ਬਹੁਚਰਚਿਤ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਾਂਗਰਸ ’ਚ ਹੋਏ ਸ਼ਾਮਲ

ਏਜੰਸੀ

ਖ਼ਬਰਾਂ, ਪੰਜਾਬ

ਬਹੁਚਰਚਿਤ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਾਂਗਰਸ ’ਚ ਹੋਏ ਸ਼ਾਮਲ

image

ਕਾਂਗਰਸ ਆਮ ਲੋਕਾਂ ਦੀ ਪਾਰਟੀ : 

ਚੰਡੀਗੜ੍ਹ, 3 ਦਸੰਬਰ (ਗੁਰਉਪਦੇਸ਼ ਭੁੱਲਰ) : ਕਈ ਵਿਵਾਦਾਂ ’ਚ ਰਹੇ ਨੌਜਵਾਨ ਵਰਗ ’ਚ ਕੌਮਾਂਤਰੀ ਪੱਧਰ ਤਕ ਲੋਕਪ੍ਰਿਅ ਬਹੁਚਰਚਿਤ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਅੱਜ ਕਾਂਗਰਸ ਪਾਰਟੀ ਦੇ ਮੈਂਬਰ ਬਣ ਗਏ। ਉਸ ਨੇ ਅੱਜ ਸਵੇਰੇ ਇਥੇ ਪੰਜਾਬ ਭਵਨ ’ਚ ਸੂਬੇ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਦੀ ਮੌਜੂਦਗੀ ’ਚ ਕਾਂਗਰਸ ’ਚ ਸ਼ਾਮਲ ਹੋਣ ਦਾ ਐਲਾਨ ਕੀਤਾ। 
ਮਾਲਵਾ ਖੇਤਰ ਦੇ ਮਾਨਸਾ ਜ਼ਿਲ੍ਹੇ ਦੇ ਸਰਦੂਲਗੜ੍ਹ ਨੇੜੇ ਪੈਂਦੇ ਪਿੰਡ ਨਾਲ ਸਬੰਧਤ ਗਾਇਕ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲ ਨੂੰ ਕਾਂਗਰਸ ’ਚ ਲਿਆਉਣ ’ਚ ਕੈਬਨਿਟ ਮੰਤਰੀ ਰਾਜਾ ਵੜਿੰਗ ਦਾ ਅਹਿਮ ਯੋਗਦਾਨ ਦਸਿਆ ਜਾ ਰਿਹਾ ਹੈ। ਅੱਜ ਕਾਂਗਰਸ ’ਚ ਸ਼ਾਮਲ ਹੋਣ ਤੋਂ ਪਹਿਲਾਂ ਮੂਸੇਵਾਲਾ ਵੜਿੰਗ ਦੀ ਰਿਹਾਇਸ਼ ’ਤੇ ਗਏ। ਮੂਸੇਵਾਲਾ ਦੇ ਕਾਂਗਰਸ ’ਚ ਸ਼ਾਮਲ ਹੋਣ ਮੌਕੇ ਰਾਜਾ ਵੜਿੰਗ ਤੋਂ ਇਲਾਵਾ ਕੈਬਨਿਟ ਮੰਤਰੀ ਅਰੁਨਾ ਚੌਧਰੀ, ਪੰਜਾਬ ਕਾਂਗਰਸ ਇੰਚਾਰਜ ਹਰੀਸ਼ ਚੌਧਰੀ ਤੇ ਕਈ ਵਿਧਾਇਕ ਵੀ ਮੌਜੂਦ ਸਨ। 
ਸਿੱਧੂ ਮੂਸੇਵਾਲਾ ਨੂੰ ਕਾਂਗਰਸ ’ਚ  ਸ਼ਾਮਲ ਕਰਨ ਮੌਕੇ ਪ੍ਰੈੱਸ ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ ਨਵਜੋਤ ਸਿੱਧੂ ਨੇ ਕਿਹਾ ਕਿ ਨਾਮ ਬਣਾਉਣਾ ਤਾਂ ਆਸਾਨ ਹੁੰਦਾ ਹੈ ਪਰ ਨਾਮ ਕਾਇਮ ਰਖਣਾ ਮੁਸ਼ਕਲ ਹੈ ਪਰ ਮੂਸੇਵਾਲਾ ਨੇ ਇਹ ਕੀਤਾ ਹੈ। ਕੌਮਾਂਤਰੀ ਪੱਧਰ ’ਤੇ ਲਗਾਤਾਰ ਕਰੋੜਾਂ ਹੀ ਨੌਜਵਾਨਾਂ ’ਚ ਅਪਣੀ ਲੋਕਪ੍ਰਿਅਤਾ ਬਰਕਰਾਰ ਰੱਖੀ ਹੈ। ਇਸ ਦੀ ਗਾਇਕੀ ਦਾ ਨਿਵੇਕਲਾ ਹੀ ਸਟਾਈਲ ਹੈ,  ਜੋ ਨੌਜਵਾਨ ਪੀੜ੍ਹੀ ਨੂੰ ਪ੍ਰਭਾਵਤ ਕਰਦਾ ਹੈ। ਉਨ੍ਹਾਂ ਉਮੀਦ ਪ੍ਰਗਟ ਕੀਤੀ ਕਿ ਜਿਸ ਤਰ੍ਹਾਂ ਗਾਇਕੀ ’ਚ ਮੂਸੇਵਾਲਾ ਨੇ  ਪ੍ਰਸਿੱਧੀ ਹਾਸਲ ਕੀਤੀ, ਹੁਣ ਸਿਆਸੀ ਪਿੜ ’ਚ ਵੀ ਉਹੀ ਪ੍ਰਸਿੱਧੀ ਹਾਸਲ ਕਰੇਗਾ। 
ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਪੰਜਾਬ ਦੀ ਰਾਜਨੀਤੀ ’ਚ ਅੱਜ ਨਵੀਂ ਕ੍ਰਾਂਤੀ ਦਾ ਦਿਨ ਹੈ। ਛੋਟੇ ਜਿਹੇ ਸਾਧਾਰਨ ਕਿਸਾਨ ਪਰਵਾਰ ’ਚੋਂ ਉਠ ਕੇ ਇਕ ਪਿੰਡ ਤੋਂ ਕੌਮਾਂਤਰੀ ਪੱਧਰ ਤਕ ਨਾਮ ਕਮਾਇਆ ਹੈ। ‘‘ਬੋਲੇ ਨੀ ਬੰਬੀਹਾ ਬੋਲੇ’’ ਸਿੱਧੂ ਮੂਸੇਵਾਲਾ ਦਾ ਗੀਤ ਬਹੁਤ ਹੀ ਮਕਬੂਲ ਹੋਇਆ ਸੀ। ਉਨ੍ਹਾਂ ਕਿਹਾ ਕਿ ਮੂਸੇਵਾਲਾ ਨੌਜਵਾਨਾਂ ਦੀਆਂ ਭਾਵਨਾਵਾਂ ਸਮਝਦਾ ਹੈ ਤੇ ਉਸ ਦੇ ਪਿਤਾ ਫ਼ੌਜੀ ਰਹੇ ਹਨ। ਮੂਸੇਵਾਲਾ ਦਾ ਕਾਂਗਰਸ ਨੂੰ ਕਾਫ਼ੀ ਫ਼ਾਇਦਾ ਮਿਲੇਗਾ।
ਮੂਸੇਵਾਲਾ ਨੇ ਵੀ ਇਸ ਮੌਕੇ ਸੰਖੇਪ ’ਚ ਅਪਣੇ ਵਿਚਾਰ ਪੇਸ਼ ਕਰਦਿਆਂ ਕਿਹਾ ਕਿ ਕਾਂਗਰਸ ’ਚ ਉਹ ਇਸ ਲਈ ਸ਼ਾਮਲ ਹੋਇਆ ਹੈ, ਕਿਉਂਕਿ ਇਹ ਆਮ ਘਰਾਂ ਦੇ ਲੋਕਾਂ ਦੀ ਪਾਰਟੀ ਹੈ। ਇਸ ’ਚ ਰਾਜਾ ਵੜਿੰਗ ਵਰਗੇ ਨੌਜਵਾਨ ਆਗੂ ਹਨ। ਇਹ ਆਮ ਲੋਕਾਂ ਦਾ ਭਲਾ ਕਰਨ ਵਾਲੀ ਪਾਰਟੀ ਹੈ। ਉਨ੍ਹਾਂ ਕਿਹਾ ਕਿ ਭਾਵੇਂ ਮੈਨੂੰ ਸਿਆਸਤ ਦਾ ਕੋਈ ਖਾਸ ਤਜਰਬਾ ਨਹੀਂ ਪਰ ਮੈਂ ਅਪਣੀ ਸਮਰਥਾ ਮੁਤਾਬਕ ਕਾਂਗਰਸ ਲਈ ਜੀ-ਜਾਨ ਲਾ ਕੇ ਕੰਮ ਕਰਾਂਗਾ।