ਅਕਾਲੀ ਅਤੇ ਕਾਂਗਰਸੀਆਂ ਸਮੇਤ ਵਿਰੋਧੀ ਪਾਰਟੀਆਂ ਨੂੰ ਨਹੀਂ ਮਿਲ ਰਹੇ ਜਿਲ੍ਹਾ ਪਰਿਸ਼ਦ ਅਤੇ ਬਲਾਕ ਸੰਮਤੀ ਲਈ ਉਮੀਦਵਾਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਆਪਣੀਆਂ ਨਕਾਮੀਆਂ ਨੂੰ ਛੁਪਾਉਣ ਲਈ ਹੋ-ਹੱਲਾਂ ਕਰਨ ਦੇ ਕਰ ਰਹੇ ਨੇ ਡਰਾਮੇਂ - ਬਰਸਟ

Opposition parties including Akalis and Congress are not getting candidates for Zilla Parishad and Block Samiti.

ਚੰਡੀਗੜ੍ਹ :  ਆਮ ਆਦਮੀ ਪਾਰਟੀ, ਪੰਜਾਬ ਦੇ ਜਨਰਲ ਸਕੱਤਰ  ਹਰਚੰਦ ਸਿੰਘ ਬਰਸਟ ਨੇ ਇੱਕ ਬਿਆਨ ਜਾਰੀ ਕਰਦੇ ਹੋਏ ਕਿਹਾ ਕਿ ਪੰਜਾਬ ਵਿੱਚ ਜਿਲ੍ਹਾ ਪਰਿਸ਼ਦ ਅਤੇ ਬਲਾਕ ਸੰਮਤੀ ਦੀਆਂ ਚੋਣਾਂ ਦੇ ਐਲਾਨ ਤੋਂ ਬਾਅਦ ਅਕਾਲੀ, ਕਾਂਗਰਸ ਅਤੇ ਵਿਰੋਧੀ ਪਾਰਟੀਆਂ ਵਿੱਚ ਹੜਕੰਪ ਮੱਚ ਗਿਆ ਹੈ। ਅਕਾਲੀ ਦਲ ਦੇ 3-4 ਧੜੇ ਆਪੋ ਆਪਣੀ ਡਫ਼ਲੀ ਬਜਾ ਰਹੇ ਹਨ। ਕਾਂਗਰਸੀ ਆਗੂਆਂ ਦੀ ਆਪਸੀ ਖਿੱਚੋਤਾਨ ਅਤੇ ਗੁਟਬਾਜੀ ਸਾਰੀ ਦੁਨੀਆਂ ਨੂੰ ਪਤਾ ਹੈ। ਹੁਣ ਜਦੋਂ ਬਲਾਕ ਸੰਮਤੀ ਦੀਆਂ ਚੋਣਾਂ ਦਾ ਐਲਾਨ ਹੋ ਚੁੱਕਾ ਹੈ ਤਾਂ ਇਹਨਾਂ ਸਾਰੀਆਂ ਪਾਰਟੀਆਂ ਨੂੰ ਪਿੰਡਾਂ ਵਿੱਚੋਂ ਕੋਈ ਹੁੰਗਾਰਾ ਨਹੀਂ ਮਿਲ ਰਿਹਾ ਅਤੇ ਨਾ ਹੀ ਸੂਝਵਾਨ ਲੋਕ ਇਹਨਾਂ ਪਾਰਟੀਆਂ ਦੇ ਚੋਣ ਨਿਸ਼ਾਨ ਤੇ ਚੋਣ ਲੜਨ ਲਈ ਤਿਆਰ ਹਨ। ਪਿਛਲੇ ਸਾਢੇ ਤਿੰਨ ਸਾਲਾਂ ਵਿੱਚ ਜੋ ਕੰਮ ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਜੀ ਦੀ ਅਗਵਾਈ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਕੀਤੇ ਹਨ, ਉਸ ਦੇ ਨਾਲ ਆਮ ਲੋਕ ਖੁਸ਼ ਹਨ। 600 ਯੂਨਿਟ ਮੁਫ਼ਤ ਬਿਜਲੀ ਦਾ ਲਾਭ 90% ਲੋਕਾਂ ਨੂੰ ਹੋ ਰਿਹਾ ਹੈ। ਪੰਜਾਬ ਦੀਆਂ ਸਾਰੀਆਂ ਔਰਤਾਂ ਨੂੰ ਬੱਸਾਂ ਦਾ ਸਫਰ ਮੁਫ਼ਤ ਕੀਤਾ ਗਿਆ ਹੈ। ਸਕੂਲਾਂ ਦੇ ਹਾਲਾਤ ਸੁਧਾਰੇ ਜਾ ਰਹੇ ਹਨ। ਮੁਹੱਲਾ ਕਲੀਨਿਕਾਂ ਦਾ ਕੰਮ ਜੋਰਾਂ ਤੇ ਚੱਲ ਰਿਹਾ ਹੈ।

ਪੰਜਾਬ ਦੇ ਲੋਕਾਂ ਲਈ ਸਿਹਤ ਬੀਮਾ ਯੋਜਨਾ 10 ਲੱਖ ਪ੍ਰਤੀ ਪਰਿਵਾਰ ਕੀਤੀ ਗਈ ਹੈ। ਵਿੱਦਿਆ ਅਤੇ ਸਿਹਤ ਦੇ ਖੇਤਰ ਵਿੱਚ ਆਮ ਆਦਮੀ ਪਾਰਟੀ ਦਾ ਯੋਗਦਾਨ ਪਿਛਲੀਆਂ ਸਰਕਾਰਾਂ ਨਾਲੋਂ ਲੱਖਾਂ ਗੁਣਾਂ ਵਧਿਆ ਹੈ। ਪੰਜਾਬ ਦੀ ਕਿਸਾਨੀ ਨੂੰ ਬਚਾਉਣ ਲਈ ਲਗਾਤਾਰ 12 ਘੰਟੇ ਟਿਊਬਵੈਲ ਲਈ ਮੁਫਤ ਬਿਜਲੀ, ਨਹਿਰੀ ਪਾਣੀ ਦੀ ਸਿੰਚਾਈ, ਜੋ ਕਿ ਪਿਛਲੇ 30 ਸਾਲਾਂ ਵਿੱਚ ਘੱਟ ਕੇ 21% ਤੱਕ ਆ ਗਈ ਸੀ। ਅੱਜ 80% ਤੱਕ ਨਹਿਰਾਂ ਦਾ ਪਾਣੀ ਖੇਤਾਂ ਤੱਕ ਪਹੁੰਚਾਉਣ ਦੇ ਕੰਮ ਦਾ ਸਿਹਰਾਂ ਵੀ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਸਿਰ ਹੈ। ਪੰਜਾਬ ਦੇ ਨੌਜਵਾਨਾਂ ਲਈ ਪਾਰਦਰਸ਼ਤਾ ਨਾਲ 58000 ਤੋਂ ਵੱਧ ਨੌਕਰੀਆਂ ਦੇ ਕੇ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਨੌਜਵਾਨਾਂ ਦਾ ਹੌਂਸਲਾ ਵਧਾਇਆ ਹੈ। ਇਸੇ ਕਾਰਨ ਪੰਜਾਬ ਦੇ ਆਮ ਲੋਕ ਆਮ ਆਦਮੀ ਪਾਰਟੀ ਦੇ ਉਮੀਦਵਾਰ ਬਣਕੇ ਪੰਜਾਬ ਦੀ ਤਰੱਕੀ ਵਿੱਚ ਯੋਗਦਾਨ ਪਾਉਣਾ ਚਾਹੁੰਦੇ ਹਨ।

ਦੂਸਰੇ ਪਾਸੇ ਪਿਛਲੇ 30-32 ਸਾਲਾਂ ਤੋਂ ਪੰਜਾਬ ਵਿੱਚ ਅਕਾਲੀ ਦਲ ਅਤੇ ਕਾਂਗਰਸ ਦੀਆਂ ਸਰਕਾਰ ਰਹੀਆਂ ਹਨ। ਜਿਨਾਂ ਦੇ ਮਿਊਂਸੀਪਲ ਚੋਣਾਂ, ਜਿਲ੍ਹਾਂ ਪਰਿਸ਼ਦ ਅਤੇ ਬਲਾਕ ਸੰਮਤੀ ਚੋਣਾਂ ਸਮੇਂ ਜੋ ਗੁੰਡਾ ਗਰਦੀ ਦਾ ਨੰਗਾ ਨਾਚ ਕੀਤਾ ਹੈ, ਪੰਜਾਬ ਦੇ ਲੋਕ ਉਸ ਨੂੰ ਭੁੱਲੇ ਨਹੀਂ। ਸ਼ਹਿਰ ਵਿੱਚ ਅਕਾਲੀ ਰਾਜ ਸਮੇਂ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਵੋਟ ਨਹੀਂ ਪਾਉਣ ਦਿੱਤੀ ਗਈ ਸੀ। ਗੁੰਡਿਆਂ ਅਤੇ ਪੁਲਿਸ ਦੀਆਂ ਧਾਂੜਾ ਨਾਲ ਰਾਜ ਦਾ ਕਤਲ ਕਰਨ ਵਾਲੇ ਅਕਾਲੀ ਅਤੇ ਕਾਂਗਰਸੀਆਂ ਦੀ ਅਸਲੀਅਤ ਲੋਕ ਸਮਝ ਚੁੱਕੇ ਹਨ। ਇਸੇ ਲਈ ਅੱਜ ਕੋਈ ਸੂਝਵਾਨ ਵਿਅਕਤੀ ਜਿਲ੍ਹਾ ਪਰਿਸ਼ਦ ਅਤੇ ਬਲਾਕ ਸੰਮਤੀ ਚੋਣਾਂ ਵਿੱਚ ਇਹਨਾਂ ਦਾ ਉਮੀਦਵਾਰ ਬਣਨ ਲਈ ਤਿਆਰ ਨਹੀਂ। ਇਸੀ ਕਾਰਨ ਆਪਣੀਆਂ ਨਕਾਮੀਆਂ ਨੂੰ ਛੁਪਾਉਂਦੇ ਹੋਏ ਡਰਾਮੇ ਕਰ ਰਹੇ ਹਨ। ਜਦੋਂ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਹਰ ਤਰਾਂ ਦੀਆਂ ਸ਼ਰਤਾਂ ਖਤਮ ਕਰ ਕੇ ਇੱਕ ਸਿੰਪਲ ਬਿਆਨ ਹਲਫਿਆਂ ਦੇ ਕੇ ਇਹਨਾਂ ਚੋਣਾਂ ਲਈ ਉਮੀਦਵਾਰ ਬਣਨ ਦੇ ਕਾਗਜ਼ ਭਰਨ ਦੀ ਖੁੱਲ ਦਿੱਤੀ ਹੈ। ਇਸ ਲਈ ਪੰਜਾਬ ਦੇ ਆਮ ਲੋਕਾਂ ਤੇ ਅਕਾਲੀ, ਕਾਂਗਰਸ ਅਤੇ ਵਿਰੋਧੀ ਪਾਰਟੀਆਂ ਦੇ ਡਰਾਮਿਆਂ ਦੇ ਕੋਈ ਅਸਰ ਨਹੀਂ ਤੇ ਉਹ ਵੱਡੀ ਗਿਣਤੀ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨੂੰ ਜਿਤਾਉਣਗੇ।