ਹੁਣ ਪੰਜਾਬ ਦੇ ਹਸਪਤਾਲ ਹੋ ਸਕਦੇ ਨੇ ਖਾਲੀ, ਕਿਸਾਨ ਸੰਘਰਸ਼ ਲਈ ਦਿੱਲੀ ਰਵਾਨਾ ਹੋਏ ਡਾਕਟਰ
ਮਾਨਸਾ ਦੇ ਸਰਕਾਰੀ ਡਾਕਟਰਾਂ ਨੇ ਛੁੱਟੀ ਲੈ ਕੇ ਦਿੱਲੀ ਦੇ ਕਿਸਾਨਾਂ ਦਾ ਸਮਰਥਨ ਕਰਨ ਦਾ ਐਲਾਨ ਕੀਤਾ ਹੈ।
ਮਾਨਸਾ: ਖੇਤੀਬਾੜੀ ਕਾਨੂੰਨ ਨੂੰ ਰੱਦ ਕਰਨ ਲਈ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਧਰਨੇ ਪ੍ਰਦਰਸ਼ਨ ਕਰ ਰਹੀ ਹੈ। ਉੱਥੇ ਦੂਜੇ ਪਾਸੇ ਕਿਸਾਨਾਂ ਨੂੰ ਦੇਸ਼ ਦੇ ਹਰ ਕੋਨੇ ਤੋਂ ਹਰ ਕਿੱਤੇ ਨਾਲ ਸਬੰਧਤ ਲੋਕਾਂ ਦਾ ਸਾਥ ਮਿਲ ਰਿਹਾ ਹੈ। ਅਜਿਹੇ ‘ਚ ਹੁਣ ਕਿਸਾਨਾਂ ਦਾ ਸਾਥ ਦੇਣ ਲਈ ਸਰਕਾਰੀ ਡਾਕਟਰਾਂ ਵੀ ਅੱਗੇ ਆਏ ਹਨ। ਦੱਸ ਦੇਈਏ ਕਿ ਮਾਨਸਾ ਦੇ ਸਰਕਾਰੀ ਹਸਪਤਾਲ ਦੇ ਡਾਕਟਰਾਂ ਨੇ ਛੁੱਟੀਆਂ ਲੈ ਕੇ ਕਿਸਾਨਾਂ ਦੇ ਸਮਰਥਨ ਵਿੱਚ ਦਿੱਲੀ ਜਾਣ ਦਾ ਫੈਸਲਾ ਕੀਤਾ ਹੈ। ਜਿੱਥੇ ਉਹ ਕਿਸਾਨਾਂ ਨੂੰ ਮੁਫਤ ਦਵਾਈਆਂ ਤੇ ਸਿਹਤ ਸਹੂਲਤਾਂ ਦੇਣਗੇ।
ਹੁਣ ਮਾਨਸਾ ਦੇ ਸਰਕਾਰੀ ਡਾਕਟਰਾਂ ਨੇ ਛੁੱਟੀ ਲੈ ਕੇ ਦਿੱਲੀ ਦੇ ਕਿਸਾਨਾਂ ਦਾ ਸਮਰਥਨ ਕਰਨ ਦਾ ਐਲਾਨ ਕੀਤਾ ਹੈ। ਇਸ ਦੌਰਾਨ ਡਾਕਟਰਾਂ ਦਾ ਪੰਜ ਮੈਂਬਰੀ ਸਮੂਹ ਬਾਰਡਰ ‘ਤੇ ਤਿੰਨ ਰੋਜ਼ਾ ਮੁਫਤ ਮੈਡੀਕਲ ਕੈਂਪ ਲਾਏਗਾ। ਸਮਰਥਨ ਦੇਣ ਲਈ ਦਿੱਲੀ ਜਾਂਦੇ ਹੋਏ ਡਾ. ਅਰਸ਼ਦੀਪ ਸਿੰਘ ਤੇ ਡਾ. ਵਿਸ਼ਵਦੀਪ ਸਿੰਘ ਨੇ ਕਿਹਾ ਕਿ ਉਹ ਖੇਤੀ ਨਾਲ ਸਬੰਧਤ ਤਾਂ ਨਹੀਂ ਪਰ ਸਾਨੂੰ ਇਸ ਕਿੱਤੇ ਤੋਂ ਹੀ ਰੋਟੀ ਮਿਲਦੀ ਹੈ।
ਜੇਕਰ ਕਿਸਾਨ ਨਾਖੁਸ਼ ਹੈ ਤੇ ਸਾਨੂੰ ਉਨ੍ਹਾਂ ਦੇ ਹੱਕ ਦੀ ਲੜਾਈ ‘ਚ ਹਿੱਸਾ ਲੈਣ ਦੀ ਜ਼ਰੂਰਤ ਹੈ। ਇਸੇ ਲਈ ਉਹ ਦਫ਼ਤਰ ਤੋਂ ਛੁੱਟੀ ਲੈ ਕੇ ਦਿੱਲੀ ਵਿੱਚ ਮੁਫਤ ਮੈਡੀਕਲ ਕੈਂਪ ਲਗਾ ਕੇ ਤੇ ਕਿਸਾਨ ਨੂੰ ਮੁਫਤ ਦਵਾਈਆਂ ਦੇ ਕੇ ਮਦਦ ਕਰਨਗੇ। ਦੂਸਰੇ ਪਾਸੇ ਡਾਕਟਰਾਂ ਨੂੰ ਰਵਾਨਾ ਕਰਨ ਲਈ ਪਹੂੰਚੇ ਪੰਜਾਬ ਕਿਸਾਨ ਯੂਨੀਅਨ ਦੇ ਆਗੂਆ ਨੇ ਦੱਸਿਆ ਕਿ ਇਹ ਲੜਾਈ ਹੁਣ ਇਕੱਲੇ ਕਿਸਾਨ ਦੀ ਨਹੀਂ ਸਗੋਂ ਹਰ ਵਰਗ ਦੀ ਬਣ ਚੁੱਕੀ ਹੈ। ਜਿਸ ਕਰਕੇ ਹੁਣ ਸਾਰੇ ਤਬਕੇ ਦੇ ਲੋਕ ਦਿੱਲੀ ਜਾਣ ਲਈ ਤਿਆਰ ਹੋ ਰਹੇ ਹਨ। ਅਸੀ ਹੋਰ ਵੀ ਲੋਕਾਂ ਨੂੰ ਲਾਮਬੰਦ ਕਰ ਰਹੇ ਹਾਂ ਆਉਣ ਵਾਲੇ ਸਮੇਂ ਵਿੱਚ ਬਹੁਤ ਲੋਕ ਦਿੱਲੀ ਧਰਨੇ ਵਿੱਚ ਸ਼ਾਮਿਲ ਹੋਣਗੇ।