ਐਮਡੀਐਚ ਦੇ ਮਾਲਕ ਧਰਮਪਾਲ ਗੁਲਾਟੀ ਦਾ 98 ਸਾਲ ਦੀ ਉਮਰ 'ਚ ਦੇਹਾਂਤ
ਐਮਡੀਐਚ ਦੇ ਮਾਲਕ ਧਰਮਪਾਲ ਗੁਲਾਟੀ ਦਾ 98 ਸਾਲ ਦੀ ਉਮਰ 'ਚ ਦੇਹਾਂਤ
ਨਵੀਂ ਦਿੱਲੀ, 3 ਦਸੰਬਰ: ਮਹਾਸ਼ਿਆ ਧਰਮਪਾਲ ਗੁਲਾਟੀ (ਐਮਡੀਐਚ) ਦੇ ਮਾਲਕ, ਜੋ ਕਿ ਮਸਾਲਾ ਕਿੰਗ ਵਜੋਂ ਜਾਣੇ ਜਾਂਦੇ ਸਨ, ਦੀ 98 ਸਾਲ ਦੀ ਉਮਰ ਵਿਚ ਵੀਰਵਾਰ ਨੂੰ ਦਿੱਲੀ ਵਿਚ ਮੌਤ ਹੋ ਗਈ। ਦਸਿਆ ਜਾ ਰਿਹਾ ਹੈ ਕਿ ਧਰਮਪਾਲ ਗੁਲਾਟੀ ਨੇ 3 ਦਸੰਬਰ ਨੂੰ ਸਵੇਰੇ 6 ਵਜੇ ਦਿੱਲੀ ਦੇ ਮਾਤਾ ਚੰਦਨ ਦੇਵੀ ਹਸਪਤਾਲ ਵਿਚ ਆਖ਼ਰੀ ਸਾਹ ਲਏ। ਪਾਕਿਸਤਾਨ ਤੋਂ ਭਾਰਤ ਆਏ ਸਨ: ਮਹਾਸ਼ਿਆ ਧਰਮਪਾਲ ਗੁਲਾਟੀ ਦਾ ਜਨਮ 27 ਮਾਰਚ 1923 ਨੂੰ ਪਾਕਿਸਤਾਨ ਦੇ ਸਿਆਲਕੋਟ ਵਿਚ ਹੋਇਆ ਸੀ ਅਤੇ ਇਥੋਂ ਹੀ ਉਹਨਾਂ ਦੇ ਕਾਰੋਬਾਰ ਦੀ ਸਥਾਪਨਾ ਹੋਈ ਸੀ। ਕੰਪਨੀ ਦੀ ਸ਼ੁਰੂਆਤ ਸ਼ਹਿਰ ਦੀ ਇਕ ਛੋਟੀ ਜਿਹੀ ਦੁਕਾਨ ਨਾਲ ਹੋਈ ਸੀ ਜਿਸ ਨੂੰ ਉਹਨਾਂ ਦੇ ਪਿਤਾ ਨੇ ਵੰਡ ਤੋਂ ਪਹਿਲਾਂ ਸ਼ੁਰੂ ਕੀਤਾ ਸੀ। ਹਾਲਾਂਕਿ, 1947 ਵਿਚ ਦੇਸ਼ ਦੀ ਵੰਡ ਵੇਲੇ, ਉਸ ਦਾ ਪਰਵਾਰ ਦਿੱਲੀ ਆ ਗਿਆ ਸੀ। ਪਦਮਵਿਭੂਸ਼ਣ ਨਾਲ ਹੋ ਚੁੱਕੇ ਹਨ ਸਨਮਾਨਤ: ਪਿਛਲੇ ਸਾਲ, ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਭੋਜਨ ਪ੍ਰਾਸੈਸਿੰਗ ਦੇ ਖੇਤਰ ਵਿਚ ਸ਼ਾਨਦਾਰ ਯੋਗਦਾਨ ਲਈ ਮਹਾਸ਼ਿਆ ਧਰਮਪਾਲ ਗੁਲਾਟੀ ਨੂੰ ਪਦਮ ਵਿਭੂਸ਼ਣ ਨਾਲ ਸਨਮਾਨਤ ਕੀਤਾ ਸੀ। (ਸਸਸ)