ਤਰਨਤਾਰਨ-BSF ਦੀ ਸਾਂਝੀ ਮੁਹਿੰਮ ਨੂੰ ਮਿਲੀ ਵੱਡੀ ਸਫਲਤਾ, 3 ਕਿਲੋ ਹੈਰੋਇਨ ਸਮੇਤ ਕਵਾਡਕਾਪਟਰ ਡਰੋਨ ਬਰਾਮਦ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਡੀਜੀਪੀ ਗੌਰਵ ਯਾਦਵ ਨੇ ਦਿੱਤੀ ਜਾਣਕਾਰੀ, ਕਿਹਾ- ਸੂਬੇ ਨੂੰ ਨਸ਼ਾ ਮੁਕਤ ਬਣਾਉਣ ਲਈ ਵਚਨਬੱਧ ਹਾਂ

Punjab News

ਤਰਨਤਾਰਨ : ਪਾਕਿਸਤਾਨ ਵਿੱਚ ਬੈਠੇ ਤਸਕਰ ਅਤੇ ਸ਼ਰਾਰਤੀ ਅਨਸਰ ਲਗਾਤਾਰ ਆਪਣੀਆਂ ਨਾਪਾਕ ਗਤੀਵਿਧੀਆਂ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਵਿੱਚ ਹਨ ਪਰ ਸਰਹੱਦ 'ਤੇ ਤਾਇਨਾਤ ਬੀਐਸਐਫ ਜਵਾਨ ਲਗਾਤਾਰ ਉਨ੍ਹਾਂ ਦੀਆਂ ਹਰਕਤਾਂ ਦਾ ਮੂੰਹ ਤੋੜ ਜਵਾਬ ਦੇ ਰਹੇ ਹਨ। ਦੱਸਿਆ ਜਾ ਰਿਹਾ ਹੈ ਕਿ ਪੰਜਾਬ ਦੀ ਸਰਹੱਦ 'ਤੇ ਰਾਤ ਨੂੰ 3 ਵਾਰ ਡਰੋਨ ਦੀ ਆਵਾਜਾਈ ਦੇਖੀ ਗਈ। ਜਿਸ 'ਤੇ ਫੌਜੀਆਂ ਵਲੋਂ ਫਾਇਰਿੰਗ ਕੀਤੀ ਗਈ। ਬੀਐਸਐਫ ਵਲੋਂ ਇਲਾਕੇ ਵਿਚ ਤਲਾਸ਼ੀ ਮੁਹਿੰਮ ਵੀ ਚਲਾਈ ਗਈ ਜਿਸ ਦੌਰਾਨ ਜਵਾਨਾਂ ਨੂੰ ਡਿੱਗਿਆ ਡਰੋਨ ਮਿਲਿਆ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਬੀਤੀ ਰਾਤ 11 ਵਜੇ ਭਾਰਤ-ਪਾਕਿ ਸਰਹੱਦ 'ਤੇ ਤਰਨਤਾਰਨ ਅਧੀਨ ਪੈਂਦੇ ਅਮਰਕੋਟ ਦੇ ਬੀਓਪੀ ਕਾਲੀਆ ਵਿਖੇ ਡਰੋਨ ਦੀ ਹਰਕਤ ਦੇਖੀ ਗਈ। 103 ਬਟਾਲੀਅਨ ਦੇ ਸਿਪਾਹੀ ਬਾਹਰਵਾਰ ਤਾਇਨਾਤ ਸਨ। ਉਨ੍ਹਾਂ ਨੇ ਆਵਾਜ਼ ਸੁਣਦੇ ਹੀ ਫਾਇਰਿੰਗ ਕੀਤੀ। ਜਿਸ ਤੋਂ ਬਾਅਦ ਡਰੋਨ ਦੀ ਆਵਾਜ਼ ਬੰਦ ਹੋ ਗਈ। ਇਲਾਕੇ 'ਚ ਤਲਾਸ਼ੀ ਲਈ ਗਈ, ਜਿਸ ਤੋਂ ਬਾਅਦ ਜਵਾਨਾਂ ਨੂੰ ਖੇਤਾਂ 'ਚ ਡਿੱਗਿਆ ਡਰੋਨ ਮਿਲਿਆ। ਡਰੋਨ ਦੇ ਨਾਲ ਹੀ ਹੈਰੋਇਨ ਦੀ ਇੱਕ ਖੇਪ ਵੀ ਬਰਾਮਦ ਹੋਈ ਹੈ, ਜੋ ਡਰੋਨ ਨਾਲ ਹੀ ਬੰਨ੍ਹੀ ਹੋਈ ਸੀ।

ਇਸ ਤੋਂ ਬਾਅਦ ਡੀਜੀਪੀ ਗੌਰਵ ਯਾਦਵ ਨੇ ਟਵੀਟ ਕਰ ਜਾਣਕਾਰੀ ਸਾਂਝੀ ਕੀਤੀ ਹੈ। ਉਨ੍ਹਾਂ ਲਿਖਿਆ, ''ਸਰਹੱਦ ਪਾਰ ਨਸ਼ਾ ਤਸਕਰੀ ਦੇ ਨੈੱਟਵਰਕ ਖ਼ਿਲਾਫ਼ ਵਿਸ਼ੇਸ਼ ਮੁਹਿੰਮ ਚਲਾਉਂਦੇ ਹੋਏ ਤਰਨਤਾਰਨ ਅਤੇ ਬੀਐਸਐਫ ਵੱਲੋਂ ਸਾਂਝੇ ਤੌਰ ’ਤੇ ਤਰਨਤਾਰਨ ਦੇ ਥਾਣਾ ਵਲਟੋਹਾ ਦੇ ਇਲਾਕੇ ਵਿੱਚ ਤਲਾਸ਼ੀ ਦੌਰਾਨ 3 ਕਿਲੋ ਹੈਰੋਇਨ ਸਮੇਤ ਇੱਕ ਕਵਾਡਕਾਪਟਰ ਡਰੋਨ ਬਰਾਮਦ ਕੀਤਾ ਗਿਆ ਹੈ। ਇਹ ਜਾਣਕਾਰੀ ਡੀਜੀਪੀ ਗੌਰਵ ਯਾਦਵ ਨੇ ਟਵੀਟ ਕਰ ਕੇ ਦਿੱਤੀ ਹੈ। ਪੰਜਾਬ ਪੁਲਿਸ ਮੁੱਖ ਮੰਤਰੀ ਭਗਵੰਤ ਮਾਨ ਦੀ ਸੋਚ ਅਨੁਸਾਰ ਸੂਬੇ ਨੂੰ ਨਸ਼ਾ ਮੁਕਤ ਬਣਾਉਣ ਲਈ ਵਚਨਬੱਧ ਹੈ।''