ਪਛਮੀ ਗੜਬੜੀ ਕਾਰਨ ਪੰਜਾਬ ਸਮੇਤ ਉੱਤਰ ਭਾਰਤ ’ਚ ਜਾਰੀ ਰਹੇਗਾ ਠੰਢ ਦਾ ਕਹਿਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਧੁੰਦ ਲੋਕਾਂ ਲਈ ਬਣੇਗੀ ਪ੍ਰੇਸ਼ਾਨੀ ਦਾ ਸਬੱਬ

Fog

ਚੰਡੀਗੜ੍ਹ, 3 ਦਸੰਬਰ (ਪ.ਪ.) : ਦਸੰਬਰ ਦਾ ਮਹੀਨਾ ਸ਼ੁਰੂ ਹੋਣ ਸਾਰ ਹੀ ਠੰਢ ਨੇ ਕਹਿਰ ਢਾਉਣਾ ਸ਼ੁਰੂ ਕਰ ਦਿਤਾ ਹੈ। ਅੱਜ ਪੰਜਾਬ ’ਚ ਕਈ ਥਾਵਾਂ ’ਤੇ ਹਲਕੀ ਬੂੰਦਾ ਬਾਂਦੀ ਹੋਈ ਪਰ ਧੁੰਦ ਨੇ ਕਾਫ਼ੀ ਪ੍ਰੇਸ਼ਾਨ ਕੀਤਾ। ਪਹਾੜਾਂ ’ਤੇ ਹੋ ਰਹੀ ਬਰਫ਼ਬਾਰੀ ਨੇ ਮੈਦਾਨੀ ਇਲਾਕਿਆਂ ਦਾ ਪਾਰਾ ਹੋਰ ਘਟਾ ਦਿਤਾ ਹੈ। ਜਿਵੇਂ ਕਿ ਮੌਸਮ ਵਿਭਾਗ ਨੇ ਭਵਿੱਖਵਾਣੀ ਕੀਤੀ ਸੀ ਕਿ 1 ਦਸੰਬਰ ਤੋਂ ਪਹਾੜਾਂ ’ਤੇ ਬਰਫ਼ਬਾਰੀ ਹੋਵੇਗੀ, ਜਿਸ ਕਾਰਨ ਮੈਦਾਨੀ ਇਲਾਕਿਆਂ ’ਚ ਠੰਢ ਵਧੇਗੀ।

ਇਸ ਦੇ ਨਾਲ ਹੀ ਸਵੇਰ ਦੇ ਸਮੇਂ ਹਲਕੀ ਧੁੱਪ ਨਿਕਲੀ, ਜਿਸ ਤੋਂ ਉਮੀਦ ਹੋਈ ਸੀ ਕਿ ਸ਼ਾਇਦ ਧੁੱਪ ਨਿਕਲਣ ਕਾਰਨ ਠੰਢ ਤੋਂ ਥੋੜ੍ਹੀ ਰਾਹਤ ਮਿਲੇਗੀ ਪਰ ਕੁੱਝ ਮਿੰਟਾਂ ਵਿਚ ਹੀ ਸੂਰਜ ਵਾਪਸ ਬਦਲਾਂ ਵਿਚ ਲੁਕ ਗਿਆ। ਪਛਮੀ ਹਿਸਿਆਂ ਵਿਚ ਗੜਬੜੀ ਦੇ ਚਲਦੇ ਪਹਾੜਾਂ ’ਤੇ ਬਰਫ਼ਬਾਰੀ ਹੋ ਰਹੀ ਹੈ। ਹਾਲੇ ਉਚੇ ਪਹਾੜੀ ਇਲਾਕਿਆਂ ਵਿਚ ਹੀ ਬਰਫ਼ਬਾਰੀ ਹੋਣ ਲੱਗੀ ਹੈ ਕਿਉਂਕਿ ਪਛਮੀ ਹਵਾਵਾਂ ਦਾ ਦਬਾਅ ਇਸ ਸਮੇਂ ਇਨ੍ਹਾਂ ਜ਼ਿਆਦਾ ਨਹੀਂ ਹੈ ਕਿ ਨਿਚਲੇ ਹਿੱਸਿਆਂ ਵਿਚ ਬਰਫ਼ਬਾਰੀ ਹੋਵੇ।

ਇਸ ਸਮੇਂ ਲਾਹੌਲ ਸਪੀਤੀ ਦੀਆਂ ਸੜਕਾਂ ਬਰਫ਼ੀਲੀ ਚਾਦਰ ਨੇ ਢਕੀਆਂ ਹੋਈਆਂ ਹਨ। ਹਾਲੇ ਪਛਮੀ ਇਲਾਕਿਆਂ ’ਚ ਸਮੁੰਦਰ ਤਲ ਉੱਪਰ ਹਵਾ ਦਾ ਦਬਾਅ ਜ਼ਿਆਦਾ ਨਹੀਂ ਬਣਿਆ, ਜਿਸ ਕਾਰਨ ਹਾਲੇ ਠੰਢ ਨੇ ਜ਼ਿਆਦਾ ਜ਼ੋਰ ਨਹੀਂ ਫੜਿਆ।

ਗੱਲ ਪੰਜਾਬ ਦੀ ਕਰੀਏ ਤਾਂ ਇਥੇ ਪਹਿਲੀ ਦਸੰਬਰ ਤੋਂ ਹੀ ਠੰਢ ਨੇ ਕਹਿਰ ਢਾਉਣਾ ਸ਼ੁਰੂ ਕਰ ਦਿਤਾ ਸੀ। ਸ਼ੁੱਕਰਵਾਰ ਦੀ ਸਵੇਰ ਸੂਬੇ ਦੇ ਕਈ ਇਲਾਕਿਆਂ ’ਚ ਹਲਕੀ ਬੂੰਦਾ ਬਾਂਦੀ ਹੋਈ। ਜਿਸ ਤੋਂ ਬਾਅਦ ਕੁੱਝ ਦੇਰ ਲਈ ਸੂਰਜ ਵੀ ਨਿਕਲਿਆ ਪਰ ਕੁੱਝ ਹੀ ਮਿੰਟਾਂ ਵਿਚ ਸੂਰਜ ਬੱਦਲਾਂ ’ਚ ਲੁਕ ਗਿਆ।

ਪੂਰਾ ਦਿਨ ਸੂਰਜ ਇਸੇ ਤਰ੍ਹਾਂ ਲੁੱਕਣ ਮੀਟੀ ਖੇਡਦਾ ਰਿਹਾ ਪਰ ਦੁਪਹਿਰ ਦੇ ਸਮੇਂ ਕੁੱਝ ਦੇਰ ਧੁੱਪ ਨਿਕਲਣ ਕਾਰਨ ਠੰਢ ਤੋਂ ਕੁੱਝ ਰਾਹਤ ਮਿਲੀ। ਤਾਪਮਾਨ ਦੀ ਗੱਲ ਕੀਤੀ ਜਾਵੇ ਤਾਂ ਸੱਭ ਤੋਂ ਵੱਧ ਤਾਪਮਾਨ ਫ਼ਿਰੋਜ਼ਪੁਰ (30.0ਡਿਗਰੀ ਸੈਲਸੀਅਸ) ਰਿਕਾਰਡ ਕੀਤਾ ਗਿਆ ਜਦਕਿ 7.2 ਡਿਗਰੀ ਸੈਲਸੀਅਸ ਤਾਪਮਾਨ ਨਾਲ ਬਠਿੰਡਾ ਸੂਬੇ ਦਾ ਸੱਭ ਤੋਂ ਠੰਢਾ ਇਲਾਕਾ ਰਿਹਾ, ਜਦਕਿ ਹਰਿਆਣਾ ’ਚ 7.9 ਡਿਗਰੀ ਸੈਲਸੀਅਸ ਨਾਲ ਹਿਸਾਰ ਸੱਭ ਤੋਂ ਘੱਟ ਤਾਪਮਾਨ ਵਾਲਾ ਸ਼ਹਿਰ ਰਿਕਾਰਡ ਕੀਤਾ ਗਿਆ।

 ਮੌਸਮ ਵਿਭਾਗ ਦਾ ਕਹਿਣਾ ਹੈ ਕਿ ਪੰਜਾਬ ਦੇ ਕਈ ਇਲਾਕਿਆਂ ਹਲਕੀ ਬੂੰਦਾ ਬਾਂਦੀ ਦਾ ਸਿਲਸਿਲਾ ਚਲਦਾ ਰਹੇਗਾ। ਇਸ ਦੇ ਨਾਲ ਹੀ ਮੌਸਮ ਵਿਭਾਗ ਨੇ 4 ਤੇ 5 ਦਸੰਬਰ ਨੂੰ ਸੂਬੇ ਦੇ ਕਈ ਇਲਾਕਿਆਂ ਵਿਚ ਹਲਕੀ ਬੂੰਦਾ ਬਾਂਦੀ ਦੀ ਸੰਭਾਵਨਾ ਪ੍ਰਗਟਾਈ ਹੈ। ਇਸ ਦੇ ਨਾਲ ਮੌਸਮ ਵਿਭਾਗ ਦਾ ਕਹਿਣਾ ਹੈ ਕਿ ਪੱਛਮੀ ਗੜਬੜੀ ਕਰਕੇ ਅਗਲੇ 9-10 ਦਿਨਾਂ ਤਕ ਉੱਤਰ ਭਾਰਤ ਵਿਚ ਮੌਸਮ ਖ਼ਰਾਬ ਰਹੇਗਾ।

ਬੱਦਲ ਛਾਏ ਰਹਿਣਗੇ, ਸੂਰਜ ਲੁਕਣ ਮੀਟੀ ਖੇਡਦਾ ਰਹੇਗਾ। ਇਨ੍ਹਾਂ ਦਿਨਾਂ ਵਿਚ ਠੰਢ ਆਪਣਾ ਪੂਰਾ ਜ਼ੋਰ ਦਿਖਾਵੇਗੀ। ਇਸ ਤੋਂ ਇਲਾਵਾ ਸੂਬਾ ਵਾਸੀਆਂ ਨੂੰ ਸੰਘਣੀ ਧੁੰਦ ਦਾ ਸਾਹਮਣਾ ਵੀ ਕਰਨਾ ਪੈ ਸਕਦਾ ਹੈ। ਗੱਲ ਕਰੀਏ ਅੱਜ ਦੀ ਕਰੀਏ ਤਾਂ ਪੰਜਾਬ ’ਚ ਅੱਜ ਸਵੇਰੇ ਆਦਮਪੁਰ ਘਟੋ ਘੱਟ ਤਾਪਮਾਨ 11 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ ਜਦਕਿ ਸੱਭ ਤੋਂ ਜ਼ਿਆਦਾ ਤਾਪਮਾਨ ਗੁਰਦਾਸਪੁਰ (23.0) ਵਿਚ ਰਿਕਾਰਡ ਕੀਤਾ ਗਿਆ।

ਰਾਜਧਾਨੀ ਚੰਡੀਗੜ੍ਹ ਦੀ ਗੱਲ ਕੀਤੀ ਜਾਏ ਤਾਂ ਇੱਥੇ 14.1 ਡਿਗਰੀ ਸੈਲਸੀਅਸ ਘਟੋ ਘੱਟ ਤਾਪਮਾਨ ਦਰਜ ਕੀਤਾ ਗਿਆ। ਇਸ ਦੇ ਨਾਲ ਹੀ ਅੰਮ੍ਰਿਤਸਰ ’ਚ 8.8 ਡਿਗਰੀ, ਲੁਧਿਆਣਾ ’ਚ 9.8 ਡਿਗਰੀ, ਪਟਿਆਲਾ ’ਚ 12.1 ਡਿਗਰੀ, ਪਠਾਨਕੋਟ ’ਚ 10, ਬਠਿੰਡਾ ’ਚ 7.2, ਫ਼ਰੀਦਕੋਟ ’ਚ 7.5, ਗੁਰਦਾਸਪੁਰ ’ਚ 8.8, ਬੱਲੋਵਾਲ ਸੌਂਖਰੀ (ਨਵਾਂ ਸ਼ਹਿਰ) ’ਚ 11.4, ਬਰਨਾਲਾ ’ਚ 9.5, ਬਠਿੰਡਾ ’ਚ 11.0, ਫ਼ਤਿਹਗੜ੍ਹ ਸਾਹਿਬ ’ਚ 12.1, ਫ਼ਿਰੋਜ਼ਪੁਰ ’ਚ 7.9, ਗੁਰਦਾਸਪੁਰ ’ਚ 9.4, ਹੁਸ਼ਿਆਰਪੁਰ ’ਚ 10.5, ਜਲੰਧਰ ’ਚ 8.0, ਨੂਰਮਹਿਲ ’ਚ 8.9, ਸਮਰਾਲਾ ’ਚ 12.6, ਮੋਗਾ ’ਚ 7.2, ਸ਼੍ਰੀ ਮੁਕਤਸਰ ਸਾਹਿਬ ’ਚ 8.1, ਰੋਪੜ ’ਚ 13.0 ਤੇ ਸੰਗਰੂਰ ’ਚ 7.4 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਗਿਆ।

 ਗੁਆਂਢੀ ਸੂਬੇ ਹਰਿਆਣਾ ਦੀ ਗੱਲ ਕਰੀਏ ਤਾਂ ਇਥੇ ਸੱਭ ਤੋਂ ਜ਼ਿਆਦਾ ਠੰਢਾ ਇਲਾਕਾ 7.9 ਡਿਗਰੀ ਸੈਲਸੀਅਸ ਤਾਪਮਾਨ ਨਾਲ ਹਿਸਾਰ ਰਿਕਾਰਡ ਕੀਤਾ ਗਿਆ ਜਦਕਿ ਸੱਭ ਤੋਂ ਜ਼ਿਆਦਾ ਤਾਪਮਾਨ 21.2 ਡਿਗਰੀ ਸੈਲਸੀਅਸ ਰਾਜਧਾਨੀ ਚੰਡੀਗੜ੍ਹ ਵਿਚ ਦਰਜ ਕੀਤਾ ਗਿਆ। 5 ਦਸੰਬਰ ਨੂੰ ਹਰਿਆਣਾ ’ਚ ਤੂਫ਼ਾਨੀ ਬਾਰਸ਼ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਦੇ ਨਾਲ ਹੀ ਮੌਸਮ ਵਿਭਾਗ ਦਾ ਕਹਿਣਾ ਹੈ ਕਿ ਹਰਿਆਣਾ ਦੇ ਕਈ ਇਲਾਕਿਆਂ ’ਚ ਧੁੰਦ ਵੀ ਅਪਣਾ ਪੂਰਾ ਜ਼ੋਰ ਦਿਖਾਏਗੀ।