ਗੁਜਰਾਤੀ-ਪੰਜਾਬੀ ਕਿਸਾਨਾਂ ਲਈ ਹੈਰਾਨੀ ਤੇ ਪ੍ਰੇਸ਼ਾਨੀ ਰਹੀ ਮੋਦੀ ਦੀ ਪੰਜਾਬ ਫੇਰੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪੰਜਾਬ ਫੇਰੀ ਨਾਲ ਜਿੱਥੇ ਨਵੇਂ ਵਿਵਾਦ ਅਤੇ ਚਰਚਾ ਨੇ ਜਨਮ ਲੈ ਲਿਆ ਹੈ......

Narendra Modi

ਕੋਟਕਪੁਰਾ  : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪੰਜਾਬ ਫੇਰੀ ਨਾਲ ਜਿੱਥੇ ਨਵੇਂ ਵਿਵਾਦ ਅਤੇ ਚਰਚਾ ਨੇ ਜਨਮ ਲੈ ਲਿਆ ਹੈ, ਉੱਥੇ ਅਕਾਲੀ ਦਲ ਬਾਦਲ ਲਈ ਇਕ ਹੋਰ ਮੁਸੀਬਤ ਖੜ੍ਹੀ ਹੋ ਗਈ ਹੈ, ਕਿਉਂਕਿ ਨਰਿੰਦਰ ਮੋਦੀ ਵਲੋਂ ਆਪਣੀ ਸਰਕਾਰ ਦਾ ਗੁਣਗਾਨ, ਗਾਂਧੀ ਪਰਿਵਾਰ ਅਤੇ ਕਾਂਗਰਸ ਦੀ ਨੁਕਤਾਚੀਨੀ 'ਤੇ ਜਿਵੇਂ ਜ਼ਿਆਦਾ ਸਮਾਂ ਲਾਇਆ, ਉਸ ਤੋਂ ਇਹ ਚਰਚਾ ਛਿੜ ਪਈ ਹੈ ਕਿ ਅਜਿਹੇ ਬਿਆਨ ਤਾਂ ਲੋਕ ਰੋਜ਼ਾਨਾ ਦੀ ਤਰ੍ਹਾਂ ਪ੍ਰਿੰਟ, ਬਿਜਲਈ ਅਤੇ ਸ਼ੋਸ਼ਲ ਮੀਡੀਏ ਰਾਹੀਂ ਸੁਣਦੇ ਆ ਰਹੇ ਹਨ, ਜੇਕਰ ਇਹੀ ਕੁੱਝ ਕਹਿਣ ਲਈ ਕਈ ਦਿਨਾਂ ਦੀ ਤਿਆਰੀ ਤੋਂ ਬਾਅਦ ਕੜਾਕੇ ਦੀ ਠੰਢ ਅਤੇ ਸੰਘਣੀ ਧੁੰਦ 'ਚ ਲੋਕਾਂ ਨੂੰ ਢੋਹ-ਢੋਹ ਕੇ ਲਿਆਉਣ ਲਈ

ਅਕਾਲੀ-ਭਾਜਪਾ ਗਠਜੋੜ ਦੇ ਆਗੂਆਂ ਨੂੰ ਮਜਬੂਰ ਕਰਨਾ ਸੀ ਤਾਂ ਇਸ ਦੀ ਸ਼ਾਇਦ ਕੋਈ ਬਹੁਤੀ ਲੋੜ ਨਹੀਂ ਸੀ।  ਪਿਛਲੇ 50 ਸਾਲਾਂ ਤੋਂ 5 ਹਜ਼ਾਰ ਦੇ ਕਰੀਬ ਪੰਜਾਬੀ ਕਿਸਾਨਾਂ ਦੇ ਉਹ ਪਰਵਾਰ ਗੁਜਰਾਤ 'ਚ ਜੀਵਨ ਬਤੀਤ ਕਰ ਰਹੇ ਹਨ, ਜਿਨ੍ਹਾਂ ਨੇ ਬੀਆਬਾਨ ਜੰਗਲਾਂ ਨੂੰ ਆਬਾਦ ਕਰ ਕੇ ਉਪਜਾਊ ਜ਼ਮੀਨਾਂ 'ਚ ਤਬਦੀਲ ਕੀਤਾ ਪਰ ਕਰੀਬ 7-8 ਸਾਲ ਪਹਿਲਾਂ ਤਤਕਾਲੀ ਗੁਜਰਾਤ ਦੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਭਾਜਪਾ ਸਰਕਾਰ ਨੇ ਉਨ੍ਹਾਂ ਦਾ ਜੀਣਾ ਦੁੱਭਰ ਕਰ ਦਿਤਾ ਸੀ। ਪੰਜਾਬੀ ਕਿਸਾਨਾਂ ਨੂੰ ਤੰਗ, ਪ੍ਰੇਸ਼ਾਨ ਅਤੇ ਜ਼ਲੀਲ ਕਰਨ ਦਾ ਉਹ ਸਿਲਸਿਲਾ ਅੱਜ ਵੀ ਗੁਜਰਾਤ ਦੀ ਭਾਜਪਾ ਸਰਕਾਰ ਵਲੋਂ ਜਾਰੀ ਹੈ।

'ਰੋਜ਼ਾਨਾ ਸਪੋਕਸਮੈਨ' ਵਲੋਂ ਅੰਕੜਿਆਂ ਅਤੇ ਤੱਥਾਂ ਸਮੇਤ ਉਕਤ ਮੁੱਦਾ ਪ੍ਰਮੁੱਖਤਾ ਨਾਲ ਉਠਾਉਣ ਦੇ ਬਾਵਜੂਦ ਬਾਦਲ ਦਲ ਦੇ ਪ੍ਰਧਾਨ ਸਮੇਤ ਕਿਸੇ ਵੀ ਆਗੂ, ਤਖ਼ਤਾਂ ਦੇ ਜਥੇਦਾਰਾਂ ਜਾਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਆਦਿ ਨੇ ਇਸ ਸਬੰਧੀ ਮੂੰਹ ਖੋਲ੍ਹਣ ਦੀ ਜ਼ਰੂਰਤ ਨਾ ਸਮਝੀ। ਜਦੋਂ ਨਰਿੰਦਰ ਮੋਦੀ 2016 'ਚ ਬਠਿੰਡਾ, 2017 'ਚ ਕੋਟਕਪੂਰਾ ਅਤੇ 2018 'ਚ ਮਲੋਟ ਵਿਖੇ ਆਏ ਸਨ ਤਾਂ ਉਕਤ ਪੀੜਤ ਕਿਸਾਨਾਂ ਨੂੰ ਆਸ ਬੱਝੀ ਸੀ ਕਿ ਬਾਦਲ ਪਰਵਾਰ ਉਨ੍ਹਾਂ ਦੀਆਂ ਮੁਸ਼ਕਲਾਂ ਅਤੇ ਸਮੱਸਿਆਵਾਂ ਨਰਿੰਦਰ ਮੋਦੀ ਨਾਲ ਜਰੂਰ ਸਾਂਝੀਆਂ ਕਰੇਗਾ,

ਉਸ ਤੋਂ ਬਾਅਦ ਹੁਣ ਗੁਰਦਾਸਪੁਰ ਰੈਲੀ 'ਚ ਵੀ ਉਕਤ ਕਿਸਾਨ ਉਹੀ ਆਸ ਕਰ ਬੈਠੇ ਪਰ ਬਾਦਲ ਪਰਵਾਰ ਨੂੰ ਪੰਜਾਬੀ ਕਿਸਾਨਾਂ ਦੇ ਉਕਤ ਦਰਦ ਨਾਲ ਸ਼ਾਇਦ ਕੋਈ ਸਰੋਕਾਰ ਨਹੀਂ ਰਿਹਾ।  ਜਦੋਂ ਕੇਂਦਰ 'ਚ ਭਾਜਪਾ ਸਰਕਾਰ ਬਣੀ ਤਾਂ ਪ੍ਰਧਾਨ ਮੰਤਰੀ ਅਟੱਲ ਬਿਹਾਰੀ ਵਾਜਪਾਈ ਦੇ ਪੰਜਾਬ ਦੌਰੇ ਮੌਕੇ ਉਨ੍ਹਾਂ ਦੇ ਸਿਰ ਦਸਤਾਰ ਸਜਾਈ ਗਈ, ਨਰਿੰਦਰ ਮੋਦੀ ਦੇ ਬਠਿੰਡਾ, ਕੋਟਕਪੂਰਾ ਅਤੇ ਮਲੋਟ ਦੌਰਿਆਂ

ਮੌਕੇ ਵੀ ਦਸਤਾਰ ਸਜਾਉਣ ਵਾਲੀਆਂ ਤਸਵੀਰਾਂ ਮੀਡੀਆ ਦੀਆਂ ਸੁਰਖੀਆਂ ਬਣੀਆਂ ਪਰ ਇਸ ਵਾਰ ਨਰਿੰਦਰ ਮੋਦੀ ਪੰਜਾਬ 'ਚ ਦਸਤਾਰ ਤੋਂ ਬਿਨਾ ਨਜ਼ਰ ਆਏ। ਕੀ ਉਹ ਦਸਤਾਰ ਸਿਰ 'ਤੇ ਨਹੀਂ ਸਨ ਰਖਾਉਣਾ ਚਾਹੁੰਦੇ, ਕੀ ਉਨ੍ਹਾਂ ਨੂੰ ਦਸਤਾਰ ਦੇ ਮਹੱਤਵ ਬਾਰੇ ਕੋਈ ਜਾਣਕਾਰੀ ਨਹੀਂ, ਜਾਂ ਬਾਦਲ ਪਰਵਾਰ ਉਨ੍ਹਾਂ ਨੂੰ ਦਸਤਾਰ ਦੀ ਮਹੱਤਤਾ ਤੋਂ ਜਾਣੂ ਕਰਾਉਣ 'ਚ ਅਸਫ਼ਲ ਰਿਹਾ ਹੈ, ਇਹ ਚਰਚਾ ਪੰਜਾਬ ਭਰ ਦੀਆਂ ਸਿੱਖ ਸੰਗਤਾਂ 'ਚ ਛਿੜ ਪਈ ਹੈ।