ਵਾਹਗਾ-ਅਟਾਰੀ ਵਪਾਰ ਸ਼ਾਂਤਮਈ ਸਬੰਧਾਂ ਲਈ ਅਹਿਮ : ਮਨਪ੍ਰੀਤ ਸਿੰਘ ਬਾਦਲ

ਏਜੰਸੀ

ਖ਼ਬਰਾਂ, ਪੰਜਾਬ

ਵਾਹਗਾ-ਅਟਾਰੀ ਵਪਾਰ ਸ਼ਾਂਤਮਈ ਸਬੰਧਾਂ ਲਈ ਅਹਿਮ : ਮਨਪ੍ਰੀਤ ਸਿੰਘ ਬਾਦਲ

image

ਵਪਾਰ ਦੀ ਬਹਾਲੀ ਦਾ ਮਾਮਲਾ ਕੇਂਦਰ ਸਰਕਾਰ ਕੋਲ ਚੁਕਾਂਗਾ
 

ਚੰਡੀਗੜ੍ਹ, 3 ਦਸੰਬਰ (ਸਪੋਕਸਮੈਨ ਸਮਾਚਾਰ ਸੇਵਾ) : ਕੌਮਾਂਤਰੀ ਵਾਹਗਾ-ਅਟਾਰੀ ਵਪਾਰਕ ਰਸਤਾ ਭਾਰਤ ਅਤੇ ਪਾਕਿਸਤਾਨ ਦਰਮਿਆਨ ਮਹਿਜ਼ ਇਕ ਸੜਕ ਹੀ ਨਹੀਂ ਹੈ ਬਲਕਿ ਦੋਵੇਂ ਗੁਆਂਢੀ ਮੁਲਕਾਂ ਦਰਮਿਆਲ ਸ਼ਾਂਤੀਪੂਰਨ ਸਬੰਧਾਂ ਅਤੇ ਖ਼ੁਸ਼ਹਾਲੀ ਲਈ ਬੇਹੱਦ ਮਹੱਤਵਪੂਰਨ ਹੈ।
ਕੇਂਦਰੀ ਏਸ਼ੀਆ ਤਕ ਇਸ ਦੀ ਪਹੁੰਚ ਪੰਜਾਬੀਆਂ ਦੀ ਆਰਥਕ ਤੇ ਸਮਾਜਕ ਉੱਨਤੀ ਲਈ ਅਹਿਮ ਹੈ। ਇਹ ਪ੍ਰਗਟਾਵਾ ਵਿੱਤ ਮੰਤਰੀ ਸ. ਮਨਪੀ੍ਰਤ ਸਿੰਘ ਬਾਦਲ ਨੇ ਇਥੇ ਅਪਣੀ ਸਰਕਾਰੀ ਰਿਹਾਇਸ਼ ਉਤੇ ''ਯੂਨੀਲੈਟਰਲ ਡਿਸੀਜ਼ਨਜ਼ ਬਾਈਲੈਟਰਲ ਲੌਸਿਜ਼” ਪੁਸਤਕ ਰਿਲੀਜ਼ ਕਰਨ ਮੌਕੇ ਕੀਤਾ।
ਨਵੀਂ ਦਿੱਲੀ ਆਧਾਰਤ ਖ਼ੋਜ ਅਤੇ ਨੀਤੀ ਮਾਹਰ ਸੰਸਥਾ ਬਿਊਰੋ ਆਫ਼ ਰੀਸਰਚ ਆਨ ਇੰਡਸਟਰੀ ਐਂਡ ਇਕਨਾਮਿਕ ਫ਼ੰਡਾਮੈਂਟਲਜ਼ (ਬੀ.ਆਰ.ਆਈ.ਈ.ਐਫ.) ਦੇ ਡਾਇਰੈਕਟਰ ਅਫ਼ਾਕ ਹੁਸੈਨ ਅਤੇ ਐਸੋਸੀਏਟ ਡਾਇਰੈਕਟਰ ਨਿਕਿਤਾ ਸਿੰਗਲਾ ਵਲੋਂ ਲਿਖੀ ਇਸ ਪੁਸਤਕ ਵਿਚ ਅੰਤਰਰਾਸ਼ਟਰੀ ਵਪਾਰ ਘਾਟੇ ਨੂੰ ਘਟਾਉਣ ਲਈ ਦਰਸਾਏ ਨੁਕਤਿਆਂ ਬਾਰੇ ਜਾਣਕਾਰੀ ਦਿੰਦਿਆਂ ਸ. ਮਨਪ੍ਰੀਤ ਸਿੰਘ ਬਾਦਲ ਨੇ ਗੁਆਂਢੀ ਮੁਲਕਾਂ ਨਾਲ ਵਪਾਰਕ ਸਬੰਧਾਂ ਦੀ ਮੌਜੂਦਾ ਸਥਿਤੀ 'ਤੇ ਚਿੰਤਾ ਜ਼ਾਹਰ ਕੀਤੀ। ਵਿੱਤ ਮੰਤਰੀ ਨੇ ਕਿਹਾ, ''ਮੈਂ ਪੰਜਾਬ ਸਰਕਾਰ ਵਲੋਂ ਭਾਰਤ ਸਰਕਾਰ ਕੋਲ ਵਾਹਗਾ-ਅਟਾਰੀ ਵਪਾਰ ਦੀ ਬਹਾਲੀ ਦੇ ਮਾਮਲੇ ਦੀ ਪੈਰਵੀ ਕਰਾਂਗਾ।” ਉਨ੍ਹਾਂ ਕਿਹਾ ਕਿ ਪੰਜਾਬ ਵਿਚ ਵਪਾਰ ਦੀਆਂ ਅਥਾਹ ਸੰਭਾਵਨਾਵਾਂ ਹਨ।
ਗ਼ੌਰਤਲਬ ਹੈ ਕਿ ਫ਼ਰਵਰੀ 2019 ਤੋਂ, ਜੰਮੂ-ਕਸ਼ਮੀਰ ਦੇ ਜ਼ਿਲ੍ਹਾ ਪੁਲਵਾਮਾ ਵਿਚ ਅਤਿਵਾਦੀ ਹਮਲੇ ਤੋਂ ਬਾਅਦ ਭਾਰਤ-ਪਾਕਿਸਤਾਨ ਦੇ ਸਬੰਧਾਂ ਵਿਚ ਖਟਾਸ ਆਈ ਹੈ। 1996 ਤੋਂ ਪਾਕਿਸਤਾਨ ਨੂੰ ਵਪਾਰ ਲਈ ਸੱਭ ਤੋਂ ਪਸੰਦੀਦਾ ਦੇਸ਼ (ਮੋਸਟ ਫੇਵਰਡ ਨੇਸ਼ਨ) ਦੇ ਦਿਤੇ ਦਰਜੇ ਨੂੰ ਭਾਰਤ ਸਰਕਾਰ ਨੇ ਵਾਪਸ ਲੈਣ ਦਾ ਫ਼ੈਸਲਾ ਕੀਤਾ।    

ਕੈਪਸ਼ਨ- ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ''ਯੂਨੀਲੈਟਰਲ ਡਿਸੀਜ਼ਨਜ਼ ਬਾਈਲੈਟਰਲ ਲੌਸਿਜ਼” ਪੁਸਤਕ ਰਿਲੀਜ਼ ਕਰਦੇ ਹੋਏ। ਉਨ੍ਹਾਂ ਨਾਲ ਇਸ ਪੁਸਤਕ ਦੀ ਲੇਖਿਕਾ ਨਿਕਿਤਾ ਸਿੰਗਲਾ ਵੀ ਨਜ਼ਰ ਆ ਰਹੇ ਹਨ।