ਅੰਮ੍ਰਿਤਸਰ ਬੱਸ ਹਾਦਸੇ ਵਿਚ 10 ਲੋਕਾਂ ਦੀ ਹੋਈ ਮੌਤ, 30 ਜ਼ਖ਼ਮੀ
ਬੱਸ ਅਤੇ ਟਿੱਪਰ ਦੀ ਟੱਕਰ ਹੋਣ ਕਾਰਨ ਵਾਪਰਿਆ ਹਾਦਸਾ
ਅੰਮ੍ਰਿਤਸਰ (ਪੱਤਰ ਪ੍ਰੇਰਕ): ਅੰਮ੍ਰਿਤਸਰ-ਪਠਾਨਕੋਟ ਰਾਸ਼ਟਰੀ ਮਾਰਗ ’ਤੇ ਇਕ ਬੱਸ ਅਤੇ ਟਿੱਪਰ ਟਰੱਕ ਦੀ ਆਪਸੀ ਟੱਕਰ ਦੌਰਾਨ 10 ਸਵਾਰੀਆਂ ਦੀ ਮੌਕੇ ਉਤੇ ਮੌਤ ਹੋਣ ਅਤੇ 30 ਸਵਾਰੀਆਂ ਦੇ ਜ਼ਖ਼ਮੀ ਹੋਣ ਦੀ ਖ਼ਬਰ ਹੈ। ਪ੍ਰਾਪਤ ਜਾਣਕਾਰੀ ਅਨੁਸਾਰ, ਗੋਪਾਲਪੁਰਾ ਨਜ਼ਦੀਕ ਅੰਮ੍ਰਿਤਸਰ ਪਠਾਨਕੋਟ ਰਾਸ਼ਟਰੀ ਮਾਰਗ ’ਤੇ ਇਕ ਪ੍ਰਾਈਵੇਟ ਬੱਸ ਤੇ ਟਿੱਪਰ ਟਰੱਕ ਦੀ ਆਪਸੀ ਜ਼ਬਰਦਸਤ ਟੱਕਰ ਹੋਣ ਕਾਰਨ 10 ਜਣਿਆਂ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦਕਿ 30 ਤੋਂ ਵੱਧ ਸਵਾਰੀਆਂ ਗੰਭੀਰ ਜ਼ਖ਼ਮੀ ਹੋ ਗਈਆਂ।
ਜ਼ਖ਼ਮੀਆਂ ਵਿਚੋਂ ਕਈਆਂ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ ਤੇ ਮੌਤਾਂ ਦੀ ਗਿਣਤੀ ਵਧਣ ਦੀ ਦਾ ਖਦਸ਼ਾ ਵੀ ਪ੍ਰਗਟਾਇਆ ਜਾ ਰਿਹਾ ਹੈ। ਚਸ਼ਮਦੀਦਾਂ ਅਨੁਸਾਰ ਟਿੱਪਰ ਅਪਣੇ ਡੰਪ ਵਲ ਮੁੜਨ ਲਈ ਬਿਨਾਂ ਸੰਕੇਤ ਦਿਤੇ ਅਤੇ ਬਿਨਾਂ ਆਉਂਦੀ-ਜਾਂਦੀ ਟ੍ਰੈਫ਼ਿਕ ਵੇਖੇ ਸੜਕ ਪਾਰ ਕਰਨ ਲੱਗ ਪਿਆ। ਇਸੇ ਦੌਰਾਨ ਪਠਾਨਕੋਟ ਤੋਂ ਅੰਮ੍ਰਿਤਸਰ ਵਲ ਆ ਰਹੀ ਬੀਟੀਸੀ ਕੰਪਨੀ ਦੀ ਪ੍ਰਾਈਵੇਟ ਬੱਸ ਤੇਜ਼ ਰਫ਼ਤਾਰ ਨਾਲ ਆਉਂਦੀ ਹੋਈ ਟਿੱਪਰ ਨਾਲ ਸਿੱਧੀ ਟਕਰਾ ਗਈ।
ਇਹ ਟੱਕਰ ਇੰਨੀ ਭਿਆਨਕ ਸੀ ਕਿ ਬੱਸ ਦੀਆਂ ਅੰਦਰਲੀਆਂ ਸਾਰੀਆਂ ਸੀਟਾਂ ਵੀ ਉਖੜ ਗਈਆਂ ਤੇ ਬੱਸ ਦਾ ਅਗਲਾ ਹਿੱਸਾ ਵੀ ਸਾਰਾ ਟੁੱਟ ਗਿਆ। ਸੂਚਨਾ ਮਿਲਦਿਆਂ ਹੀ ਮੌਕੇ ’ਤੇ ਪੁਲਿਸ ਤੇ ਐਂਬੂਲੈਂਸਾਂ ਪਹੁੰਚ ਗਈਆਂ ਤੇ ਪੁਲਿਸ ਵਲੋਂ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਕਬਜ਼ੇ ਵਿਚ ਲੈ ਕੇ ਜ਼ਖ਼ਮੀਆਂ ਨੂੰ ਤੁਰਤ ਨੇੜਲੇ ਸਰਕਾਰੀ ਤੇ ਪ੍ਰਾਈਵੇਟ ਹਸਪਤਾਲਾਂ ਵਿਚ ਭੇਜਿਆ ਗਿਆ। ਪੁਲਿਸ ਵਲੋਂ ਦੋਵੇਂ ਵਾਹਨ ਵੀ ਜ਼ਬਤ ਕਰ ਕੇ ਅਗਲੇਰੀ ਕਾਰਵਾਈ ਅਮਲ ਵਿਚ ਲਿਆਂਦੀ ਹੈ।