ਇਨਸਾਨੀਅਤ ਸ਼ਰਮਸਾਰ: ਮਤਰੇਏ ਪਿਓ ਨੇ ਆਪਣੀ ਹੀ ਧੀ ਨੂੰ ਕੀਤਾ ਗਰਭਵਤੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਨਬਾਲਿਗ ਹੈ ਪੀੜਤ ਲੜਕੀ

Photo

 

ਅੰਮ੍ਰਿਤਸਰ: ਧੀਆਂ ਪਿਓ ਦਾ ਮਾਣ ਹੁੰਦੀਆਂ ਹਨ, ਧੀਆਂ ਮਾਂ ਨਾਲੋਂ ਆਪਣੇ ਪਿਤਾ ਦੇ ਜ਼ਿਆਦਾ ਕਰੀਬ ਹੁੰਦੀਆਂ ਹਨ ਪਰ ਅੱਜ ਅੰਮ੍ਰਿਤਸਰ ਦੇ ਮਜੀਠਾ ਤੋਂ ਇੱਕ ਪਿਤਾ-ਧੀ ਦੇ ਇਸ ਅਨਮੋਲ ਰਿਸ਼ਤੇ ਦਾ ਸ਼ਰਮਨਾਕ ਕਾਰਨਾਮਾ ਸਾਹਮਣੇ ਆਇਆ ਹੈ।

 

 

ਜਿੱਥੇ ਮਤਰੇਏ ਪਿਤਾ ਨੇ ਆਪਣੀ ਹੀ ਨਾਬਾਲਗ ਧੀ ਨਾਲ ਬਲਾਤਕਾਰ ਕੀਤਾ। ਜਾਣਕਾਰੀ ਅਨੁਸਾਰ 4 ਸਾਲ ਪਹਿਲਾਂ ਕਸ਼ਮੀਰ ਸਿੰਘ ਦਾ ਵਿਆਹ ਹਿਮਾਚਲ ਦੀ ਰਹਿਣ ਵਾਲੀ ਔਰਤ ਨਾਲ ਹੋਇਆ ਸੀ, ਦੱਸਿਆ ਜਾ ਰਿਹਾ ਹੈ ਕਿ ਮਹਿਲਾ ਦੀ ਪਹਿਲੇ ਵਿਆਹ ਤੋਂ ਇੱਕ ਬੇਟੀ ਵੀ ਹੈ। ਬੇਟੀ ਦੀ ਉਮਰ ਕਰੀਬ 16-17 ਸਾਲ ਹੈ।

 

ਪੀੜਤਾ ਦੀ ਮਾਂ ਨੇ ਦੱਸਿਆ ਕਿ ਉਸ ਦੇ ਦੂਜੇ ਪਤੀ ਕਸ਼ਮੀਰ ਸਿੰਘ ਨੇ ਕਿਹਾ ਸੀ ਕਿ ਉਹ ਬੱਚੀ ਨੂੰ ਆਪਣੀ ਬੇਟੀ ਦੀ ਤਰ੍ਹਾਂ ਰੱਖੇਗਾ, ਉਸ ਨੂੰ ਪੜ੍ਹਾਏਗਾ ਅਤੇ ਉਸ ਦੇ ਵਿਆਹ ਦੀ ਜ਼ਿੰਮੇਵਾਰੀ ਵੀ ਲਵੇਗਾ ਪਰ ਸ਼ਰਮ ਦੀ ਗੱਲ ਹੈ ਕਿ ਮਤਰੇਏ ਪਿਤਾ ਨੇ ਬੇਟੀ ਨੂੰ ਹਵਸ ਦਾ ਸ਼ਿਕਾਰ ਬਣਾ ਕੇ, ਉਸ ਨਾਲ ਗਲਤ ਕੰਮ ਕੀਤੇ। ਇਸ ਦੇ ਨਾਲ ਹੀ ਪੀੜਤਾ ਦਾ ਕਹਿਣਾ ਹੈ ਕਿ ਜੂਨ ਮਹੀਨੇ 'ਚ ਉਸ ਦੇ ਪਿਤਾ ਨੇ ਉਸ ਨੂੰ ਕੁਝ ਸੁੰਘ ਕੇ ਉਸ ਨਾਲ ਗਲਤ ਹਰਕਤਾਂ ਕੀਤੀਆਂ। ਜਦੋਂ ਪੀੜਤਾ ਦੀ ਮਾਂ ਨੇ ਇਹ ਗੱਲ ਆਪਣੇ ਸਹੁਰੇ ਨੂੰ ਦੱਸੀ ਤਾਂ ਉਸ ਨੂੰ ਇਸ ਨੂੰ ਦਬਾਉਣ ਲਈ ਕਿਹਾ ਗਿਆ ਤਾਂ ਜੋ ਪਰਿਵਾਰ ਦੀ ਬਦਨਾਮੀ ਨਾ ਹੋਵੇ।

 

 

ਇਸ ਘਟਨਾ ਤੋਂ ਬਾਅਦ ਪੀੜਤਾ ਆਪਣੀ ਮਾਂ ਦੇ ਨਾਲ ਆਪਣੇ ਨਾਨਕੇ ਘਰ ਚਲੀ ਗਈ ਪਰ ਵਾਪਸ ਆਉਣ 'ਤੇ ਪਿੰਡ ਵਾਸੀਆਂ ਅਤੇ ਪੁਲਿਸ ਨੂੰ ਇਸ ਦੀ ਸ਼ਿਕਾਇਤ ਕੀਤੀ ਗਈ। ਇਸ ਦੇ ਨਾਲ ਹੀ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਪੀੜਤਾ ਅਤੇ ਉਸ ਦੀ ਮਾਂ ਖੇਤਾਂ 'ਚ ਕੰਮ ਕਰ ਰਹੇ ਸਨ ਕਿ ਅਚਾਨਕ ਬੱਚੀ ਨੂੰ ਚੱਕਰ ਆ ਗਿਆ ਅਤੇ ਉਹ ਹੇਠਾਂ ਡਿੱਗ ਪਈ, ਜਿਸ ਤੋਂ ਬਾਅਦ ਪਤਾ ਲੱਗਾ ਕਿ ਬੱਚੀ ਗਰਭਵਤੀ ਹੈ। ਜਿਸ ਤੋਂ ਬਾਅਦ ਲੜਕੀ ਦੀ ਮਾਂ ਨੇ ਉਸ ਨੂੰ ਪੁੱਛਿਆ ਤਾਂ ਲੜਕੀ ਨੇ ਦੱਸਿਆ ਕਿ ਉਸ ਦੇ ਪਿਤਾ ਨੇ ਉਸ ਨਾਲ ਗਲਤ ਕੰਮ ਕੀਤਾ ਹੈ। ਉਥੇ ਹੀ ਪੁਲਿਸ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਰਿਪੋਰਟ ਦਰਜ ਕਰ ਲਈ ਹੈ ਅਤੇ ਉਸ ਮੁਤਾਬਕ ਜਾਂਚ ਸ਼ੁਰੂ ਕਰ ਦਿੱਤੀ ਹੈ।