ਪੈਦਲ ਹੀ ਸ਼ੰਭੂ ਬਾਰਡਰ ਤੋਂ ਦਿੱਲੀ ਤਕ ਜਾਣਗੇ ਕਿਸਾਨ : ਸਰਵਣ ਸਿੰਘ ਪੰਧਰ

ਏਜੰਸੀ

ਖ਼ਬਰਾਂ, ਪੰਜਾਬ

6 ਦਸੰਬਰ ਨੂੰ ਨਵੀਂ ਦਿੱਲੀ ਵਲ ਕੂਚ ਕਰਨ ਦੀਆਂ ਤਿਆਰੀਆਂ ਨੂੰ ਅੱਜ ਕਿਸਾਨ ਜਥੇਬੰਦੀਆਂ ਨੇ ਅੰਤਮ ਰੂਪ ਦਿਤਾ

ਪੱਤਰਕਾਰਾਂ ਨੂੰ ਸੰਬੋਧਨ ਕਰਦੇ ਕਿਸਾਨ ਆਗੂ।
  • ਕਿਹਾ, ਮਰਜੀਵੜਿਆਂ ਦੇ ਹੋਣਗੇ ਜਥੇ, ਤਸ਼ੱਦਦ ਹੱਸ ਕੇ ਸਹਾਂਗੇ
  • ‘ਧਨਖੜ ਸਾਹਿਬ ਕੋਲ ਸਾਡਾ ਏਜੰਡਾ ਪਹੁੰਚ ਗਿਆ ਪਰ ਬਾਕੀਆਂ ਕੋਲ ਨਹੀ, ਜੇ ਸਾਡੀ ਨਹੀਂ ਮੰਨਣੀ ਤਾਂ ਉਪ-ਰਾਸ਼ਟਰਪਤੀ ਦੀ ਸੁਣ ਲਿਓ’
  • ਹਰਿਆਣਾ ਦੇ ਲੋਕ ਤੋਂ ਹਰ ਸਹਲੂਤ ਮਿਲਣ ਦੀ ਉਮੀਦ ਪ੍ਰਗਟਾਈ
  • ‘ਅੰਬਾਲਾ ਪੁਲਿਸ ਨੂੰ ਕਿਸਾਨਾਂ ਦੇ ਰਸਤੇ ਬਾਰੇ ਸੂਚਿਤ ਕਰ ਦਿਤਾ ਗਿਆ ਹੈ’

ਚੰਡੀਗੜ੍ਹ : ਅਪਣੀਆਂ ਮੰਗਾਂ ਮਨਵਾਉਣ ਲਈ 6 ਦਸੰਬਰ ਨੂੰ ਨਵੀਂ ਦਿੱਲੀ ਵਲ ਕੂਚ ਕਰਨ ਦੀਆਂ ਤਿਆਰੀਆਂ ਨੂੰ ਅੱਜ ਕਿਸਾਨ ਜਥੇਬੰਦੀਆਂ ਨੇ ਅੰਤਮ ਰੂਪ ਦਿਤਾ। ਇਸ ਬਾਰੇ ਜਾਣਕਾਰੀ ਦਿੰਦਿਆਂ ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਕਿਹਾ, ‘‘ਕੇਂਦਰ ਸਰਕਾਰ ਨੇ ਜੋ ਬਿਆਨਬਾਜੀ ਪਿਛਲੇ 9 ਮਹੀਨਿਆਂ ’ਚ ਕੀਤੀ ਹੈ, ਕਿ ਕਿਸਾਨਾਂ ਦੇ ਟਰੈਕਟਰ ਮੋਡੀਫਾਈਡ ਹਨ, ਇਹਨਾਂ ਦੀਆਂ ਟਰਾਲੀਆਂ ’ਚ ਹਥਿਆਰ ਹੋਣ ਵਰਗੇ ਇਲਜ਼ਾਮ ਲਾਉਂਦੇ ਰਹੇ, ਇਸ ਦੇ ਮੱਦੇਨਜ਼ਰ ਕਿਸਾਨ ਜਥੇ ਹੁਣ ਪੈਦਲ ਹੀ ਸ਼ੰਭੂ ਬਾਰਡਰ ਤੋਂ ਦਿੱਲੀ ਨੂੰ ਰਵਾਨਾ ਹੋਣਗੇ।’’

ਉਨ੍ਹਾਂ ਕਿਹਾ ਕਿ ਕਿਸਾਨ ਜਥੇ ਸੜਕ ਦੇ ਕਿਨਾਰੇ-ਕਿਨਾਰੇ ਹੀ ਤੁਰਦੇ ਰਹਿਣਗੇ ਜਿਸ ਬਾਰੇ ਪੁਲਿਸ ਨੂੰ ਵੀ ਸੂਚਿਤ ਕਰ ਦਿਤਾ ਗਿਆ ਹੈ ਅਤੇ ਇਸ ਨਾਲ ਟਰੈਫ਼ਿਕ ਜਾਮ ਨਹੀਂ ਹੋਵੇਗੀ। ਉਨ੍ਹਾਂ ਇਹ ਵੀ ਕਿਹਾ ਕਿ ਉਹ ਹਰਿਆਣਾ ’ਚ ਪ੍ਰਧਾਨ ਮੰਤਰੀ ਦੇ ਪ੍ਰੋਗਰਾਮ ’ਚ ਖਲਲ ਨਹੀਂ ਪਾਉਣਗੇ। ਉਨ੍ਹਾਂ ਨੇ ਖਾਪ ਪੰਚਾਇਤਾਂ ਦਾ ਵੀ ਧਨਵਾਦ ਜਿਨ੍ਹਾਂ ਨੇ ਪ੍ਰਦਰਸ਼ਨਕਾਰੀ ਕਿਸਾਨਾਂ ਨੂੰ ਸਹਿਯੋਗ ਦੇਣ ਦਾ ਭਰੋਸਾ ਦਿਤਾ ਹੈ। ਉਨ੍ਹਾਂ ਨੇ ਕਿਸਾਨ ਅੰਦੋਲਨ ਦੀ ਗੱਲ ਕਰਨ ਲਈ ਰਾਗੀਆਂ, ਢਾਡੀਆਂ, ਕਵੀਸ਼ਰਾਂ, ਸਭਿਆਚਾਰਕ ਸ਼ਖ਼ਸੀਅਤਾਂ ਅਤੇ ਧਾਰਮਕ  ਸ਼ਖਸੀਅਤਾਂ ਨੂੰ ਵੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਇਹ ਜਥਾ ਮਰਜੀਵੜਿਆਂ ਦਾ ਹੋਵੇਗਾ ਅਤੇ ਪ੍ਰਦਰਸ਼ਨਕਾਰੀ ਕਿਸਾਨ ਕੋਈ ਤਸ਼ੱਦਦ ਹੱਸ ਕੇ ਸਹਿਣਗੇ। 

ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਜਿਹੜੀਆਂ ਪਹਿਲੇ ਦਿਨ ਦੇ ਜਥੇ ਦੇ ’ਚ ਸ਼ਾਮਲ ਹੋਣਗੀਆਂ ਉਨ੍ਹਾਂ ’ਚ ਬੀ.ਕੇ.ਯੂ. ਬਹਿਰਾਮਕੇ, ਬੀਕੇਯੂ ਏਕਤਾ ਆਜ਼ਾਦ, ਬੀਕੇਯੂ ਕ੍ਰਾਂਤੀਕਾਰੀ ਬੀਕੇਯੂ ਦੁਆਬਾ, ਬੀਕੇਯੂ ਸ਼ਹੀਦ ਭਗਤ ਸਿੰਘ, ਹਰਿਆਣਾ ਕਿਸਾਨ ਮਜ਼ਦੂਰ ਹਿੱਤਕਾਰੀ ਸਭਾ, ਕਿਸਾਨ ਮਜ਼ਦੂਰ ਮੋਰਚਾ, ਪੰਜਾਬ ਆਜ਼ਾਦ ਕਿਸਾਨ ਕਮੇਟੀ ਦੁਆਬਾ, ਇੰਡੀਅਨ ਫਾਰਮਰ ਐਸੋਸੀਏਸ਼ਨ, ਪੀ.ਐਫ.ਐਫ. ਯੂ.ਪੀ., ਗ੍ਰਾਮੀਨ ਕਿਸਾਨ ਸੰਮਤੀ ਰਾਜਸਥਾਨ, ਕੌਮੀ  ਕਿਸਾਨ ਸਭਾ ਐਮਪੀ ਬਿਹਾਰ, ਬੀਕੇਐਮਯੂ ਤੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਅਤੇ ਬੀ.ਕੇ.ਯੂ. ਭਨੇੜੀ ਸ਼ਾਮਲ ਹੋਣਗੀਆਂ। 

ਪੰਧੇਰ ਨੇ ਕਿਹਾ ਕਿ ਜੇਕਰ ਕੋਈ ਵੀ ਜਥੇ ’ਚ ਜਾਣਾ ਚਾਹੁੰਦਾ ਹੈ ਤਾਂ ਉਹ ਕਿਸਾਨਮਜ਼ਦੂਰਮੋਰਚਾ'ਜੀਮੇਲ ਡਾਟ ਕਾਮ ’ਤੇ ਈ-ਮੇਲ ਕਰ ਕੇ ਜਾਂ ਗੂਗਲ ’ਤੇ ਮਰਜ਼ੀਵੜਾ ਜੱਥਾ ਸਰਚ ਕਰ ਕੇ ਫ਼ਾਰਮ ਭਰ ਕੇ ਇਸ ਜਥੇ ’ਚ ਸ਼ਾਮਲ ਹੋ ਸਕਦਾ ਹੈ। ਉਨ੍ਹਾਂ ਨੇ ਗ੍ਰੇਟਰ ਨੋਇਡਾ ’ਤੇ ਕਿਸਾਨਾਂ ਨੂੰ ਗ੍ਰਿਫਤਾਰ ਕਰਨ ਦੀ ਵੀ ਨਿੰਦਾ ਕੀਤੀ। 

ਉਨ੍ਹਾਂ ਕਿਹਾ, ‘‘ਜਦੋਂ ਕੱਲ ਦੇਸ਼ ਦੇ ਉਪ ਰਾਸ਼ਟਰਪਤੀ ਧਨਖੜ ਜੀ ਨੇ ਜੋ ਮਹਾਰਾਸ਼ਟਰ ਦੇ ’ਚ ਇਕ  ਮੀਟਿੰਗ ਦੌਰਾਨ ਖੇਤੀਬਾੜੀ ਮੰਤਰੀ ਸਾਹਮਣੇ ਜੋ ਬਿਆਨ ਦਿਤਾ ਕਿ ਉਨ੍ਹਾਂ ਕੋਲ ਸਾਡਾ ਏਜੰਡਾ ਹੈ। ਹੁਣ ਸਾਡੀ ਨਹੀਂ ਤਾਂ ਅਪਣੇ  ਉਪਰਾਸ਼ਟਰਪਤੀ ਦੀ ਗੱਲ ਮੰਨ ਲੈਣ। ਉਹ ਤਾਂ ਉਨ੍ਹਾਂ ਦੀ ਸਰਕਾਰ ਦੇ ਹੀ ਹਨ, ਉਨ੍ਹਾਂ ਦੀ ਪਾਰਟੀ ਦੇ ਨੇ। ਉਨ੍ਹਾਂ ਦੀ ਗੱਲ ’ਤੇ ਗੌਰ ਕਰ ਲੈਣ ਜਿਹੜੇ ਉਹ ਬੋਲ ਰਹੇ ਨੇ ਵੀ ਭਾਈ ਜੇ ਤੁਸੀਂ ਕਿਸਾਨਾਂ ਦੀਆਂ ਮੰਗਾਂ ਕਿਉਂ ਨਹੀਂ ਮੰਨੀਆਂ?’’

ਇਸ ਮੌਕੇ ਕਿਸਾਨ ਆਗੂ ਸੁਰਜੀਤ ਸਿੰਘ ਫੂਲ ਨੇ ਬੋਲਦਿਆਂ ਕਿਹਾ ਕਿ ਕਿਸਾਨ ਅੰਦੋਲਨ ਦੀ ਅਖਲਾਕੀ ਮਦਦ ਉਪ ਰਾਸ਼ਟਰਪਤੀ ਜਗਦੀਪ ਧਨਖੜ ਨੇ ਖੇਤੀਬਾੜੀ ਮੰਤਰੀ ਸਾਹਮਣੇ ਬਿਆਨ ਦੇ ਕਰ ਦਿਤਾ ਹੈ ਅਤੇ ਕਿਸਾਨਾਂ ਨੂੰ ਸੁਪਰੀਮ ਕੋਰਟ ਦੀ ਬਾਰ ਕੌਂਸਲ ਦੀ ਵੀ ਹਮਾਇਤ ਹੈ। ਉਨ੍ਹਾਂ ਕਿਹਾ, ‘‘ਕਿਸਾਨਾਂ ਦੇ ਕੰਮਾਂ ਦਾ ਰੁਝੇਵਾਂ ਖ਼ਤਮ ਹੋ ਗਿਆ ਹੈ। ਹੁਣ ਕਿਸਾਨ ਬਿਲਕੁਲ ਅੰਦੋਲਨ ਲਈ ਤਿਆਰ ਹਨ ਅਤੇ ਮੋਰਚੇ ਦਾ ਨਤੀਜਾ ਬਹੁਤ ਵਧੀਆ ਅਤੇ ਕਿਸਾਨ ਪੱਖੀ ਹੋਵੇਗਾ।’’

ਇਕ ਹੋਰ ਕਿਸਾਨ ਆਗੂ ਨੇ ਕਿਹਾ, ‘‘26 ਤਰੀਕ ਤੋਂ ਨਵੰਬਰ ਤੋਂ ਡਲੇਵਾਲ ਸਾਹਿਬ ਸਾਡੇ ਫੋਰਮਾਂ ਦੇ ਫੈਸਲੇ ਅਨੁਸਾਰ ਮਰਨ ਵਰਤ ਦੇ ਉੱਤੇ ਬੈਠੇ ਹਨ। ਸਾਡੇ ਦੇਸ਼ ਦੀ ਸਰਕਾਰ ਨੂੰ ਭੋਰਾ ਭਰ ਵੀ ਹਾਲੇ ਤਕ  ਦੇਸ਼ ਦੇ ਅੰਨਦਾਤੇ ਦੇ ਬਾਰੇ ਫ਼?ਕਰ ਨਜ਼ਰ ਨਹੀਂ ਆ ਰਹੀ। ਅਸੀਂ ਸਾਰੇ ਦੇਸ਼ ਦੇ ਲੋਕਾਂ ਨੂੰ ਅਪੀਲ ਕਰਦੇ ਹਾਂ ਕਿ ਇਸ ਅੰਦੋਲਨ ਦੀ ਹਮਾਇਤ ਕਰੋ।’’