CM ਚੰਨੀ ਦੇ ਹਲਕੇ 'ਚ ਰਾਘਵ ਚੱਢਾ ਨੇ ਮਾਰੀ ਰੇਡ, ਰੇਤ ਮਾਫ਼ੀਆ ਨੂੰ ਲੈ ਕੇ ਕੀਤੇ ਵੱਡੇ ਖ਼ੁਲਾਸੇ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਚਮਕੌਰ ਸਾਹਿਬ 'ਚ ਰਾਘਵ ਚੱਢਾ ਵੱਲੋਂ ਕੀਤੇ ਗਏ ਵੱਡੇ ਖੁਲਾਸੇ

Photo

 

ਚਮਕੌਰ ਸਾਹਿਬ: ਪੰਜਾਬ ਵਿੱਚ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਪਾਰਟੀਆਂ ਇੱਕ ਦੂਜੇ ਨੂੰ ਘੇਰਨ ਦਾ ਕੋਈ ਮੌਕਾ ਨਹੀਂ ਛੱਡ ਰਹੀਆਂ। ਅੱਜ 'ਆਪ' ਆਗੂ ਰਾਘਵ ਚੱਢਾ ਨੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਵਿਧਾਨ ਸਭਾ ਹਲਕਾ ਚਮਕੌਰ ਸਾਹਿਬ 'ਚ ਛਾਪਾ ਮਾਰਿਆ ਜਿੱਥੇ 'ਆਪ' ਆਗੂ ਨੇ ਮਾਈਨਿੰਗ ਦਾ ਪਰਦਾਫਾਸ਼ ਕੀਤਾ। ਇਸ ਦੀਆਂ ਕੁਝ ਤਸਵੀਰਾਂ ਆਮ ਆਦਮੀ ਪਾਰਟੀ ਨੇ ਆਪਣੇ ਪੇਜ 'ਤੇ ਵੀ ਸ਼ੇਅਰ ਕੀਤੀਆਂ ਹਨ।

 

ਰਾਘਵ ਚੱਢਾ ਨੇ ਕਿਹਾ ਕਿ ਮੁੱਖ ਮੰਤਰੀ ਦੇ ਹਲਕੇ 'ਚ ਸ਼ਰੇਆਮ ਗੈਰ ਕਾਨੂੰਨੀ ਮਾਈਨਿੰਗ ਹੋ ਰਹੀ ਹੈ ਅਤੇ ਮਾਈਨਿੰਗ ਮਾਫ਼ੀਆ ਮੁੱਖ ਮੰਤਰੀ ਦੀ ਸਰਪ੍ਰਸਤੀ ਹੇਠ ਫਲ-ਫੁਲ ਰਿਹਾ ਹੈ। ਉਨ੍ਹਾਂ ਕਿਹਾ ਕਿ ਜਿਸ ਥਾਂ 'ਤੇ ਮਾਈਨਿੰਗ ਹੋ ਰਹੀ ਹੈ, ਉਹ ਥਾਂ ਜੰਗਲਾਤ ਵਿਭਾਗ ਅਧੀਨ ਆਉਂਦੀ ਹੈ।

 

ਉਨ੍ਹਾਂ ਕਿਹਾ ਕਿ ਇੱਥੋਂ ਅੰਦਾਜ਼ ਰੋਜ਼ਾਨਾ 800 ਤੋਂ 1000 ਟਿੱਪਰ ਟਰੱਕ ਭਰ ਕੇ ਲਿਜਾਏ ਜਾਂਦੇ ਹਨ ਅਤੇ ਇਕ ਟਰੱਕ 'ਚ 800 ਫੁੱਟ ਦੇ ਕਰੀਬ ਰੇਤ ਆਉਂਦੀ ਹੈ, ਜੋ ਕਿ ਬਜ਼ਾਰਾਂ 'ਚ 25 ਰੁਪਏ ਤੋਂ ਲੈ ਕੇ 40 ਰੁਪਏ ਤੱਕ ਵਿਕਦੀ ਹੈ। ਰਾਘਵ ਚੱਢਾ ਨੇ ਕਿਹਾ ਕਿ ਮੁੱਖ ਮੰਤਰੀ ਵੱਲੋਂ ਥਾਂ-ਥਾਂ ਬੋਰਡਿੰਗ ਲਾਏ ਗਏ ਹਨ ਕਿ ਉਹ ਮਾਫ਼ੀਆ ਵਾਲਿਆਂ ਦੇ ਮੁੱਖ ਮੰਤਰੀ ਨਹੀਂ ਹਨ ਪਰ ਸੱਚਾਈ ਤਾਂ ਇਹ ਹੈ ਕਿ ਮੁੱਖ ਮੰਤਰੀ ਦੀ ਨੱਕ ਹੇਠਾਂ ਸ਼ਰੇਆਮ ਮਾਈਨਿੰਗ ਦਾ ਕੰਮ ਜਾਰੀ ਹੈ।