ਕਾਂਗਰਸ ਵਿੱਚ ਸ਼ਾਮਲ ਹੋਣ ਤੋਂ ਬਾਅਦ ਸਿੱਧੂ ਮੂਸੇਵਾਲਾ ਦਾ ਵਿਰੋਧੀਆਂ ਨੂੰ ਕਰਾਰਾ ਜਵਾਬ
ਕਿਹਾ ਕਿ ਉਨ੍ਹਾਂ ਖ਼ਿਲਾਫ਼ ਬੋਲਣ ਵਾਲਿਆਂ ਦੇ ਸਰਟੀਫਿਕੇਟਾਂ ਦੀ ਕੋਈ ਪ੍ਰਵਾਹ ਨਹੀਂ।
ਚੰਡੀਗੜ੍ਹ: ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਨੇ ਸ਼ੁੱਕਰਵਾਰ ਨੂੰ ਕਾਂਗਰਸ ਪਾਰਟੀ ਦਾ ਹੱਥ ਫੜ ਲਿਆ ਹੈ, ਜਿਸ ਤੋਂ ਬਾਅਦ ਉਨ੍ਹਾਂ ਦੇ ਕਾਂਗਰਸ 'ਚ ਸ਼ਾਮਲ ਹੋਣ 'ਤੇ ਸਵਾਲ ਖੜ੍ਹੇ ਹੋ ਰਹੇ ਹਨ। ਸ਼ਨਿਚਰਵਾਰ ਯਾਨੀ ਅੱਜ ਸਿੱਧੂ ਮੂਸੇਵਾਲਾ ਨੇ ਇੰਸਟਾਗ੍ਰਾਮ 'ਤੇ ਲਾਈਵ ਹੋ ਕੇ ਆਪਣਾ ਪੱਖ ਰੱਖਿਆ।
ਮੂਸੇਵਾਲਾ ਨੇ ਕਿਹਾ, ''ਜੇਕਰ ਮੈਂ ਕਾਂਗਰਸ ਛੱਡ ਕੇ ਕਿਸੇ ਹੋਰ ਪਾਰਟੀ 'ਚ ਚਲਾ ਜਾਂਦਾ ਤਾਂ ਲੋਕਾਂ ਨੇ ਕਹਿਣਾ ਸੀ ਕਿ ਤੁਸੀਂ ਬੇਈਮਾਨ ਲੋਕਾਂ ਨਾਲ ਘੁੰਮਦੇ ਫਿਰਦੇ ਹੋ। ਜੇਕਰ ਮੈਂ ਭਾਜਪਾ ਵਿੱਚ ਚਲਾ ਜਾਂਦਾ ਤਾਂ ਲੋਕ ਆਖਦੇ ਕਿ ਇਹ ਕਿਸਾਨ ਵਿਰੋਧੀ ਪਾਰਟੀ ਹੈ। ਜੇਕਰ ਮੈਂ ਆਜ਼ਾਦ ਖੜ੍ਹਾ ਹੁੰਦਾ ਤਾਂ ਵੀ ਲੋਕਾਂ ਨੇ ਸਵਾਲ ਉਠਾਉਣੇ ਸਨ।''
ਉਸ ਨੇ ਸਵਾਲ ਕਰਨ ਵਾਲਿਆਂ ਨੂੰ ਕਿਹਾ ਕਿ ਉਹ ਦੱਸਣ ਕਿ ਉਨ੍ਹਾਂ ਲਈ ਕੀ ਸਹੀ ਹੈ। ਸਿੱਧੂ ਮੂਸੇਵਾਲਾ ਨੇ ਕਿਹਾ ਕਿ ਜੇਕਰ ਕੋਈ ਵਿਅਕਤੀ ਕੋਈ ਕਦਮ ਚੁੱਕ ਰਿਹਾ ਹੈ ਤਾਂ ਉਹ ਮੂਰਖ ਨਹੀਂ ਹੈ। 3 ਸਾਲਾਂ 'ਚ ਘਰ ਬੈਠੇ ਹੀ ਉਨ੍ਹਾਂ 'ਤੇ 6 ਪਰਚੇ ਦਰਜ ਕੀਤੇ ਗਏ ਹਨ ਅਤੇ ਜੇਕਰ ਇਹ ਸਭ ਮੇਰੇ ਨਾਲ ਹੋ ਰਿਹਾ ਹੈ ਤਾਂ ਆਮ ਲੋਕਾਂ ਦਾ ਕੀ ਬਣੇਗਾ। ਜੋ ਵੀ ਮੈਂ ਕੀਤਾ ਹੈ, ਉਹ ਸਹੀ ਕੀਤਾ ਹੈ ਅਤੇ ਮੈਨੂੰ ਸਿਰਫ ਆਪਣੇ ਪਰਿਵਾਰ ਦੀ ਪਰਵਾਹ ਹੈ ਅਤੇ ਪਰਿਵਾਰ ਲਈ ਆਪਣੀ ਤਰਫੋਂ ਸਭ ਕੁਝ ਸਾਫ ਕਰਨਾ ਹੈ।
ਸਿੱਧੂ ਮੂਸੇਵਾਲਾ ਨੇ ਅਗੇ ਬੋਲਦਿਆਂ ਕਿਹਾ ਕਿ ਉਨ੍ਹਾਂ ਖ਼ਿਲਾਫ਼ ਬੋਲਣ ਵਾਲਿਆਂ ਦੇ ਸਰਟੀਫਿਕੇਟਾਂ ਦੀ ਉਨ੍ਹਾਂ ਨੂੰ ਕੋਈ ਪ੍ਰਵਾਹ ਨਹੀਂ। ਮੈਂ ਦਲੇਰੀ ਨਾਲ ਇਹ ਗੱਲ ਕਹੀ ਹੈ, ਮੈਂ ਇਸ 'ਤੇ ਕਾਇਮ ਰਹਾਂਗਾ। ਸਿੱਧੂ ਮੂਸੇਵਾਲਾ ਨੇ ਕਿਹਾ ਕਿ ਜੋ ਵੀ ਗ਼ਲਤ ਹੈ, ਮੈਂ ਉਸ ਨੂੰ ਠੋਕ ਕੇ ਕਹਾਂਗਾ। ਉਨ੍ਹਾਂ ਕਿਹਾ ਕਿ ਜੇਕਰ ਉਨ੍ਹਾਂ ਨੂੰ ਚੁੱਪ ਰਹਿਣਾ ਪੈਂਦਾ ਤਾਂ ਉਹ ਹੁਣ ਵੀ ਲਾਈਵ ਨਾ ਹੁੰਦੇ।
ਸਿੱਧੂ ਮੂਸੇਵਾਲਾ ਨੇ ਕਿਹਾ ਕਿ ਉਹ ਮਾਨਸਾ ਦੇ ਲੋਕਾਂ ਨਾਲ ਖੜ੍ਹਨਾ ਚਾਹੁੰਦੇ ਹਨ ਅਤੇ ਉਨ੍ਹਾਂ ਲਈ ਹੀ ਉਨ੍ਹਾਂ ਨੇ ਰਾਜਨੀਤੀ ਵਿੱਚ ਪ੍ਰਵੇਸ਼ ਕੀਤਾ ਹੈ। ਜੇਕਰ ਕੋਈ ਉਨ੍ਹਾਂ ਨੂੰ ਕੋਈ ਸਵਾਲ ਪੁੱਛਣਾ ਚਾਹੁੰਦਾ ਹੈ ਤਾਂ ਉਹ ਜਦੋਂ ਚਾਹੇ ਪੁੱਛ ਸਕਦਾ ਹੈ। ਜੇਕਰ ਕੱਲ੍ਹ ਨੂੰ ਸਰਕਾਰ ਬਣੀ ਤਾਂ ਉਹ ਲੋਕਾਂ ਲਈ ਕੰਮ ਨਹੀਂ ਕਰੇਗੀ ਤਾਂ ਲੋਕ ਉਸ ਨੂੰ ਮਾੜਾ ਕਹਿ ਸਕਦੇ ਹਨ।
ਜਦੋਂ ਪੂਰੇ ਦੇਸ਼ ਦੇ ਕਿਸਾਨ ਖੇਤੀ ਬਿੱਲ ਨੂੰ ਲੈ ਕੇ ਸੰਘਰਸ਼ ਕਰ ਰਿਹਾ ਸੀ ਤਾਂ ਸਿੱਧੂ ਮੂਸੇਵਾਲਾ ਨੇ ਵਿਰੋਧ ਕੀਤਾ ਅੱਜ ਪੰਜਾਬ ਵਿੱਚ ਤਬਦੀਲੀ ਦੇ ਦੌਰ ਵਿੱਚ ਨੌਜਵਾਨਾਂ ਨੂੰ ਹਿੱਸਾ ਦੇਣਾ ਰਾਹੁਲ ਗਾਂਧੀ, ਸੋਨੀਆ ਗਾਂਧੀ ਅਤੇ ਪ੍ਰਿਅੰਕਾ ਗਾਂਧੀ ਦੀ ਸੋਚ ਹੈ। ਸਿੱਧੂ ਮੂਸੇਵਾਲਾ ਵੀ ਇਸੇ ਸੋਚ ਨੂੰ ਮਜ਼ਬੂਤ ਕਰਨ ਆਇਆ ਹੈ। ਦੱਸਣਯੋਗ ਹੈ ਕਿ ਦੇਰ ਸ਼ਾਮ ਸਿੱਧੂ ਮੂਸੇਵਾਲਾ ਨੇ ਰਾਹੁਲ ਗਾਂਧੀ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਨਵਜੋਤ ਸਿੱਧੂ, ਰਾਜਾ ਵੜਿੰਗ, ਹਰੀਸ਼ ਚੌਧਰੀ ਵੀ ਹਾਜ਼ਰ ਸਨ।