ਚੰਡੀਗੜ੍ਹ, 3 ਦਸੰਬਰ (ਗੁਰਉਪਦੇਸ਼ ਭੁੱਲਰ) : ਚੋਣਾਂ ਨੇੜੇ ਆਉਂਦਿਆਂ ਹੀ ਤਿੰਨੇ ਖੇਤੀ ਕਾਨੂੰਨ ਰੱਦ ਹੋਣ ਬਾਅਦ ਪੰਜਾਬ ਦੀ ਸਿਆਸੀ ਸਥਿਤੀ ਇਕਦਮ ਬਦਲ ਗਈ ਹੈ। ਪਹਿਲਾਂ ਹੀ ਲਾਏ ਜਾ ਰਹੇ ਅਨੁਮਾਨਾਂ ਅਨੁਸਾਰ ਬਾਦਲ ਦਲ ਦਾ ਸਾਥ ਪ੍ਰਮੁੱਖ ਆਗੂਆਂ ਨੇ ਛੱਡਣਾ ਸ਼ਰੂ ਕਰ ਦਿਤਾ ਹੈ।
ਕਾਂਗਰਸ ਅੰਦਰ ਵੀ ਕਾਫ਼ੀ ਹਿੱਲ-ਜੁਲ ਦੀ ਸਥਿਤੀ ਹੈ ਤੇ ਆਉਣ ਵਾਲੇ ਦਿਨਾਂ ’ਚ ਭਾਜਪਾ ਦੇ ਸਹਾਰੇ ਨਾਲ ਕੈਪਟਨ ਦੀ ਪਾਰਟੀ ਦਲ ਬਦਲੀਆਂ ਨਾਲ ਮਜ਼ਬੂਤੀ ਫੜ ਸਕਦੀ ਹੈ। ਜ਼ਿਕਰਯੋਗ ਹੈ ਕਿ ਅੱਜ ਰੋਜ਼ਾਨਾ ਸਪੋਕਸਮੈਨ ਨੇ ਪਹਿਲੇ ਪੰਨੇ ’ਤੇ ਸੂਤਰਾਂ ਦੇ ਹਵਾਲੇ ਨਾਲ ਪ੍ਰਮੁੱਖ ਰੂਪ ’ਚ ਖ਼ਬਰ ਛਾਪੀ ਸੀ, ਜੋ ਸਹੀ ਨਿਕਲੀ ਹੈ। ਬਾਦਲ ਦਲ ਦੀ ਬੇੜੀ ’ਚੋਂ ਪ੍ਰਮੁੱਖ ਆਗੂਆਂ ਨੇ ਛਾਲਾਂ ਮਾਰਨੀਆਂ ਸ਼ਰੂ ਕਰ ਦਿਤੀਆਂ ਹਨ ਜੋ ਇਸ ’ਚ ਅਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਨਹੀਂ ਕਰ ਰਹੇ। ਵੱਡੀ ਖ਼ਬਰ ਇਹ ਹੈ ਕਿ ਅੱਜ ਬਾਦਲ ਦਲ ਨਾਲ ਸਬੰਧਤ ਤਿੰਨ ਪ੍ਰਮੁੱਖ ਆਗੂਆਂ ਨੇ ਇਕੋ ਹੀ ਦਿਨ ’ਚ ਭਾਜਪਾ ਵਿਚ ਪੈਰ ਧਰਿਆ ਹੈ। ਮਨਜਿੰਦਰ ਸਿਰਸਾ ਪਾਰਟੀ ਛੱਡ ਕੇ ਭਾਜਪਾ ਦੀ ਗੋਦੀ ’ਚ ਜਾ ਬੈਠੇ ਹਨ। ਹੁਣ ਅਗਲੇ ਦਿਨਾਂ ’ਚ ਇਹ ਕਤਾਰ ਹੋਰ ਲੰਮੀ ਹੁੰਦੀ ਦਿਸੇਗੀ।
ਅੱਜ ਜਿਹੜੇ ਪ੍ਰਮੁੱਖ ਅਕਾਲੀ ਆਗੂ ਨਵੀਂ ਦਿੱਲੀ ਪਹੁੰਚੇ ਕੇ ਜ.ਪੀ. ਨੱਡਾ ਤੇ ਹੋਰ ਪ੍ਰਮੁੱਖ ਆਗੂਆਂ ਦੀ ਮੌਜੂਦਗੀ ’ਚ ਭਾਜਪਾ ਵਿਚ ਸ਼ਾਮਲ ਹਏ ਹਨ, ਉਨ੍ਹਾਂ ’ਚ ਜਲੰਧਰ ਜ਼ਿਲ੍ਹੇ ਨਾਲ ਸਬੰਧਤ ਸਰਬਜੀਤ ਸਿੰਘ ਮੱਕੜ, ਫ਼ਿਰੋਜ਼ਪੁਰ ਜ਼ਿਲ੍ਹੇ ਨਾਲ ਸਬੰਧਤ ਸਵ. ਹਰੀ ਸਿੰਘ ਜ਼ੀਰਾ ਦੇ ਪ੍ਰਵਾਰ ’ਚੋਂ ਅਵਤਾਰ ਸਿੰਘ ਜ਼ੀਰਾ ਅਤੇ ਜ਼ਿਲ੍ਹਾ ਫਹਿਗੜ੍ਹ ਸਾਹਿਬ ਨਾਲ ਸਬੰਧਤ ਪ੍ਰਮੁੱਖ ਅਕਾਲੀ ਆਗੂ ਹੁਰਪ੍ਰੀਤ ਸਿੰਘ ਭੱਟੀ ਸ਼ਾਮਲ ਹਨ। ਮੱਕੜ ਅਕਾਲੀ ਦਲ ਦੇ ਜਨਰਲ ਸਕੱਤਰ ਸਨ ਤੇ ਭੱਟੀ ਖੰਨਾ ਹਲਕੇ ਤੋਂ ਚੋਣ ਵੀ ਲੜ ਚੁੱਕੇ ਹਨ। ਅਵਤਾਰ ਸਿੰਘ ਜ਼ੀਰਾ ਸਵ. ਹਰੀ ਸਿੰਘ ਜ਼ੀਰਾ ਦੀ ਮੌਤ ਬਾਅਦ ਟਿਕਟ ਦੇ ਦਾਅਵੇਦਾਰ ਸਨ ਜੋ ਸਾਬਕਾ ਮੰਤਰੀ ਜਨਮੇਜਾ ਸਿੰਘ ਸੇਖੋਂ ਨੂੰ ਦੇ ਦਿਤੀ ਗਈ।
ਅੱਜ ਪੰਜਾਬ ਦੇ ਸਾਬਕਾ ਡੀ.ਜੀ.ਪੀ ਐਸ.ਐਸ ਵਿਰਕ ਵੀ ਭਾਜਪਾ ’ਚ ਸ਼ਾਮਲ ਹੋਏ ਹਨ। ਭਾਵੇਂ ਉਹ ਕੈਪਟਨ ਦੇ ਕਾਫ਼ੀ ਨਜ਼ਦੀਕੀ ਮੰਨੇ ਜਾਂਦੇ ਹਨ ਪਰ ਉਨ੍ਹਾਂ ਸਿੱਧਾ ਹੀ ਭਾਜਪਾ ’ਚ ਜਾਣਾ ਠੀਕ ਸਮਝਿਆ। 20 ਦੇ ਕਰੀਬ ਪ੍ਰਜਾਬ ਦੇ ਪ੍ਰਮੁੱਖ ਕਾਰੋਬਾਰੀ ਵੀ ਅੱਜ ਭਾਜਪਾ ’ਚ ਸ਼ਾਮਲ ਹੋਏ।
image