Mohali Police ਵੱਲੋਂ ਵਿਦੇਸ਼-ਆਧਾਰਿਤ ਗੈਂਗਸਟਰਾਂ ਗੋਲਡੀ ਢਿੱਲੋਂ ਅਤੇ ਮਨਦੀਪ ਸਪੇਨ ਦਾ ਹੋਰ ਇੱਕ ਸਹਿਯੋਗੀ ਗ੍ਰਿਫ਼ਤਾਰ
ਗ੍ਰਿਫ਼ਤਾਰੀ 12 ਨਵੰਬਰ ਅਤੇ 26 ਨਵੰਬਰ ਦੀਆਂ ਕਾਰਵਾਈਆਂ ਤੋਂ ਬਾਅਦ ਸੰਭਵ ਹੋਈ
ਡੇਰਾਬੱਸੀ : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਡੀ ਜੀ ਪੀ ਪੰਜਾਬ ਗੌਰਵ ਯਾਦਵ ਦੀ ਅਗਵਾਈ ਹੇਠ ਚਲ ਰਹੀ ਸੰਗਠਿਤ ਅਪਰਾਧ ਵਿਰੁੱਧ ਮੁਹਿੰਮ ਨੂੰ ਉਸ ਵੇਲੇ ਵੱਡੀ ਕਾਮਯਾਬੀ ਮਿਲੀ, ਜਦੋਂ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਪੁਲਿਸ ਨੇ ਵਿਦੇਸ਼-ਆਧਾਰਿਤ ਗੈਂਗਸਟਰਾਂ, ਗੋਲਡੀ ਢਿੱਲੋਂ ਅਤੇ ਮਨਦੀਪ ਸਪੇਨ ਦੇ ਹੋਰ ਇੱਕ ਸਹਿਯੋਗੀ ਨੂੰ ਮੋਡੀਊਲ ਵਿਰੁੱਧ ਚੱਲ ਰਹੀ ਕਾਰਵਾਈ ਦੌਰਾਨ ਬੈਕਵਰਡ-ਲਿੰਕੇਜਜ਼ ਜਾਂਚ ਵਿਚ ਗ੍ਰਿਫ਼ਤਾਰ ਕਰ ਲਿਆ।
ਵੇਰਵੇ ਸਾਂਝੇ ਕਰਦੇ ਹੋਏ, ਐਸ ਐਸ ਪੀ ਹਰਮਨਦੀਪ ਸਿੰਘ ਹਾਂਸ ਨੇ ਦੱਸਿਆ ਕਿ ਇਹ ਗ੍ਰਿਫ਼ਤਾਰੀ 12 ਨਵੰਬਰ ਦੀ ਕਾਰਵਾਈ ਤੋਂ ਬਾਅਦ ਸੰਭਵ ਹੋਈ ਹੈ, ਜਿਸ ਵਿੱਚ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਪੁਲਿਸ ਨੇ ਏ ਜੀ ਟੀ ਐਫ਼ ਨਾਲ ਸਾਂਝੇ ਓਪਰੇਸ਼ਨ ਦੌਰਾਨ ਦੋ ਸ਼ੂਟਰਾਂ ਨੂੰ ਕਾਬੂ ਕੀਤਾ ਸੀ। 26 ਨਵੰਬਰ ਨੂੰ ਹੋਈ ਕਾਰਵਾਈ ਦੌਰਾਨ ਡੇਰਾਬੱਸੀ–ਅੰਬਾਲਾ ਹਾਈਵੇ ਨੇੜੇ ਮੁਠਭੇੜ ਤੋਂ ਬਾਅਦ ਚਾਰ ਸ਼ੂਟਰਾਂ ਨੂੰ ਮੋਹਾਲੀ ਪੁਲਿਸ ਅਤੇ ਏ ਜੀ ਟੀ ਐਫ਼ ਨੇ ਕਾਬੂ ਕੀਤਾ ਸੀ। ਇਸ ਮੁਠਭੇੜ ਦੌਰਾਨ ਦੋ ਪੁਲਿਸ ਅਧਿਕਾਰੀਆਂ ਦੀਆਂ ਬੁਲੇਟ-ਪ੍ਰੂਫ ਜੈਕਟਾਂ ਤੇ ਗੋਲੀਆਂ ਲੱਗੀਆਂ, ਜਦੋਂ ਕਿ ਦੋ ਦੋਸ਼ੀ ਪੁਲਿਸ ਦੀ ਜਵਾਬੀ ਫਾਇਰਿੰਗ ਵਿੱਚ ਜ਼ਖ਼ਮੀ ਹੋਏ। ਕਾਰਵਾਈ ਦੌਰਾਨ ਸੱਤ ਪਿਸਤੌਲ ਅਤੇ ਸੱਤਰ ਜ਼ਿੰਦਾ ਕਾਰਤੂਸ ਬਰਾਮਦ ਕੀਤੇ ਗਏ ਸਨ। ਹੁਣ ਗ੍ਰਿਫ਼ਤਾਰ ਦੋਸ਼ੀ ਦੀ ਪਛਾਣ ਰਜਤ ਕੁਮਾਰ ਉਰਫ਼ ਰਾਜਨ, ਨਿਵਾਸੀ ਪਿੰਡ ਜੰਨਸੂਆ, ਪੁਲਿਸ ਥਾਣਾ ਸਦਰ ਰਾਜਪੁਰਾ, ਜ਼ਿਲ੍ਹਾ ਪਟਿਆਲਾ ਵਜੋਂ ਹੋਈ ਹੈ।
ਓਪਰੇਸ਼ਨ ਦੇ ਵੇਰਵਿਆਂ ਬਾਰੇ ਦੱਸਦਿਆਂ, ਐਸ ਐਸ ਪੀ ਨੇ ਕਿਹਾ ਕਿ ਦੋ ਵੱਖ-ਵੱਖ ਕਾਰਵਾਈਆਂ ਵਿੱਚ ਛੇ ਦੋਸ਼ੀਆਂ ਦੀ ਗ੍ਰਿਫ਼ਤਾਰੀ ਤੋਂ ਬਾਅਦ, ਮੋਡੀਊਲ ਦੇ ਬਾਕੀ ਮੈਂਬਰਾਂ ਦੀ ਪਛਾਣ ਕਰਨ ਲਈ ਐਸ ਪੀ (ਦਿਹਾਤੀ) ਮਨਪ੍ਰੀਤ ਸਿੰਘ ਅਤੇ ਡੀ ਐਸ ਪੀ ਡੇਰਾਬੱਸੀ ਬਿਕਰਮਜੀਤ ਸਿੰਘ ਬਰਾੜ ਦੀ ਨਿਗਰਾਨੀ ਹੇਠ ਇੱਕ ਖ਼ਾਸ ਟੀਮ ਵੱਲੋਂ ਵਿਸਥਾਰਪੂਰਵਕ ਬੈਕਵਰਡ-ਲਿੰਕੇਜਜ਼ ਜਾਂਚ ਕੀਤੀ ਗਈ। ਜਾਂਚ ਦੌਰਾਨ ਰਜਤ ਕੁਮਾਰ ਦਾ ਨਾਮ ਸਾਹਮਣੇ ਆਇਆ, ਜਿਸ ਨੇ ਦੂਜੇ ਸਹਾਇਕਾਂ ਦੀ ਮੂਵਮੇਂਟ ਸੌਖੀ ਬਣਾਉਣ, ਰਿਹਾਇਸ਼ ਦੀ ਵਿਵਸਥਾ ਕਰਨ ਅਤੇ ਹਥਿਆਰ ਉਪਲਬਧ ਕਰਵਾਉਣ ਵਿੱਚ ਭੂਮਿਕਾ ਨਿਭਾਈ ਸੀ। ਮਿਲੀ ਜਾਣਕਾਰੀ ਦੇ ਆਧਾਰ 'ਤੇ ਐਸ ਐਚ ਓ ਡੇਰਾਬੱਸੀ ਇੰਸਪੈਕਟਰ ਸੁਮਿਤ ਮੋਰ ਦੀ ਅਗਵਾਈ ਹੇਠ ਏ ਜੀ ਟੀ ਐੱਫ ਅਤੇ ਮੋਹਾਲੀ ਨਗਰ ਪੁਲਿਸ ਦੀਆਂ ਸਾਂਝੀਆਂ ਟੀਮਾਂ ਨੇ ਕੱਲ੍ਹ ਦੁਪਹਿਰ ਡੇਰਾਬੱਸੀ ਬੱਸ ਅੱਡੇ ਨੇੜੇ ਦੋਸ਼ੀ ਨੂੰ ਗ੍ਰਿਫ਼ਤਾਰ ਕੀਤਾ।
ਹੋਰ ਜਾਣਕਾਰੀ ਦਿੰਦੇ ਹੋਏ, ਐਸ ਐਸ ਪੀ ਨੇ ਦੱਸਿਆ ਕਿ ਦੋਸ਼ੀ ਦਾ ਅਪਰਾਧਕ ਪਿੱਛੋਕੜ ਹੈ ਅਤੇ ਉਸ ਦੇ ਖ਼ਿਲਾਫ਼ ਪੰਜਾਬ ਤੇ ਹਰਿਆਣਾ ਵਿੱਚ ਸਨੈਚਿੰਗ ਅਤੇ ਆਰਮਜ਼ ਐਕਟ ਨਾਲ ਸਬੰਧਤ ਦੋ ਮਾਮਲੇ ਦਰਜ ਹਨ। ਮੁੱਢਲੀ ਜਾਂਚ ਤੌਰ 'ਤੇ ਸਾਹਮਣੇ ਆਇਆ ਹੈ ਕਿ 2019 ਵਿੱਚ ਜੇਲ੍ਹ ਦੌਰਾਨ ਉਹ ਗੈਂਗ ਮੈਂਬਰਾਂ ਨਾਲ ਸੰਪਰਕ ਵਿੱਚ ਆਇਆ ਅਤੇ ਹਾਲ ਹੀ ਵਿੱਚ ਗੈਂਗਸਟਰ ਗੋਲਡੀ ਢਿੱਲੋਂ ਦੇ ਨਜ਼ਦੀਕੀ ਮਨਦੀਪ (ਸਪੇਨ) ਦੇ ਸਿੱਧੇ ਨਿਰਦੇਸ਼ਾਂ 'ਤੇ ਕੰਮ ਕਰ ਰਿਹਾ ਸੀ। ਐਸ ਐਸਪੀ ਨੇ ਦੱਸਿਆ ਕਿ ਦੋਸ਼ੀ ਐੱਫ ਆਈ ਆਰ ਨੰਬਰ 0345 ਮਿਤੀ 26.11.2025 ਤਹਿਤ, ਬੀ ਐਨ ਐਸ ਦੀਆਂ ਧਾਰਾਵਾਂ 109, 111, 221, 132, 3(5) ਅਤੇ ਧਾਰਾ 25 ਆਰਮਜ਼ ਐਕਟ ਅਧੀਨ, ਥਾਣਾ ਡੇਰਾਬੱਸੀ ਵਿੱਚ ਦਰਜ ਮਾਮਲੇ ਵਿੱਚ ਲੋੜੀਂਦਾ ਸੀ।
ਉਨ੍ਹਾਂ ਦੱਸਿਆ ਕਿ ਇਸ ਗ੍ਰਿਫ਼ਤਾਰੀ ਨਾਲ ਗੋਲਡੀ ਢਿੱਲੋਂ ਮੋਡੀਊਲ ਨਾਲ ਜੁੜੇ ਕੁੱਲ ਸੱਤ ਸਹਿਯੋਗ ਦੋਸ਼ੀ ਹੁਣ ਤੱਕ ਕਾਬੂ ਕੀਤੇ ਜਾ ਚੁੱਕੇ ਹਨ। ਹੁਣ ਤੱਕ ਕੁੱਲ ਨੌਂ ਪਿਸਤੌਲ ਅਤੇ ਅੱਸੀ ਜ਼ਿੰਦਾ ਕਾਰਤੂਸ ਬਰਾਮਦ ਕੀਤੇ ਗਏ ਹਨ। ਐਸ ਐੱਸ ਪੀ ਨੇ ਕਿਹਾ ਕਿ ਅੱਗੇ ਦੀ ਜਾਂਚ ਜਾਰੀ ਹੈ ਅਤੇ ਇਸ ਗ੍ਰਿਫ਼ਤਾਰੀ ਨਾਲ ਗੈਂਗਸਟਰਾਂ ਨੂੰ ਮਿਲ ਰਹੇ ਵੱਡੇ ਲਾਜਿਸਟਿਕ ਅਤੇ ਵਿੱਤੀ ਸਹਿਯੋਗ ਨੂੰ ਖਤਮ ਕਰਨ ਵਿੱਚ ਮਹੱਤਵਪੂਰਨ ਮਦਦ ਮਿਲੇਗੀ।