ਕਾਂਗਰਸ ‘ਡੀਪ ਫ਼ਰੀਜ਼ਰ’ ਵਿਚ, ਵਿਰੋਧੀ ਤਾਕਤਾਂ ਚਾਹੁੰਦੀਆਂ ਹਨ ਕਿ ਮਮਤਾ ਅਗਵਾਈ ਕਰੇ : ਟੀਐਮਸੀ

ਏਜੰਸੀ

ਖ਼ਬਰਾਂ, ਪੰਜਾਬ

ਕਾਂਗਰਸ ‘ਡੀਪ ਫ਼ਰੀਜ਼ਰ’ ਵਿਚ, ਵਿਰੋਧੀ ਤਾਕਤਾਂ ਚਾਹੁੰਦੀਆਂ ਹਨ ਕਿ ਮਮਤਾ ਅਗਵਾਈ ਕਰੇ : ਟੀਐਮਸੀ

image

ਕੋਲਕਾਤਾ, 3 ਦਸੰਬਰ : ਤ੍ਰਿਣਾਮੂਲ ਕਾਂਗਰਸ (ਟੀਐਮਸੀ) ਅਤੇ ਕਾਂਗਰਸ ਵਿਚਾਲੇ ਚਲ ਰਹੀ ਜ਼ੁਬਾਨੀ ਜੰਗ ਵਿਚਾਲੇ ਪਛਮੀ ਬੰਗਾ ਵਿਚ ਸੱਤਾਧਾਰੀ ਦਲ ਨੇ ਸ਼ੁਕਰਵਾਰ ਨੂੰ ਦੇਸ਼ ਦੀ ਸੱਭ ਤੋਂ ਪੁਰਾਣੀ ਪਾਰਟੀ ’ਤੇ ਹਮਲਾ ਕਰਦੇ ਹੋਏ ਕਿਹਾ ਕਿ ਉਹ ‘ਡੀਪ ਫ਼ਰੀਜ਼ਰ’ ਵਿਚ ਚਲੀ ਗਈ ਹੈ, ਕਿਉਂਕਿ ਵਿਰੋਧੀ ਧਿਰਾਂ ਖ਼ਾਲੀਪਣ ਨੂੰ ਭਰਨ ਲਈ ਹੁਣ ਮੁੱਖ ਮੰਤਰੀ ਮਮਤਾ ਬੈਨਰਜੀ ਵਲ ਦੇਖ ਰਹੀਆਂ ਹਨ। ਕਾਂਗਰਸ ਦੇ ਅਸੰਤੁਸ਼ਟ ਆਗੂਆਂ ਨੂੰ ਅਪਣੇ ਪਾਲੇ ਵਿਚ ਲਿਆ ਰਹੀ ਟੀਐਮਸੀ ਨੇ ਅਪਣੇ ਮੁੱਖ ਪੱਤਰ ‘ਜਾਗੋ ਬਾਂਗਲਾ’ ਵਿਚ ਕਿਹਾ ਕਿ ਉਹ ਭਾਰਤੀ ਜਨਤਾ ਪਾਰਟੀ ਨਾਲ ਲੜਨ ਲਈ ਵਚਨਬੱਧ ਹੈ।
  ਕਾਂਗਰਸ ਵਿਰੁਧ ਪ੍ਰਸ਼ਾਂਤ ਕਿਸ਼ੋਰ ਦੇ ਤਾਜ਼ਾ ਟਵੀਟ ਦਾ ਜ਼ਿਕਰ ਕਰਦੇ ਹੋਏ ਲੇਖ ਵਿਚ ਕਿਹਾ ਗਿਆ ਹੈ ਕਿ ਸਿਰਫ਼ ਚੋਣ ਰਣਨੀਤੀਕਾਰ ਹੀ ਨਹੀਂ, ਬਲਕਿ ਕਾਂਗਰਸ ਦੇ ਆਗੂ ਵੀ ਪਾਰਟੀ ਦੀ ਆਲੋਚਨਾ ਕਰ ਰਹੇ ਹਨ। ‘ਡੀਪ ਫ਼ਰੀਜ਼ ਵਿਚ ਕਾਂਗਰਸ’ ਸਿਰਲੇਖ ਵਾਲੇ ਲੇਖ ਵਿਚ ਕਿਹਾ ਗਿਆ ਹੈ, ‘‘ਟੀਐਮਸੀ ਲੰਮੇ ਸਮੇਂ ਤੋਂ ਇਹ ਕਹਿ ਰਹੀ ਹੈ ਕਿ ਕਾਂਗਰਸ ਇਕ ਸਮਾਪਤ ਹੋ ਚੁਕੀ ਤਾਕਤ ਹੈ। ਉਸ ਵਿਚ ਭਾਜਪਾ ਨਾਲ ਲੜਨ ਦਾ ਜਜ਼ਬਾ ਨਹੀਂ ਹੈ। ਪਾਰਟੀ ਅੰਦਰੂਨੀ ਕਲੇਸ਼ ’ਚ ਇਸ ਕਦਰ ਉਲਝੀ ਹੋਈ ਹੈ ਕਿ ਉਸ ਕੋਲ ਵਿਰੋਧੀ ਧਿਰ ਨੂੰ ਸੰਗਠਤ ਕਰਨ ਲਈ ਸ਼ਾਇਦ ਹੀ ਸਮਾਂ ਜਾਂ ਊਰਜਾ ਹੈ। ਸੰਪ੍ਰਗ (ਸੰਯੁਕਤ ਪ੍ਰਗਤੀਸ਼ੀਲ ਗਠਜੋੜ ਜਾਂ ਯੂ.ਪੀ.ਏ.) ਦਾ ਵਜੂਦ ਨਹੀਂ ਰਹਿ ਗਿਆ।’’
ਇਸ ਵਿਚ ਕਿਹਾ ਗਿਆ ਹੈ,‘‘ਦੇਸ਼ ਨੂੰ ਫਿਲਹਾਲ ਇਕ ਵਿਕਲਪ ਮੋਰਚੇ ਦੀ ਲੋੜ ਹੈ ਅਤੇ ਵਿਰੋਧੀ ਦਲਾਂ ਨੇ ਇਹ ਜ਼ਿੰਮੇਵਾਰੀ ਮਮਤਾ ਬੈਨਰਜੀ ਨੂੰ ਦਿਤੀ ਹੈ। ਉਹ ਖ਼ਾਲੀਪਣ ਨੂੰ ਭਰਨ ਲਈ ਉਸ ਵਲ ਦੇਖ ਰਹੇ ਹਨ। ਉਹ ਵਰਤਮਾਨ ਵਿਚ ਦੇਸ਼ ਵਿਚ ਸੱਭ ਤੋਂ ਪਸੰਦ ਕੀਤਾ ਜਾਣ ਵਾਲਾ ਚਿਹਰਾ ਹੈ।’’ ਯਾਦ ਰਹੇ ਕਿ ਪ੍ਰਸ਼ਾਂਤ ਕਿਸ਼ੋਰ ਨੇ ਇਕ ਦਿਨ ਪਹਿਲਾਂ ਕਾਂਗਰਸ ਦੇ ਸੀਨੀਅਰ ਆਗੂ ਰਾਹੁਲ ਗਾਂਧੀ ’ਤੇ ਫ਼ਿਕਰਾ ਕਸਦੇ ਹੋਏ ਕਿਹਾ ਸੀ ਕਿ ਕਾਂਗਰਸ ਦੀ ਅਗਵਾਈ ਕਿਸੇ ਇਕ ਵਿਅਕਤੀ ਵਿਸ਼ੇਸ਼ ਦਾ ਅਧਿਕਾਰ ਨਹੀਂ ਹੈ, ਖ਼ਾਸਕਰ ਕੇ ਜਦੋਂ ਪਾਰਟੀ ਪਿਛਲੇ 10 ਸਾਲਾਂ ਵਿਚ 90 ਫ਼ੀ ਸਦੀ ਤੋਂ ਜ਼ਿਆਦਾ ਚੋਣਾਂ ਹਾਰ ਚੁਕੀ ਹੈ।     
    (ਪੀਟੀਆਈ)