Lok Sabha ’ਚ ਗੂੰਜਿਆ ਅਮਰੀਕਾ ਤੋਂ ਡਿਪੋਰਟ ਕੀਤੀ ਗਈ ਦਾਦੀ ਹਰਜੀਤ ਕੌਰ ਦਾ ਮਾਮਲਾ
ਹਰਜੀਤ ਕੌਰ ਨਾਲ ਹਿਰਾਸਤ ਦੌਰਾਨ ਹੋਇਆ ਸੀ ਦੁਰਵਿਵਹਾਰ : ਐਸ. ਜੈ. ਸ਼ੰਕਰ
ਨਵੀਂ ਦਿੱਲੀ : ਅਮਰੀਕਾ ਤੋਂ ਡਿਪੋਰਟ ਕੀਤੀ ਦਾਦੀ ਹਰਜੀਤ ਕੌਰ ਦਾ ਮਾਮਲਾ ਅੱਜ ਲੋਕ ਸਭਾ ’ਚ ਵੀ ਗੂੰਜਿਆ। ਇਹ ਮੁੱਦਾ ਕੇਂਦਰੀ ਵਿਦੇਸ਼ ਮੰਤਰੀ ਐਸ. ਜੈ.ਸ਼ੰਕਰ ਵੱਲੋਂ ਚੁੱਕਿਆ ਗਿਆ। ਵਿਦੇਸ਼ ਮੰਤਰੀ ਨੇ ਕਿਹਾ ਕਿ ਮੈਂ ਮਾਣਯੋਗ ਮੈਂਬਰਾਂ ਨੂੰ ਦਾਦੀ ਹਰਜੀਤ ਕੌਰ ਦੇ ਬਾਰੇ ਦੱਸਣਾ ਚਾਹੁੰਦਾ ਹਾਂ, ਜਿਨ੍ਹਾਂ ਨੂੰ ਅਮਰੀਕਾ ਤੋਂ ਡਿਪੋਰਟ ਕੀਤਾ ਗਿਆ ਸੀ । ਮੈਂ ਇਸ ਕੇਸ ਨੂੰ ਲੈ ਕੇ ਦੱਸਣਾ ਚਾਹੁੰਦਾ ਹਾਂ ਕਿ ਜਦੋਂ ਵੀ ਡਿਪੋਰਟ ਲੋਕਾਂ ਨੂੰ ਲੈ ਕੇ ਕੋਈ ਉਡਾਨ ਆਉਂਦੀ ਹੈ ਤਾਂ ਡਿਪੋਰਟਡ ਲੋਕਾਂ ਦਾ ਭਾਰਤ ਸਰਕਾਰ ਦੇ ਅਧਿਕਾਰੀਆਂ ਵੱਲੋਂ ਲਾਜ਼ਮੀ ਤੌਰ ’ਤੇ ਬਿਆਨ ਲਿਆ ਜਾਂਦਾ ਹੈ ।
ਕੇਂਦਰੀ ਵਿਦੇਸ਼ ਮੰਤਰੀ ਐਸ. ਜੈ. ਸ਼ੰਕਰ ਨੇ ਕਿਹਾ ਕਿ ਹਰਜੀਤ ਕੌਰ ਨੂੰ ਹਥਕੜੀ ਨਹੀਂ ਲਗਾਈ ਗਈ ਸੀ, ਪਰ ਜਹਾਜ਼ ਵਿਚ ਬਿਠਾਉਣ ਤੋਂ ਪਹਿਲਾਂ ਹਿਰਾਸਤ ਵਿਚ ਉਨ੍ਹਾਂ ਦੇ ਨਾਲ ਦੁਰਵਿਵਹਾਰ ਕੀਤਾ ਗਿਆ ਸੀ । ਅਸੀਂ ਅਮਰੀਕੀ ਅੰਬੈਸੀ ਦੇ ਸਾਹਮਣੇ ਇਸ ਮੁੱਦੇ ਨੂੰ ਜ਼ੋਰਦਾਰ ਤਰੀਕੇ ਨਾਲ ਚੁੱਕਿਆ ਸੀ ਅਤੇ ਅਮਰੀਕੀ ਅਧਿਕਾਰੀਆਂ ਨੂੰ ਇਸ ’ਤੇ ਗੌਰ ਕਰਨ ਲਈ ਵੀ ਆਖਿਆ ਸੀ।
ਜ਼ਿਕਰਯੋਗ ਹੈ ਕੁੱਝ ਸਮਾਂ ਪਹਿਲਾਂ ਦਾਦੀ ਹਰਜੀਤ ਕੌਰ ਨੂੰ ਅਮਰੀਕਾ ਤੋਂ ਡਿਪੋਰਟ ਕੀਤਾ ਗਿਆ ਸੀ ਜਦਿਕ ਉਹ ਪਿਛਲੇ ਲੰਬੇ ਸਮੇਂ ਤੋਂ ਆਪਣੇ ਬੱਚਿਆਂ ਦੇ ਨਾਲ ਅਮਰੀਕਾ ਵਿਚ ਰਹਿ ਰਹੀ ਸੀ। ਉਨ੍ਹਾਂ ’ਤੇ ਅਮਰੀਕਾ ਵਿਚ ਗੈਰਕਾਨੂੰਨੀ ਤੌਰ ’ਤੇ ਰਹਿਣ ਦੇ ਇਲਜ਼ਾਮ ਲਾ ਕੇ ਡਿਪੋਰਟ ਕੀਤਾ ਗਿਆ ਸੀ। ਡਿਪੋਰਟ ਕੀਤੇ ਜਾਣ ਤੋਂ ਪਹਿਲਾਂ ਦਾਦੀ ਹਰਜੀਤ ਕੌਰ ਨੂੰ ਹਿਰਾਸਤ ਵਿਚ ਰੱਖਿਆ ਗਿਆ ਸੀ ਅਤੇ ਉਨ੍ਹਾਂ ਨਾਲ ਹਿਰਾਸਤ ਦੌਰਾਨ ਦੁਰਵਿਵਹਾਰ ਵੀ ਹੋਇਆ ਸੀ।