ਮੁਅੱਤਲ DIG ਹਰਚਰਨ ਸਿੰਘ ਭੁੱਲਰ ਖ਼ਿਲਾਫ਼ CBI ਨੇ 300 ਪੇਜ ਦੀ ਚਾਰਜਸ਼ੀਟ ਕੀਤੀ ਦਾਖ਼ਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

CBI ਨੇ ਭੁੱਲਰ ਤੇ ਕ੍ਰਿਸ਼ਾਨੂੰ ਨੂੰ ਬਣਾਇਆ ਆਰੋਪੀ, ED ਨੇ ਵੀ ਭੁੱਲਰ ਖਿ਼ਲਾਫ਼ ਮਨੀ ਲਾਂਡਰਿੰਗ ਦਾ ਕੇਸ ਕੀਤਾ ਦਰਜ

CBI files 300-page chargesheet against suspended DIG Harcharan Singh Bhullar

ਚੰਡੀਗੜ੍ਹ : ਪੰਜਾਬ ਪੁਲਿਸ ਦੇ ਮੁਅੱਤਲ ਡੀ.ਆਈ.ਜੀ. ਹਰਚਰਨ ਸਿੰਘ ਭੁੱਲਰ ਅਤੇ ਵਿਚੋਲੇ ਕ੍ਰਿਸ਼ਨੂ ਸ਼ਾਰਦਾ ਨੂੰ ਅੱਜ ਸੀ.ਬੀ.ਆਈ. ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ । ਦੋਵੇਂ ਪਿਛਲੇ 14 ਦਿਨਾਂ ਤੋਂ ਨਿਆਂਇਕ ਹਿਰਾਸਤ ਵਿੱਚ ਸਨ । ਮੁਅੱਤਲ ਡੀ.ਆਈ.ਜੀ. ਭੁੱਲਰ ਵਿਰੁੱਧ ਭ੍ਰਿਸ਼ਟਾਚਾਰ ਅਤੇ ਮਨੀ ਲਾਂਡਰਿੰਗ ਦੀ ਜਾਂਚ ਤੇਜ਼ ਹੋ ਰਹੀ ਹੈ। ਸੀਬੀਆਈ ਨੇ ਬੁੱਧਵਾਰ ਨੂੰ ਅਦਾਲਤ ਵਿੱਚ 300 ਪੰਨਿਆਂ ਦੀ ਚਾਰਜਸ਼ੀਟ ਦਾਇਰ ਕੀਤੀ। ਇਸ ਦੌਰਾਨ ਈਡੀ ਨੇ ਵੀ ਭੁੱਲਰ ਵਿਰੁੱਧ ਮਨੀ ਲਾਂਡਰਿੰਗ ਦਾ ਕੇਸ ਦਰਜ ਕੀਤਾ ਹੈ ਅਤੇ ਜਾਂਚ ਸ਼ੁਰੂ ਕੀਤੀ ਹੈ। ਸੀ.ਬੀ.ਆਈ. ਨੇ 16 ਅਕਤੂਬਰ 2025 ਨੂੰ ਭੁੱਲਰ ਅਤੇ ਵਿਚੋਲੇ ਕ੍ਰਿਸ਼ਨੂ ਸ਼ਾਰਦਾ ਨੂੰ ਗ੍ਰਿਫ਼ਤਾਰ ਕੀਤਾ ਸੀ । ਦੋਵਾਂ 'ਤੇ ਮੰਡੀ ਗੋਬਿੰਦਗੜ੍ਹ ਦੇ ਸਕ੍ਰੈਪ ਡੀਲਰ ਆਕਾਸ਼ ਬੱਤਾ ਤੋਂ 8 ਲੱਖ ਦੀ ਰਿਸ਼ਵਤ ਮੰਗਣ ਦਾ ਦੋਸ਼ ਹੈ।

ਬੁੱਧਵਾਰ ਨੂੰ ਸੀ.ਬੀ.ਆਈ. ਨੇ ਡੀ.ਆਈ.ਜੀ.ਹਰਚਰਨ ਸਿੰਘ ਭੁੱਲਰ ਮਾਮਲੇ ਵਿੱਚ ਵਿਸ਼ੇਸ਼ ਸੀ.ਬੀ.ਆਈ ਅਦਾਲਤ ਵਿੱਚ 300 ਪੰਨਿਆਂ ਦੀ ਚਾਰਜਸ਼ੀਟ ਦਾਇਰ ਕੀਤੀ । ਜਾਂਚ ਟੀਮ ਨੇ ਭੁੱਲਰ ਅਤੇ ਵਿਚੋਲੇ ਕ੍ਰਿਸ਼ਾਨੂੰ ਨੂੰ ਆਰੋਪੀ ਬਣਾਇਆ। ਜਾਂਚ ਦੌਰਾਨ ਸੀ.ਬੀ.ਆਈੇ. ਨੇ ਵਿਚੋਲੇ ਦੇ ਘਰੋਂ ਇੱਕ ਡਾਇਰੀ ਬਰਾਮਦ ਕੀਤੀ ਜਿਸ ਵਿੱਚ ਪੰਜਾਬ ਦੇ ਕਈ ਨੌਕਰਸ਼ਾਹਾਂ ਅਤੇ ਅਧਿਕਾਰੀਆਂ ਦੇ ਨਾਮ ਅਤੇ ਬੈਂਕ ਖਾਤਾ ਨੰਬਰ ਸਨ । ਜਾਂਚ ਟੀਮ ਨੇ ਚਾਰਜਸ਼ੀਟ ਵਿੱਚ ਇਨ੍ਹਾਂ ਨੌਕਰਸ਼ਾਹਾਂ ਅਤੇ ਦੋ ਨਿਆਂਇਕ ਅਧਿਕਾਰੀਆਂ ਦੇ ਨਾਮ ਸ਼ਾਮਲ ਨਹੀਂ ਕੀਤੇ ਹਨ । ਇਸ ਤੋਂ ਇਲਾਵਾ ਜਾਂਚ ਟੀਮ ਨੇ ਦੋਵਾਂ ਮੁਲਜ਼ਮਾਂ ਵਿਰੁੱਧ ਦਾਇਰ ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਸੀ.ਬੀ.ਆਈ. ਕੋਡ ਆਫ਼ ਕ੍ਰਿਮੀਨਲ ਪ੍ਰੋਸੀਜ਼ਰ ਦੀ ਧਾਰਾ 61(2) ਅਤੇ ਭ੍ਰਿਸ਼ਟਾਚਾਰ ਰੋਕਥਾਮ ਐਕਟ, 1988 ਦੀ ਧਾਰਾ 12 ਸ਼ਾਮਲ ਕੀਤੀ ਹੈ। ਸੀ.ਬੀ.ਆਈ. ਅਦਾਲਤ ਵੀਰਵਾਰ ਨੂੰ ਭੁੱਲਰ ਅਤੇ ਵਿਚੋਲੇ ਵਿਰੁੱਧ ਭ੍ਰਿਸ਼ਟਾਚਾਰ ਅਤੇ ਆਮਦਨ ਤੋਂ ਵੱਧ ਜਾਇਦਾਦ ਦੇ ਦੋਵਾਂ ਮਾਮਲਿਆਂ ਦੀ ਸੁਣਵਾਈ ਕਰੇਗੀ। 16 ਅਕਤੂਬਰ 2025 ਨੂੰ ਸੀ.ਬੀ.ਆਈ ਨੇ ਮੰਡੀ ਗੋਬਿੰਦਗੜ੍ਹ ਨਿਵਾਸੀ ਅਕਾਸ਼ ਬੱਤਾ ਦੀ ਸ਼ਿਕਾਇਤ ਦੇ ਆਧਾਰ 'ਤੇ ਵਿਚੋਲੇ ਕ੍ਰਿਸ਼ਾਨੂੰ ਅਤੇ ਰੋਪੜ ਰੇਂਜ ਦੇ ਡੀ.ਆਈ.ਜੀ. ਹਰਚਰਨ ਸਿੰਘ ਭੁੱਲਰ ਨੂੰ ਗ੍ਰਿਫਤਾਰ ਕੀਤਾ। ਸ਼ਿਕਾਇਤ ਦੇ ਆਧਾਰ 'ਤੇ, ਸੀ.ਬੀ.ਆਈ. ਨੇ ਦੋਵਾਂ ਵਿਰੁੱਧ ਪੀ.ਸੀ ਐਕਟ ਦੀ ਧਾਰਾ 7 ਅਤੇ 7ਏ ਤਹਿਤ ਕੇਸ ਦਰਜ ਕੀਤਾ । ਭੁੱਲਰ ਦੇ ਘਰ 'ਤੇ ਛਾਪੇਮਾਰੀ ਦੌਰਾਨ ਜਾਂਚ ਟੀਮ ਨੇ ਉਸ ਦੇ ਫਾਰਮ ਹਾਊਸ ਤੋਂ 7.32 ਕਰੋੜ ਰੁਪਏ ਦੀ ਨਕਦੀ, ਲਗਭਗ 2.5 ਕਿਲੋ ਸੋਨੇ ਦੇ ਗਹਿਣੇ, 24 ਮਹਿੰਗੀਆਂ ਘੜੀਆਂ ਅਤੇ ਵੱਖ-ਵੱਖ ਬ੍ਰਾਂਡਾਂ ਦੀਆਂ ਵਿਦੇਸ਼ੀ ਸ਼ਰਾਬ ਦੀਆਂ ਬੋਤਲਾਂ ਬਰਾਮਦ ਕੀਤੀਆਂ।

ਸੂਤਰਾਂ ਅਨੁਸਾਰ ਈ.ਡੀ. ਨੇ ਸੀ.ਬੀ.ਆਈ. ਦੀ ਐਫ.ਆਈ.ਆਰ. ਦੇ ਆਧਾਰ 'ਤੇ ਮਨੀ ਲਾਂਡਰਿੰਗ ਰੋਕਥਾਮ ਐਕਟ (ਪੀ.ਐਮ.ਐਲ.ਏ.) ਦੇ ਤਹਿਤ ਵੀ ਕੇਸ ਦਰਜ ਕੀਤਾ ਹੈ । ਈੇ.ਡੀ. ਭੁੱਲਰ ਦੇ ਬੈਂਕ ਖਾਤਿਆਂ, ਲੈਣ-ਦੇਣ ਅਤੇ ਉਸ ਦੀਆਂ ਬੇਨਾਮੀ ਜਾਇਦਾਦਾਂ ਦੀ ਜਾਂਚ ਕਰ ਰਹੀ ਹੈ। ਗ੍ਰਿਫ਼ਤਾਰੀ ਤੋਂ ਬਾਅਦ ਸੀ.ਬੀ.ਆਈ. ਨੇ ਭੁੱਲਰ ਦੇ ਸੈਕਟਰ 40, ਚੰਡੀਗੜ੍ਹ ਸਥਿਤ ਘਰ 'ਤੇ ਛਾਪਾ ਮਾਰਿਆ । ਜਾਂਚ ਟੀਮ ਨੇ ਉਸ ਦੇ ਘਰ ਤੋਂ 7.5 ਕਰੋੜ ਰੁਪਏ ਦੀ ਨਕਦੀ, 2.5 ਕਿਲੋ ਸੋਨਾ ਅਤੇ ਕਈ ਬੇਨਾਮੀ ਜਾਇਦਾਦਾਂ ਨਾਲ ਸਬੰਧਤ ਦਸਤਾਵੇਜ਼ ਬਰਾਮਦ ਕੀਤੇ । ਇਨ੍ਹਾਂ ਬਰਾਮਦਗੀਆਂ ਤੋਂ ਬਾਅਦ ਸੀ.ਬੀ.ਆਈ ਅਤੇ ਪੰਜਾਬ ਵਿਜੀਲੈਂਸ ਬਿਊਰੋ ਨੇ ਵੀ ਉਸਦੇ ਖਿਲਾਫ ਆਮਦਨ ਤੋਂ ਵੱਧ ਜਾਇਦਾਦ ਦਾ ਮਾਮਲਾ ਦਰਜ ਕੀਤਾ।

ਸੀ.ਬੀ.ਆਈ. ਨੇ ਪਹਿਲਾਂ ਡੀ.ਆਈ.ਜੀ. ਭੁੱਲਰ ਦੀ ਗ੍ਰਿਫ਼ਤਾਰੀ ਤੋਂ ਬਾਅਦ ਉਸਦਾ ਪੰਜ ਦਿਨਾਂ ਦਾ ਰਿਮਾਂਡ ਪ੍ਰਾਪਤ ਕੀਤਾ। ਸੀ.ਬੀ.ਆਈ. ਸੂਤਰਾਂ ਅਨੁਸਾਰ ਡੀ.ਆਈ.ਜੀ. ਭੁੱਲਰ ਨੇ ਖੁਲਾਸਾ ਕੀਤਾ ਕਿ ਪੰਜਾਬ ਦੇ ਅਧਿਕਾਰੀ ਪਟਿਆਲਾ ਸਥਿਤ ਪ੍ਰਾਪਰਟੀ ਡੀਲਰ ਭੁਪਿੰਦਰ ਸਿੰਘ ਰਾਹੀਂ ਜਾਇਦਾਦ ਵਿੱਚ ਨਿਵੇਸ਼ ਕਰਦੇ ਹਨ । ਇਸ ਪੁੱਛਗਿੱਛ ਦੌਰਾਨ ਸੀ.ਬੀ.ਆਈ. ਨੇ 14 ਅਜਿਹੇ ਅਧਿਕਾਰੀਆਂ ਦੀ ਪਛਾਣ ਕੀਤੀ ਜਿਨ੍ਹਾਂ ਵਿੱਚ 10 ਆਈ.ਪੀ.ਐਸ. ਅਤੇ 4 ਆਈ.ਏ.ਐਸ ਅਧਿਕਾਰੀ ਸ਼ਾਮਲ ਹਨ।

ਜਾਂਚ ਦੌਰਾਨ ਸੀ.ਬੀ.ਆਈ. ਨੇ ਪਾਇਆ ਕਿ 10 ਆਈ.ਪੀ.ਐਸ. ਅਧਿਕਾਰੀਆਂ ਵਿੱਚੋਂ 8 ਅਜੇ ਵੀ ਖੇਤਰ ਵਿੱਚ ਮਹੱਤਵਪੂਰਨ ਅਹੁਦਿਆਂ 'ਤੇ ਤਾਇਨਾਤ ਹਨ, ਜਦੋਂ ਕਿ 2 ਪੰਜਾਬ ਪੁਲਿਸ ਅਕੈਡਮੀ ਵਿੱਚ ਹਨ। ਇਸ ਤੋਂ ਇਲਾਵਾ, 4 ਆਈ.ਏ.ਐਸ. ਅਧਿਕਾਰੀ ਕਿਸੇ ਨਾ ਕਿਸੇ ਤਰੀਕੇ ਨਾਲ ਮੰਡੀ ਗੋਬਿੰਦਗੜ੍ਹ ਨਾਲ ਜੁੜੇ ਹੋਏ ਹਨ। ਇਸ ਤੋਂ ਬਾਅਦ, ਸੀ.ਬੀ.ਆਈ. ਨੇ ਪਟਿਆਲਾ ਅਤੇ ਲੁਧਿਆਣਾ ਵਿੱਚ ਪ੍ਰਾਪਰਟੀ ਡੀਲਰ ਦੇ ਅਹਾਤੇ 'ਤੇ ਛਾਪਾ ਮਾਰਿਆ ਅਤੇ ਦਸਤਾਵੇਜ਼ ਜ਼ਬਤ ਕੀਤੇ।
ਸੀ.ਬੀ.ਆਈ. ਅਦਾਲਤ ਵਿੱਚ ਡੀ.ਆਈੇ.ਜੀ. ਹਰਚਰਨ ਭੁੱਲਰ ਅਤੇ ਵਿਚੋਲੇ ਕ੍ਰਿਸ਼ਨ ਸ਼ਾਰਦਾ ਦੀ ਪੇਸ਼ੀ ਦੌਰਾਨ ਜਾਂਚ ਏਜੰਸੀ ਨੇ ਇੱਕ ਪ੍ਰਗਤੀ ਰਿਪੋਰਟ ਪੇਸ਼ ਕੀਤੀ। ਜਿਸ ਵਿੱਚ ਕਿਹਾ ਗਿਆ ਸੀ ਕਿ ਪਿਛਲੇ ਰਿਮਾਂਡ ਦੌਰਾਨ ਕ੍ਰਿਸ਼ਨ ਸ਼ਾਰਦਾ ਦੇ ਮੋਬਾਈਲ ਅਤੇ ਹੋਰ ਇਲੈਕਟ੍ਰਾਨਿਕ ਉਪਕਰਣਾਂ ਦੀ ਤਲਾਸ਼ੀ ਲਈ ਗਈ ਸੀ। ਜਿਸ ਰਾਹੀਂ ਇਹ ਪਾਇਆ ਗਿਆ ਕਿ ਉਹ ਕਈ ਅਧਿਕਾਰੀਆਂ ਦੇ ਭ੍ਰਿਸ਼ਟ ਸੌਦਿਆਂ ਵਿੱਚ ਸ਼ਾਮਲ ਸੀ।

ਅੰਕੜਿਆਂ ਦੇ ਆਧਾਰ 'ਤੇ ਸੀ.ਬੀ.ਆਈ. ਨੇ ਕਿਹਾ ਕਿ ਕ੍ਰਿਸ਼ਨ ਨੇ ਅਧਿਕਾਰੀਆਂ ਨਾਲ ਮਿਲੀਭੁਗਤ ਕਰਕੇ ਨਾ ਸਿਰਫ਼ ਮਾਮਲਿਆਂ ਦੀ ਜਾਂਚ ਨੂੰ ਪ੍ਰਭਾਵਿਤ ਕੀਤਾ, ਸਗੋਂ ਤਬਾਦਲਾ-ਪੋਸਟਿੰਗ, ਹਥਿਆਰਾਂ ਦੇ ਲਾਇਸੈਂਸ ਪ੍ਰਾਪਤ ਕਰਨ ਤੋਂ ਲੈ ਕੇ ਐਫ.ਆਈ.ਆਰ. ਦਰਜ ਕਰਨ ਜਾਂ ਪਹਿਲਾਂ ਤੋਂ ਦਰਜ ਐਫ.ਆਈ.ਆਰ. ਰੱਦ ਕਰਨ ਤੱਕ ਦੇ ਕੰਮ ਵੀ ਕੀਤੇ। ਅਜਿਹੇ ਲਗਭਗ 50 ਅਧਿਕਾਰੀ ਹਨ, ਜਿਨ੍ਹਾਂ ਵਿੱਚ ਆਈ.ਏ.ਐਸ ਅਤੇ ਆਈ.ਪੀ.ਐਸ ਅਧਿਕਾਰੀ ਵੀ ਸ਼ਾਮਲ ਹਨ।