ਕੈਨੇਡੀਅਨ ਸਿੱਖ ਅਫ਼ਸਰ ਨੇ ਭਾਰਤ ਸਰਕਾਰ ਉਤੇ ਠੋਕਿਆ 9 ਕਰੋੜ ਡਾਲਰ ਦਾ ਮਾਣਹਾਨੀ ਦਾਅਵਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕਿਹਾ, ਭਾਰਤੀ ਮੀਡੀਆ ਨੇ ਸਿੱਖ ਹੋਣ ਕਾਰਨ ਅਤਿਵਾਦੀ ਦਾ ਟੈਗ ਦਿਤਾ

Canadian Sikh officer files $90 million defamation claim against Indian government

ਔਟਵਾ: ਕੈਨੇਡਾ ਦੇ ਜੰਮਪਲ ਅਤੇ ਐਬਰਫੋਰਡ ਦੇ ਰਹਿਣ ਵਾਲੇ ਸੰਦੀਪ ਸਿੰਘ ਸਿੱਧੂ ਨੇ ਭਾਰਤ ਸਰਕਾਰ ਉਤੇ 9 ਕਰੋੜ ਡਾਲਰ ਦਾ ਮਾਣਹਾਨੀ ਕੇਸ ਕੀਤਾ ਹੈ। ਕੈਨੇਡਾ ਬਾਰਡਰ ਸਰਵਿਸ ਏਜੰਸੀ (ਸੀ.ਬੀ.ਐੱਸ.ਏ.) ਦੇ ਸੁਪਰਡੈਂਟ ਸੰਦੀਪ ਸਿੰਘ ਸਿੱਧੂ ਨੇ ਦੋਸ਼ ਲਗਾਇਆ ਹੈ ਕਿ ਪਿਛਲੇ ਸਾਲ ਉਸ ਦੀ ਫੋਟੋ ਲਗਾ ਕੇ ਭਾਰਤੀ ਮੀਡੀਆ ਦੇ ਵੱਡੇ ਹਿੱਸੇ ਵਜੋਂ ਉਸ ਨੂੰ ਕੱਟੜ ਅਤਿਵਾਦੀ, ਖਾਲਿਸਤਾਨੀ ਸਮਰਥਕ ਅਤੇ ਕੈਨੇਡਾ ਦਾ ‘ਮੋਸਟ ਵਾਂਟਡ’ ਭਗੌੜਾ ਐਲਾਨ ਕੇ ਕਥਿਤ ਗਲਤ ਤੇ ਬੇਬੁਨਿਆਦ ਪ੍ਰਚਾਰ ਕੀਤਾ ਗਿਆ।

ਉਸ ਨੇ ਓਂਟਾਰੀਓ ਦੀ ਅਦਾਲਤ ਵਿਚ ਭਾਰਤ ਸਰਕਾਰ ਵਿਰੁਧ 9 ਕਰੋੜ ਡਾਲਰ (550 ਕਰੋੜ ਰੁਪਏ) ਦਾ ਦਾਅਵਾ ਠੋਕਿਆ ਹੈ। ਕੈਨੇਡੀਅਨ ਅਖ਼ਬਾਰ ‘ਗਲੋਬ ਐਂਡ ਮੇਲ’ ਅਨੁਸਾਰ ਸੰਨੀ ਦੇ ਵਕੀਲ ਨੇ ਮਾਨਹਾਨੀ ਪਟੀਸ਼ਨ ਵਿਚ ਦਾਅਵਾ ਕੀਤਾ ਕਿ ਉਸ ਦੇ ਮੁਵੱਕਿਲ ਨੂੰ ਸਿਰਫ਼ ਇਸ ਕਾਰਨ ਨਿਸ਼ਾਨਾ ਬਣਾਇਆ ਕਿਉਂਕਿ ਉਸ ਦਾ ਉਪਨਾਮ ਸਿੱਖ ਪਛਾਣ ਨਾਲ ਸਬੰਧਤ ਸੀ।

ਦਾਅਵੇ ਵਿਚ ਕੈਨੇਡਾ ਸਰਕਾਰ ਨੂੰ ਵੀ ਧਿਰ ਬਣਾਇਆ ਗਿਆ ਹੈ ਅਤੇ ਕਿਹਾ ਗਿਆ ਹੈ ਕਿ ਉਹ ਵਿਦੇਸ਼ੀ ਸਰਕਾਰ ਅਤੇ ਉਸ ਦੇ ਮੀਡੀਆ ਅਦਾਰਿਆਂ ਵਲੋਂ ਖਾਸ ਮਕਸਦ ਨੂੰ ਲੈ ਕੇ ਕੀਤੇ ਬੇਬੁਨਿਆਦ ਪ੍ਰਚਾਰ ਨੂੰ ਰੋਕਣ ਵਿਚ ਅਸਫਲ ਰਹੀ। ਸਿੱਧੂ ਨੇ ਅਪਣੇ ਵਕੀਲ ਜੈਫ਼ਰੀ ਕਰੋਕਰ ਰਾਹੀਂ ਦਰਜ ਕੀਤੇ ਮਾਨਹਾਨੀ ਕੇਸ ਵਿਚ ਉਸ ਨੂੰ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਤੇ ਬਦਨਾਮ ਕੀਤੇ ਜਾਣ ਦਾ ਦੋਸ਼ ਲਾਉਂਦਿਆਂ ਕਿਹਾ ਕਿ ਕੈਨੇਡਾ ਦੀ ਬਾਰਡਰ ਏਜੰਸੀ ਵਿਚ ਉੱਚ ਅਹੁਦੇ ’ਤੇ ਡਿਊਟੀ ਨਿਭਾਉਂਦੇ ਹੋਏ ਵੀ ਉਸ ਨੂੰ ਭਗੌੜਾ ਕਰਾਰ ਦੇ ਕੇ ਕੂੜ ਪ੍ਰਚਾਰ ਕੀਤਾ ਗਿਆ। ਉਸ ਨੇ ਦਾਅਵਾ ਕੀਤਾ ਕਿ ਸਮਾਜਕ ਬਦਨਾਮੀ, ਪ੍ਰੇਸ਼ਾਨੀ ਅਤੇ ਅਸੁਰੱਖਿਆ ਕਾਰਨ ਉਹ ਨਸ਼ੇ ਦਾ ਆਦੀ ਹੋ ਗਿਆ ਅਤੇ ਵੈਨਕੂਵਰ ਦੇ ਹਸਪਤਾਲ ‘ਚ ਕਈ ਮਹੀਨੇ ਦਾਖਲ ਰਿਹਾ।     (ਏਜੰਸੀ)