ਸਿਰਸਾ ਡੇਰੇ ਚੋਂ ਬੇਅਦਬੀਆਂ ਦੇ ਨਿਰਦੇਸ਼ ਆਉਂਦੇ ਰਹੇ ਹੋਣ ਦੇ ਦਾਅਵੇ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸਾਲ 2015 ਚ ਹੋਈ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਮਾਮਲੇ ਵਿੱਚ ਵੱਡਾ ਖੁਲਾਸਾ ਹੋ ਰਿਹਾ ਹੈ......

Sauda Dera

ਚੰਡੀਗੜ੍ਹ (ਨੀਲ ਬੀ. ਸਿੰਘ) : ਸਾਲ 2015 ਚ ਹੋਈ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਮਾਮਲੇ ਵਿੱਚ ਵੱਡਾ ਖੁਲਾਸਾ  ਹੋ ਰਿਹਾ ਹੈ। ਰਾਮ ਰਹੀਮ ਦੀ ਅਗਵਾਈ ਵਾਲੇ ਸਿਰਸਾ ਦੇ ਡੇਰੇ  ਚੋਂ ਬੇਅਦਬੀਆਂ ਕਰਨ ਦੇ ਨਿਰਦੇਸ਼ ਮਿਲੇ ਹੋਣ ਦੇ ਦਾਅਵੇ ਕੀਤੇ ਗਏ ਹਨ. ਬੇਅਦਬੀ ਮਾਮਲਿਆਂ ਦੀ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮ (ਸਿਟ) ਨੇ ਜ਼ਿਲ੍ਹਾ ਮੋਗਾ ਦੇ ਪਿੰਡ ਮਲਕੇ ਤੇ ਬਠਿੰਡਾ ਦੇ ਪਿੰਡ ਗੁਰੂਸਰ ਵਿੱਚ ਬੇਅਦਬੀ ਦੇ ਮਾਮਲੇ ਸਬੰਧੀ ਕ੍ਰਮਵਾਰ ਬਾਘਾਪੁਰਾਣਾ ਤੇ ਫੂਲ ਅਦਾਲਤ ਵਿੱਚ ਚਲਾਨ ਪੇਸ਼ ਕੀਤੇ ਹਨ। ਪਿੰਡ ਮਲਕੇ ਬੇਅਦਬੀ ਕੇਸ ਸਬੰਧੀ ਸਿਟ ਨੇ ਮੁੱਖ ਮੁਲਜ਼ਮ ਪ੍ਰਿਥੀ ਸਿੰਘ ਸਮੇਤ ਪੰਜਾਂ ਖਿਲਾਫ ਚਲਾਨ ਪੇਸ਼ ਕੀਤਾ ਹੈ।

ਇਸੇ ਤਰ੍ਹਾਂ ਗੁਰੂਸਰ ਕੇਸ ਸਬੰਧੀ ਛੇ ਜਣਿਆਂ ਖਿਲਾਫ ਚਲਾਨ ਪੇਸ਼ ਕੀਤੇ ਗਏ। ਸੂਤਰਾਂ ਦੇ ਹਵਾਲੇ ਨਾਲ  ਦੱਸਿਆ ਜਾ ਰਿਹਾ ਹੈ ਕਿ ਗੁਰੂਸਰ ਬੇਅਦਬੀ ਕੇਸ ਸਬੰਧੀ ਤਿੰਨ ਮੁੱਖ ਮੁਲਜ਼ਮ ਪਰਦੀਪ ਕਲੇਰ, ਸਨਦੀਪ ਬਰੇਟਾ ਤੇ ਹਰਸ਼ ਧੂਰੀ ਹਾਲੇ ਤਕ ਫਰਾਰ ਹਨ। ਫੂਲ ਅਦਾਲਤ ਨੇ ਪਹਿਲਾਂ ਹੀ ਇਨ੍ਹਾਂ ਖ਼ਿਲਾਫ਼ ਗੈਰ ਜ਼ਮਾਨਤੀ ਵਾਰੰਟ ਜਾਰੀ ਕੀਤੇ ਹੋਏ ਹਨ। ਇਨ੍ਹਾਂ ਦੀ ਗ੍ਰਿਫ਼ਤਾਰੀ ਪਿੱਛੋਂ ਸਿਟ ਇਨ੍ਹਾਂ ਖ਼ਿਲਾਫ਼ ਸਪਲੀਮੈਂਟਰੀ ਚਲਾਨ ਦਰਜ ਕਰੇਗੀ।

ਸਿਟ ਮੁਖੀ ਡੀਆਈਜੀ ਰਣਬੀਰ ਸਿੰਘ ਖਟਰਾ ਦੇ ਹਵਾਲੇ ਨਾਲ ਪਤਾ ਲੱਗਾ ਹੈ ਕਿ ਉਕਤ ਅਦਾਲਤਾਂ ਵਿੱਚ ਚਲਾਨ ਪੇਸ਼ ਕਰਨ ਤੋਂ ਪਹਿਲਾਂ ਪੰਜਾਬ ਸਰਕਾਰ ਤੋਂ ਬਕਾਇਦਾ ਮਨਜ਼ੂਰੀ ਲਈ ਗਈ ਹੈ। ਸੂਤਰਾਂ ਨੇ ਦੱਸਿਆ ਕਿ ਮੁੱਖ ਮੁਲਜ਼ਮ ਪ੍ਰਿਥੀ ਸਿੰਘ ਡੇਰਾ ਸਿਰਸਾ ਦੀ ਸੂਬਾ ਕਮੇਟੀ ਦਾ ਹਿੱਸਾ ਸੀ, ਉਸ ਨੂੰ ਡੇਰਾ ਪ੍ਰਬੰਧਕਾਂ ਤੋਂ ਬੇਅਦਬੀ ਕਰਨ ਦਾ ਨਿਰਦੇਸ਼ ਮਿਲਿਆ ਸੀ। ਉਸ ਨੇ ਅਮਰਦੀਪ ਤੇ ਮਿੱਠੂ ਕੋਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਵਾਈ।