ਆਈਲੈਟਸ ‘ਚੋਂ ਬੈਂਡ ਘੱਟ ਆਉਣ ਕਾਰਨ 18 ਸਾਲਾ ਲੜਕੀ ਨੇ ਨਹਿਰ 'ਚ ਮਾਰੀ ਛਾਲ, ਮੌਤ
ਬੈਂਡ ਘੱਟ ਆਉਣ ਕਰਕੇ ਮ੍ਰਿਤਕ ਕਾਫੀ ਦਿਨਾਂ ਤੋਂ ਸੀ ਦਿਮਾਗੀ ਤੌਰ 'ਤੇ ਪਰੇਸ਼ਾਨ
ਪਟਿਆਲਾ: ਅੱਜ ਦੇ ਦੌਰ ਵਿੱਚ ਹਰ ਕੋਈ ਚਾਹੇ ਮੁੰਡਾ ਹੋਵੇ ਜਾਂ ਕੁੜੀ ਬਾਹਰ ਜਾ ਕੇ ਪੜਾਈ ਕਰਨਾ ਚਾਹੁੰਦੇ ਹਨ ਤੇ ਮਾਪੇ ਉਹਨਾਂ ਦੀ ਇੱਛਾ ਨੂੰ ਲੱਖਾਂ ਰੁਪਏ ਖਰਚ ਕੇ ਪੂਰਾ ਵੀ ਕਰ ਦਿੰਦੇ ਹਨ ਪਰ ਕਦੇ ਬੱਚਿਆਂ ਦੀ ਇਹ ਇੱਛਾ ਕਿਸੇ ਨਾ ਕਿਸੇ ਕਾਰਨ ਕਰਕੇ ਪੂਰੀ ਨਹੀਂ ਹੁੰਦੀ ਤੇ ਉਹ ਆਪਣੀ ਜ਼ਿੰਦਗੀ ਵਿਚ ਵੱਡਾ ਕਦਮ ਚੁੱਕ ਲੈਂਦੇ ਹਨ।
ਅਜਿਹਾ ਹੀ ਮਾਮਲਾ ਪਟਿਆਲਾ ਜ਼ਿਲ੍ਹੇ ਤੋਂ ਸਾਹਮਣੇ ਆਇਆ ਹੈ ਜਿਥੇ ਇੱਕ 18 ਸਾਲਾ ਵਿਦਿਆਰਥਣ ਨੇ ਨਹਿਰ ਵਿੱਚ ਛਾਲ ਮਾਰ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਜਾਣਕਾਰੀ ਅਨੁਸਾਰ ਆਈਲੈਟਸ ‘ਚ ਘੱਟ ਬੈਂਡ ਆਉਣ ‘ਤੇ ਵਿਦਿਆਰਥਣ ਨੇ ਇਹ ਕਦਮ ਚੁੱਕਿਆ।
ਮ੍ਰਿਤਕ ਪਟਿਆਲਾ ਦੇ ਤ੍ਰਿਪੜੀ ਟਾਊਨ ਦੀ ਰਹਿਣ ਵਾਲੀ ਹੈ। ਪੁਲਿਸ ਨੇ ਗੋਤਾਖੋਰਾਂ ਦੀ ਮਦਦ ਨਾਲ ਕੁੜੀ ਦੀ ਲਾਸ਼ ਪਿੰਡ ਪਸਿਆਣਾ ਦੀ ਨਾਜ਼ਿਕ ਨਹਿਰ ਵਿੱਚੋਂ ਬਰਾਮਦ ਕਰਕੇ ਪੋਸਟਮਾਰਟਮ ਲਈ ਸਰਕਾਰੀ ਰਾਜਿੰਦਰਾ ਹਸਪਤਾਲ ਦੀ ਮੋਰਚਰੀ ਵਿੱਚ ਰੱਖਵਾ ਦਿੱਤੀ ਹੈ।
ਮ੍ਰਿਤਕ ਦੀ ਪਛਾਣ ਕ੍ਰਿਸਪੀ (18) ਵਜੋਂ ਹੋਈ ਹੈ। ਪੁਲਿਸ ਮੁਤਾਬਕ ਕ੍ਰਿਸਪੀ ਪਿਛਲੇ ਕੁਝ ਸਮੇਂ ਤੋਂ ਆਪਣੀ ਪੜ੍ਹਾਈ ਨੂੰ ਲੈ ਕੇ ਚਿੰਤਤ ਸੀ। ਉਹ ਇਕ ਪ੍ਰਾਈਵੇਟ ਇੰਸਟੀਚਿਊਟ ਵਿਚ ਵਿਦੇਸ਼ ਜਾਣ ਲਈ ਆਈਲੈਟਸ ਦੀ ਤਿਆਰੀ ਕਰ ਰਹੀ ਸੀ।
ਪਿਛਲੇ ਦਿਨੀਂ ਉਸਦੇ ਆਈਲੈਟਸ ਵਿੱਚ ਬੈਂਡ ਘੱਟ ਆਏ ਸਨ। ਜਿਸ ਕਾਰਨ ਉਹ ਮਾਨਸਿਕ ਤਣਾਅ ਵਿੱਚ ਆ ਗਈ ਸੀ। ਇਸ ਦੌਰਾਨ ਉਹ ਘਰੋਂ ਲਾਪਤਾ ਹੋ ਗਈ। ਤਲਾਸ਼ੀ ਕਰਦੇ ਸਮੇਂ ਉਸ ਦੀ ਐਕਟਿਵਾ ਨਾਭਾ ਰੋਡ ‘ਤੇ ਨਹਿਰ ਦੇ ਕਿਨਾਰੇ ਪਈ ਮਿਲੀ ਅਤੇ ਲਾਸ਼ ਨਹਿਰ ‘ਚੋਂ ਬਰਾਮਦ ਹੋਈ।