ਸਪੋਕਸਮੈਨ ਦੀ ਸੱਥ: ਲੀਡਰਾਂ ਤੋਂ ਅੱਕੇ ਬੈਠੇ ਨੇ ਪਿੰਡ ਰਾਮੇਆਣਾ ਦੇ ਲੋਕ, ਸ਼ਰੇਆਮ ਵਿਕਦੈ ਨਸ਼ਾ
ਜ਼ਿਲ੍ਹਾ ਫ਼ਰੀਦਕੋਟ ਦੇ ਰਾਮੇਆਣਾ ਪਿੰਡ 'ਚ ਲੱਗੀ 'ਸਪੋਕਸਮੈਨ ਦੀ ਸੱਥ'
ਫਰੀਦਕੋਟ: ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪੰਜਾਬ ਦੇ ਹਰ ਖੇਤਰ ਵਿਚ ਵੱਸਦੇ ਆਮ ਲੋਕਾਂ ਦੀ ਆਵਾਜ਼ ਸਰਕਾਰਾਂ ਤੱਕ ਪਹੁੰਚਾਉਣ ਲਈ ਰੋਜ਼ਾਨਾ ਸਪੋਕਸਮੈਨ ਵਲੋਂ ਸ਼ੁਰੂ ਕੀਤੇ ਗਏ ਉਪਰਾਲੇ ‘ਸਪੋਕਸਮੈਨ ਦੀ ਸੱਥ’ ਤਹਿਤ ਰੋਜ਼ਾਨਾ ਸਪੋਕਸਮੈਨ ਦੀ ਟੀਮ ਨੇ ਹਲਕਾ ਜੈਤੋਂ ਦੇ ਪਿੰਡ ਰਾਮੇਆਣਾ ਦੇ ਲੋਕਾਂ ਨਾਲ ਗੱਲਬਾਤ ਕੀਤੀ। ਰੋਜ਼ਾਨਾ ਸਪੋਕਸਮੈਨ ਦੇ ਮੈਨੇਜਿੰਗ ਐਡੀਟਰ ਨਿਮਰਤ ਕੌਰ ਨਾਲ ਗੱਲ ਕਰਦਿਆਂ ਪਿੰਡ ਵਾਸੀਆਂ ਨੇ ਅਪਣੀਆਂ ਮੁਸ਼ਕਿਲਾਂ ਦੱਸਦਿਆਂ ਲੀਡਰਾਂ ਪ੍ਰਤੀ ਅਪਣੀ ਨਾਰਾਜ਼ਗੀ ਜ਼ਾਹਰ ਕੀਤੀ। ਪਿੰਡ ਦੇ ਲੋਕ ਕਈ ਮੁੱਦਿਆਂ ਨੂੰ ਲੈ ਕੇ ਪਰੇਸ਼ਾਨ ਦਿਖਾਈ ਦਿੱਤੇ, ਚਾਹੇ ਉਹ ਨਸ਼ੇ ਦਾ ਮੁੱਦਾ ਹੋਵੇ ਜਾਂ ਬੇਰੁਜ਼ਗਾਰੀ ਦਾ ਜਾਂ ਫਿਰ ਕਰਜ਼ੇ ਦਾ।
ਸੱਥ ਵਿਚ ਪਹੁੰਚੇ ਪਿੰਡ ਦੇ ਬਜ਼ੁਰਗ ਮੌਜੂਦਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਕਾਰਗੁਜ਼ਾਰੀ ਤੋਂ ਸੰਤੁਸ਼ਟ ਦਿਖਾਈ ਦਿੱਤੇ। ਪਿੰਡ ਦੇ ਇਕ ਬਜ਼ੁਰਗ ਨੇ ਦੱਸਿਆ ਕਿ ਸਰਕਾਰ ਵਲੋਂ ਉਹਨਾਂ ਦਾ ਕਰਜ਼ਾ ਮਾਫ ਕੀਤਾ ਗਿਆ ਹੈ, ਜਿਸ ਨਾਲ ਉਹਨਾਂ ਨੂੰ ਬਹੁਤ ਵੱਡੀ ਰਾਹਤ ਮਿਲੀ। ਸਾਬਕਾ ਮੁੱਖ ਮੰਤਰੀ ਖਿਲਾਫ਼ ਗੁੱਸਾ ਜ਼ਾਹਰ ਕਰਦਿਆਂ ਬਜ਼ੁਰਗਾਂ ਨੇ ਕਿਹਾ ਕਿ ਕੈਪਟਨ ਨੇ ਬੇਅਦਬੀ ਦਾ ਮਸਲਾ ਹੱਲ ਕਰਨ ਦਾ ਵਾਅਦਾ ਕੀਤਾ ਸੀ ਪਰ ਉਹ ਅਪਣੇ ਵਾਅਦੇ ’ਤੇ ਖਰੇ ਨਹੀਂ ਉਤਰੇ, ਇਹੀ ਕਾਰਨ ਹੈ ਕਿ ਹੁਣ ਉਹ ਕਿਸੇ ਪਾਸੇ ਦੇ ਨਹੀਂ ਰਹੇ। ਉਹਨਾਂ ਨੂੰ ਮੁੱਖ ਮੰਤਰੀ ਦੀ ਕੁਰਸੀ ਤੋਂ ਲਾਹ ਕੇ ਗਰੀਬ ਘਰ ਦੇ ਵਿਅਕਤੀ ਨੂੰ ਮੁੱਖ ਮੰਤਰੀ ਲਾਇਆ ਗਿਆ।
ਪਿੰਡ ਦੇ ਬਜ਼ੁਰਗਾਂ ਦਾ ਕਹਿਣਾ ਹੈ ਕਿ ਬੇਅਦਬੀ ਮਾਮਲੇ ਵਿਚ ਇਨਸਾਫ ਗੁਰੂ ਸਾਹਿਬ ਹੀ ਕਰ ਸਕਦੇ ਹਨ, ਸਰਕਾਰਾਂ ਕੁਝ ਨਹੀਂ ਕਰ ਸਕਦੀਆਂ। ਪਿੰਡ ਦੇ ਇਕ ਵਿਅਕਤੀ ਨੇ ਕਿਹਾ ਕਿ ਪੰਜਾਬ ਸਰਕਾਰ ਤੋਂ ਉਹਨਾਂ ਨੂੰ ਕੋਈ ਫਾਇਦਾ ਨਹੀਂ ਹੋਇਆ ਅਤੇ ਨਾ ਹੀ ਭਵਿੱਖ ਵਿਚ ਕਿਸੇ ਤਰ੍ਹਾਂ ਦੀ ਉਮੀਦ ਹੈ। ਉਹਨਾਂ ਕਿਹਾ ਕਿ ਅਸੀਂ ਆਉਣ ਵਾਲੀਆਂ ਚੋਣਾਂ ਦਾ ਬਾਈਕਾਟ ਕਰਾਂਗੇ, ਸਿਆਸਤਦਾਨਾਂ ਨੂੰ ਪਿੰਡ ਵਿਚ ਨਹੀਂ ਵੜਨ ਦੇਵਾਂਗੇ। ਨਸ਼ੇ ਬਾਰੇ ਗੱਲ ਕਰਦਿਆਂ ਪਿੰਡ ਦੇ ਲੋਕਾਂ ਨੇ ਦੱਸਿਆ ਕਿ ਇਲਾਕੇ ਵਿਚ ਸ਼ਰੇਆਮ ਚਿੱਟਾ ਵਿਕ ਰਿਹਾ ਹੈ, ਜਿੱਥੋਂ ਮਰਜ਼ੀ ਖਰੀਦ ਲਓ। ਸਰਕਾਰ ਨੂੰ ਵੀ ਸਭ ਪਤਾ ਹੈ ਪਰ ਸਰਕਾਰਾਂ ਨਸ਼ਾ ਤਸਕਰਾ ਨਾਲ ਰਲੀਆਂ ਹੋਈਆਂ ਹਨ।
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਘਟਨਾਵਾਂ ਨੂੰ ਲੈ ਕੇ ਪਿੰਡ ਦੇ ਲੋਕ ਸ਼੍ਰੋਮਣੀ ਅਕਾਲੀ ਦਲ ਤੋਂ ਵੀ ਨਰਾਜ਼ ਹਨ। ਉਹਨਾਂ ਕਿਹਾ ਕਿ ਇਹ ਹੈਰਾਨੀ ਦੀ ਗੱਲ ਹੈ ਕਿ ਅਕਾਲੀ ਦਲ ਪੰਥਕ ਪਾਰਟੀ ਹੋਣ ਦੇ ਬਾਵਜੂਦ ਇਸ ਸਬੰਧੀ ਕੋਈ ਕਦਮ ਨਹੀਂ ਚੁੱਕ ਰਹੀ। ਖੁਦ ਨੂੰ ਪੰਥਕ ਕਹਾਉਣ ਵਾਲੇ ਆਗੂਆਂ ਕੋਲ ਵੀ ਗਾਇਬ ਹੋਏ ਪਾਵਨ ਸਰੂਪਾਂ ਸਬੰਧੀ ਕੋਈ ਜਵਾਬ ਨਹੀਂ ਹੈ। ਪਿੰਡ ਦੇ ਲੋਕਾਂ ਦਾ ਕਹਿਣਾ ਹੈ ਕਿ ਜਦੋਂ ਵੀ ਕੋਈ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਨਤਮਸਤਕ ਹੋਣ ਜਾਂਦਾ ਹੈ ਤਾਂ ਉਸ ਨੂੰ ਰਹਿਣ ਲਈ ਦਿੱਤੇ ਜਾਣ ਵਾਲੇ ਕਮਰੇ ਦਾ ਹਜ਼ਾਰ ਰੁਪਏ ਕਿਰਾਇਆ ਲਿਆ ਜਾਂਦਾ ਹੈ, ਜਦਕਿ ਇਹ ਕਮਰੇ ਸੰਗਤਾਂ ਦੇ ਸਹਿਯੋਗ ਨਾਲ ਤਿਆਰ ਕੀਤੇ ਗਏ ਹਨ। ਅਜਿਹਾ ਕਰਕੇ ਸੰਗਤਾਂ ਦੀ ਲੁੱਟ ਕੀਤੀ ਜਾ ਰਹੀ ਹੈ।
ਸੱਥ ਵਿਚ ਪਹੁੰਚੇ ਨੌਜਵਾਨਾਂ ਦਾ ਕਹਿਣਾ ਹੈ ਕਿ ਉਹਨਾਂ ਨੇ ਪਿਛਲੀ ਵਾਰ ਵੀ ਨੋਟਾ ਨੂੰ ਵੋਟ ਪਾਈ ਸੀ ਤੇ ਇਸ ਵਾਰ ਵੀ ਅਜਿਹਾ ਹੀ ਕਰਨਗੇ। ਪਿੰਡ ਦੇ ਨੌਜਾਵਾਨ ਰੁਜ਼ਗਾਰ ਦੇ ਮੁੱਦੇ ਨੂੰ ਲੈ ਕੇ ਸਰਕਾਰ ਤੋਂ ਨਾਰਾਜ਼ ਹਨ। ਪਿੰਡ ਦੇ ਵਿਕਾਸ ਬਾਰੇ ਉਹਨਾਂ ਦੱਸਿਆ ਕਿ ਪਿੰਡ ਵਿਚ ਕਈ ਚੰਗੇ ਕੰਮ ਕੀਤੇ ਗਏ ਹਨ, ਸਕੂਲਾਂ ਵਿਚ ਚੰਗੀ ਪੜ੍ਹਾਈ ਹੋ ਰਹੀ ਅਤੇ ਵਿਦਿਆਰਥੀ ਚੰਗੇ ਦਰਜੇ ਵਿਚ ਨੰਬਰ ਲੈ ਕੇ ਅੱਗੇ ਵਧ ਰਹੇ ਹਨ। ਨੌਜਵਾਨਾਂ ਨੇ ਦੱਸਿਆ ਕਿ ਸਮੇਂ ਦੇ ਨਾਲ ਨਾਲ ਨਸ਼ੇ ਘਟਣ ਦੀ ਬਜਾਏ ਲਗਾਤਾਰ ਵਧ ਰਹੇ ਹਨ। ਉਹਨਾਂ ਕਿਹਾ ਜੇਕਰ ਕਿਸੇ ਨਸ਼ਾ ਤਸਕਰ ਨੂੰ ਪੁਲਿਸ ਹਵਾਲੇ ਕੀਤਾ ਜਾਂਦਾ ਹੈ ਤਾਂ ਪੁਲਿਸ ਕਿਸੇ ਲੀਡਰ ਦੀ ਸਿਫਾਰਿਸ਼ ਨਾਲ ਉਸ ਨੂੰ ਛੱਡ ਦਿੰਦੀ ਹੈ।
ਪਿੰਡ ਦੇ ਬਜ਼ੁਰਗਾਂ ਨੇ ਕਿਹਾ ਕਿ ਕੈਪਟਨ ਅਤੇ ਬਾਦਲ ਆਪਸ ਵਿਚ ਰਲੇ ਹੋਏ ਸਨ, ਨਸ਼ੇ ਅਤੇ ਬੇਅਦਬੀ ਲਈ ਦੋਵੇਂ ਬਰਾਬਰ ਜ਼ਿੰਮੇਵਾਰ ਹਨ। ਹੁਣ ਚਰਨਜੀਤ ਸਿੰਘ ਚੰਨੀ ਦੀ ਸਰਕਾਰ ਬਣੀ ਹੈ ਜੋ ਕਿ ਬਹੁਤ ਵਧੀਆ ਹੈ ਅਤੇ ਸਾਨੂੰ ਪੂਰਾ ਯਕੀਨ ਹੈ ਕਿ ਉਹ ਵਧੀਆ ਕੰਮ ਕਰਨਗੇ ਅਤੇ ਪੰਜਾਬੀਆਂ ਨੂੰ ਇਨਸਾਫ ਦਿਵਾਉਣਗੇ। ਪਿੰਡ ਦੇ ਲੋਕਾਂ ਨੇ ਕਿਹਾ ਕਿ ਚੰਨੀ ਸਾਬ੍ਹ ਨੇ ਬਹੁਤ ਸਾਰੇ ਗਰੀਬਾਂ ਦੇ ਬਿੱਲ ਮਾਫ ਕੀਤੇ ਅਤੇ ਲੋਕ ਬਹੁਤ ਖੁਸ਼ ਹਨ। ਉਹਨਾਂ ਕਿਹਾ ਕਿ ਉਹ ਭਵਿੱਖ ਵਿਚ ਵੀ ਚੰਨੀ ਸਾਬ ਨੂੰ ਮੁੱਖ ਮੰਤਰੀ ਬਣਾਉਣਗੇ। ਅਰਵਿੰਦ ਕੇਜਰੀਵਾਲ ਬਾਰੇ ਬੋਲਦਿਆਂ ਪਿੰਡ ਵਾਸੀਆਂ ਨੇ ਕਿਹਾ ਕਿ ਅਸੀਂ ਉਹਨਾਂ ਨੂੰ ਵੋਟ ਨਹੀਂ ਦੇਵਾਂਗੇ ਕਿਉਂਕਿ ਉਹ ਭਾਜਪਾ ਨਾਲ ਰਲੇ ਹੋਏ ਹਨ।
ਪਿੰਡ ਦੇ ਸਾਬਕਾ ਫੌਜੀਆਂ ਨੇ ਦੱਸਿਆ ਕਿ ਕੋਰੋਨਾ ਕਾਲ ਦੌਰਾਨ ਤੋਂ ਲੈ ਕੇ ਹੁਣ ਤੱਕ ਉਹਨਾਂ ਦੀ ਪੈਨਸ਼ਨ ਵਿਚੋਂ 2000 ਰੁਪਏ ਪ੍ਰਤੀ ਮਹੀਨਾ ਸਰਕਾਰ ਵਲੋਂ ਕੱਟੇ ਜਾ ਰਹੇ ਹਨ, ਜੋ ਕਿ ਵਾਪਸ ਨਹੀਂ ਕੀਤੇ ਜਾ ਰਹੇ। ਉਹਨਾਂ ਕਿਹਾ ਕਿ ਇਸ ਦੇ ਲਈ ਉਹਨਾਂ ਵਲੋਂ ਸੰਘਰਸ਼ ਕੀਤਾ ਜਾਵੇਗਾ। ਪਿੰਡ ਦੇ ਕਿਸਾਨਾਂ ਦਾ ਕਹਿਣਾ ਹੈ ਕਿ ਮੁੱਖ ਮੰਤਰੀ ਚੰਨੀ ਦੀ ਸਰਕਾਰ ਬਣਨ ਤੋਂ ਬਾਅਦ ਮੰਡੀਆਂ ਵਿਚੋਂ ਉਹਨਾਂ ਦੀ ਪੂਰੀ ਫਸਲ ਚੁੱਕੀ ਗਈ, ਉਹਨਾਂ ਨੂੰ ਕੋਈ ਸਮੱਸਿਆ ਨਹੀਂ ਹੋਈ। ਪਿਛਲੀ ਵਾਰ ਨਾਲੋਂ ਇਸ ਵਾਰ ਮੰਡੀਆਂ ਵਿਚ ਕਾਫੀ ਵਧੀਆ ਪ੍ਰਬੰਧ ਕੀਤੇ ਗਏ। ਪਿੰਡ ਦੇ ਲੋਕਾਂ ਨੇ ਦੱਸਿਆ ਕਿ ਉਹਨਾਂ ਦੇ ਬਿਜਲੀ ਬਿੱਲ ਵੀ ਮਾਫ ਹੋ ਕੇ ਆਏ ਹਨ। ਪਿੰਡ ਦੇ ਲੋਕਾਂ ਦਾ ਕਹਿਣਾ ਹੈ ਕਿ ਉਹਨਾਂ ਨੇ ਕਦੀ ਚੰਨੀ ਵਰਗਾ ਮੁੱਖ ਮੰਤਰੀ ਨਹੀਂ ਦੇਖਿਆ।
ਪਿੰਡ ਦੀਆਂ ਬੀਬੀਆਂ ਨੇ ਵੀ ਦੱਸਿਆ ਕਿ ਪਿੰਡ ਵਿਚ ਸ਼ਰੇਆਮ ਨਸ਼ਾ ਵਿਕ ਰਿਹਾ ਹੈ। ਬੱਚਿਆਂ ਦੇ ਹਾਲਾਤ ਬੇਹੱਦ ਖਰਾਬ ਹੈ, ਜੇਕਰ ਕਈ ਹੱਲ ਨਹੀਂ ਕੱਢਿਆ ਗਿਆ ਤਾਂ ਨੌਜਵਾਨਾਂ ਦਾ ਭਵਿੱਖ ਖਰਾਬ ਹੋ ਜਾਵੇਗਾ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਸਰਕਾਰੀ ਸਕੂਲਾਂ ਦੀ ਹਾਲਤ ਵਿਚ ਸੁਧਾਰ ਆਇਆ ਹੈ ਪਰ ਲੋਕ ਅਪਣੇ ਬੱਚਿਆਂ ਨੂੰ ਪ੍ਰਾਈਵੇਟ ਸਕੂਲਾਂ ਵਿਚ ਹੀ ਦਾਖਲ ਕਰਵਾ ਰਹੇ ਹਨ। ਉਹਨਾਂ ਦੱਸਿਆ ਕਿ ਪਿੰਡ ਦੇ ਸਾਬਕਾ ਸਰਪੰਚ ਵਲੋਂ ਕਰੋੜਾ ਰੁਪਏ ਦੀ ਲਾਗਤ ਨਾਲ ਇਕ ਹਸਪਤਾਲ ਤਿਆਰ ਕਰਵਾਇਆ ਗਿਆ ਸੀ, ਜਿਸ ਵਿਚ ਕਦੀ ਕੋਈ ਡਾਕਟਰ ਨਹੀਂ ਆਇਆ ਤੇ ਅੱਜ ਉਹ ਹਸਪਤਾਲ ਖੰਡਰ ਦਾ ਰੂਪ ਧਾਰਨ ਕਰ ਚੁੱਕਾ ਹੈ। ਅੱਜ ਵੀ ਹਸਪਤਾਲ ਵਿਚ ਸਿਰਫ ਇਕ ਡਾਕਟਰ ਘੰਟੇ ਲਈ ਹੀ ਆਉਂਦਾ ਹੈ, ਜਿਸ ਦਾ ਪਿੰਡ ਵਾਸੀਆਂ ਨੂੰ ਕੋਈ ਫਾਇਦਾ ਨਹੀਂ। ਇਸ ਤੋਂ ਪਿੰਡ ਵਾਸੀ ਕਾਫੀ ਪਰੇਸ਼ਾਨ ਹਨ।
ਪਿੰਡ ਦੇ ਨੌਜਵਾਨ ਸਰਪੰਚ ਨੇ ਦੱਸਿਆ ਕਿ ਪਿੰਡ ਵਿਚ ਨਰੇਗਾ ਦਾ ਕੰਮ ਕਰਵਾਇਆ ਜਾ ਰਿਹਾ ਹੈ। ਗਲੀਆਂ ਨਾਲੀਆਂ ਤੋਂ ਇਲਾਵਾ ਪਿੰਡ ਵਿਚ ਡਿਸਪੈਂਸਰੀ ਅਤੇ ਮੈਰਿਜ ਪੈਲੇਸ ਤਿਆਰ ਕਰਵਾਇਆ ਗਿਆ ਹੈ। ਸਰਪੰਚ ਨੇ ਦੱਸਿਆ ਕਿ ਕੋਰੋਨਾ ਕਾਲ ਦੌਰਾਨ ਪਿੰਡ ਦੇ ਲੋੜਵੰਦ ਲੋਕਾਂ ਨੂੰ ਮੁਫਤ ਦਵਾਈਆਂ ਅਤੇ ਮੁਫਤ ਭੋਜਨ ਘਰ ਤੱਕ ਪਹੁੰਚਿਆ ਜਾਂਦਾ ਸੀ। ਉਹਨਾਂ ਕਿਹਾ ਕਿ ਪਿੰਡ ਵਿਚ ਕਈ ਨੌਜਵਾਨ ਬੇਰੁਜ਼ਗਾਰ ਹਨ, ਇਹੀ ਕਾਰਨ ਹੈ ਕਿ ਉਹਨਾਂ ਦਾ ਰੁਝਾਨ ਵਿਦੇਸ਼ਾਂ ਵੱਲ ਵਧ ਰਿਹਾ ਹੈ। ਪਿੰਡ ਦੇ ਲੋਕ ਵੀ ਸਰਪੰਚ ਤੋਂ ਬੇਹੱਦ ਸੰਤੁਸ਼ਟ ਸਨ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਉਹ ਅਗਲੀ ਵਾਰ ਵੀ ਉਹਨਾਂ ਨੂੰ ਹੀ ਸਰਪੰਚ ਚੁਣਨਗੇ।
ਪਿੰਡ ਦੇ ਕਈ ਬਜ਼ੁਰਗਾਂ ਨੇ ਦੱਸਿਆ ਕਿ ਉਹਨਾਂ ਨੇ ਇਕ ਕਿਤਾਬ ਲਿਖੀ ਹੈ, ਜਿਸ ਵਿਚ ਦੱਸਿਆ ਗਿਆ ਹੈ ਕਿ ਮੁਲਕ ਕੀ ਚਾਹੁੰਦਾ ਹੈ। ਉਹਨਾਂ ਕਿਹਾ ਕਿ ਸਿਆਸੀ ਆਗੂਆਂ ਨੂੰ ਸਿਰਫ ਇਕ ਪੈਨਸ਼ਨ ਮਿਲਣੀ ਚਾਹੀਦੀ ਹੈ ਅਤੇ ਉਹਨਾਂ ਦੀ ਰਿਟਾਇਰਮੈਂਟ ਵੀ ਹੋਣੀ ਚਾਹੀਦੀ ਹੈ। ਉਹਨਾਂ ਦਾ ਕਹਿਣਾ ਹੈ ਕਿ ਸਾਰੇ ਕਾਨੂੰਨ ਸਿਰਫ ਆਮ ਨਾਗਰਿਕਾਂ ਲਈ ਬਣਾਏ ਜਾਂਦੇ ਹਨ, ਸਿਆਸਤਦਾਨਾਂ ਲਈ ਵੀ ਕਾਨੂੰਨ ਬਣਨਾ ਚਾਹੀਦਾ ਹੈ। ਨਵੇਂ ਨੌਜਵਾਨਾਂ ਨੂੰ ਸਿਆਸਤਦਾਨ ਵਿਚ ਆਉਣ ਦਾ ਮੌਕਾ ਦਿੱਤਾ ਜਾਣਾ ਚਾਹੀਦਾ ਹੈ। ਪਿੰਡ ਦੇ ਲੋਕਾਂ ਨਾਲ ਗੱਲ ਕਰਕੇ ਇਹ ਸਾਬਿਤ ਹੁੰਦਾ ਹੈ ਕਿ ਜੇਕਰ ਨੌਜਵਾਨ ਸਿਆਸਤ ਤੋਂ ਪਾਸੇ ਹੋ ਕਿ ਦਿਲ ਨਾਲ ਕੰਮ ਕਰਨ ਤਾਂ ਬਦਲਾਅ ਆ ਸਕਦਾ ਹੈ, ਪੰਜਾਬ ਦੀ ਨੁਹਾਰ ਬਦਲੀ ਜਾ ਸਕਦੀ ਹੈ।