ਨੇ ਜੇ ਵਖਰੇ ਹੋਣਾ ਹੁੰਦਾ ਤਾਂ ਜੋ ਲੋਕ ਸਰਹੱਦਾਂ ਤੋੜ ਸਕਦੇ ਹਨ, ਉਹ ਸਰਹੱਦਾਂ ਬਣਾ ਕੇ ਖ਼ਾਲਿਸਤਾਨ ਦਾ ਐਲਾਨ ਵੀ ਕਰ ਸਕਦੇ ਹਨ। ਪਰ ਉਹ ਉਸ ਸਰਕਾਰ ਕੋਲ ਫ਼ਰਿਆਦੀ ਬਣ ਕੇ ਆਏ ਸਨ ਜਿਸ ਨੂੰ ਉਹ ਅਪਣੇ ਦੇਸ਼ ਦੀ ਸਰਕਾਰ ਮੰਨਦੇ ਹਨ ਤੇ ਇਸੇ ਲਈ ਇਥੇ ਅਪਣੇ ਹੱਕ ਮੰਗਣ ਆਏ ਸਨ। ਉਹ ਲੜਾਈ ਕਰਨ ਲਈ ਨਹੀਂ ਸਨ ਆਏ, ਗੱਲਬਾਤ ਰਾਹੀਂ ਅਪਣਾ ਪੱਖ ਪੇਸ਼ ਕਰਨ ਆਏ ਹਨ।

ਕਿਸਾਨ ਬੜੇ ਸਿੱਧੇ ਸਾਦੇ ਹਨ ਪਰ ਉਹ ਰਾਜਸੀ ਲੋਕਾਂ ਦੀਆਂ ਚਲਾਕੀਆਂ ਨੂੰ ਵੀ ਸਮਝਦੇ ਹਨ। ਉਹ ਇਸ ਲੜਾਈ ਵਾਸਤੇ ਸਿਰਫ਼ ਹੌਸਲਾ ਜਾਂ ਰਾਸ਼ਨ ਨਹੀਂ, ਬਲਕਿ ਸਿਆਣਪ ਵੀ ਲੈ ਕੇ ਆਏ ਹਨ। ਉਹ ਇਸ ਗੱਲੋਂ ਸੁਚੇਤ ਹਨ ਕਿ ਕੋਈ ਵੀ ਉਨ੍ਹਾਂ ਦੇ ਟੀਚੇ ਨੂੰ ਕਮਜ਼ੋਰ ਨਾ ਕਰ ਸਕੇ। ਸਰਕਾਰਾਂ ਨੂੰ ਗ਼ਲਤ ਤੌਰ ਤਰੀਕਾ ਇਸਤੇਮਾਲ ਕਰਨ ਦੀ ਜਿਹੜੀ ਆਦਤ ਪਈ ਹੋਈ ਹੈ, ਉਹ ਕਿਸਾਨ ਵੀ ਵੇਖਣ ਤੇ ਆਮ ਲੋਕ ਵੀ ਵੇਖਣ। ਲੋਕਤੰਤਰ ਵਿਚ ਹੱਕ ਤਾਂ ਸਾਰੇ ਮੰਗਦੇ ਹਨ ਪਰ ਸੁਚੇਤ ਰਹਿ ਕੇ, ਹੱਕ ਦੇਣੋਂ ਨਾਂਹ ਕਰ ਰਹੀ ਸਰਕਾਰ ਨੂੰ ਕਿਵੇਂ ਅਪਣੇ ਹੱਕਾਂ ਤੋਂ ਜਾਣੂ ਕਰਵਾਉਣਾ ਹੈ, ਇਸ ਬਾਰੇ ਕਿਸਾਨਾਂ ਨੇ ਬੜਾ ਸਪੱਸ਼ਟ ਸੁਨੇਹਾ ਦਿਤਾ ਹੈ।                                                                                                                                                                           ਨਿਮਰਤ ਕੌਰ