ਮੱਧ ਪ੍ਰਦੇਸ਼ 'ਚ ਬੇਘਰ ਕੀਤੇ ਸਿੱਖਾਂ ਲਈ ਸ਼੍ਰੋਮਣੀ ਕਮੇਟੀ ਵਲੋਂ 50 ਹਜ਼ਾਰ ਰੁਪਏ ਦੀ ਸਹਾਇਤਾ ਦਾ ਐਲਾਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਮੱਧ ਪ੍ਰਦੇਸ਼ ਦੇ ਬੇਘਰ ਕੀਤੇ ਗਏ ਸਿੱਖ ਪਰਵਾਰਾਂ ਦੀ ਮਦਦ ਲਈ 50-50 ਹਜ਼ਾਰ ਰੁਪਏ ਦੇਣ ਦਾ ਐਲਾਨ ਕੀਤਾ ਗਿਆ ਹੈ।

SGPC

ਅੰਮ੍ਰਿਤਸਰ (ਚਰਨਜੀਤ ਸਿੰਘ): ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਮੱਧ ਪ੍ਰਦੇਸ਼ ਦੇ ਬੇਘਰ ਕੀਤੇ ਗਏ ਸਿੱਖ ਪਰਵਾਰਾਂ ਦੀ ਮਦਦ ਲਈ 50-50 ਹਜ਼ਾਰ ਰੁਪਏ ਦੇਣ ਦਾ ਐਲਾਨ ਕੀਤਾ ਗਿਆ ਹੈ। ਸਥਾਨਕ ਪ੍ਰਸ਼ਾਸਨ ਵਲੋਂ ਜਿਨ੍ਹਾਂ ਸਿੱਖ ਪਰਵਾਰਾਂ ਦੇ ਘਰ ਢਾਹ ਦਿਤੇ ਗਏ ਸਨ, ਉਨ੍ਹਾਂ ਨੂੰ ਇਹ ਸਹਾਇਤਾ ਦਿਤੀ ਜਾਵੇਗੀ।

ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਵਲੋਂ ਗਠਤ ਕੀਤੀ ਗਈ ਸਬ-ਕਮੇਟੀ ਨੇ ਮੱਧ ਪ੍ਰਦੇਸ਼ ਦੇ ਪੀੜਤ ਸਿੱਖਾਂ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਹਰ ਤਰ੍ਹਾਂ ਦੀ ਮਦਦ ਦਾ ਭਰੋਸਾ ਦਿਤਾ।

ਸ਼੍ਰੋਮਣੀ ਕਮੇਟੀ ਦੇ ਵਫ਼ਦ ਜਿਸ ਵਿਚ ਅੰਤ੍ਰਿੰਗ ਕਮੇਟੀ ਮੈਂਬਰ ਸ. ਇੰਦਰਮੋਹਨ ਸਿੰਘ ਲਖਮੀਰ ਵਾਲਾ, ਮੈਂਬਰ ਭਾਈ ਗੁਰਚਰਨ ਸਿੰਘ ਗਰੇਵਾਲ ਅਤੇ ਮੀਤ ਸਕੱਤਰ ਸ. ਤੇਜਿੰਦਰ ਸਿੰਘ ਪੱਡਾ ਸ਼ਾਮਲ ਹਨ, ਨੇ ਮੱਧ ਪ੍ਰਦੇਸ਼ ਸ਼ਿਵਪੁਰੀ ਅਤੇ ਕਰਾਹਲ ਦੇ ਗੁਰਦੁਆਰਾ ਸਾਹਿਬਾਨ ਵਿਖੇ ਸਿੱਖਾਂ ਨਾਲ ਗੱਲਬਾਤ ਕੀਤੀ।

ਇਸ ਦੌਰਾਨ ਵਫ਼ਦ ਮੈਂਬਰਾਂ ਨੇ ਭਾਈ ਲੌਂਗੋਵਾਲ ਨਾਲ ਫ਼ੋਨ 'ਤੇ ਗੱਲਬਾਤ ਕਰ ਕੇ ਜਿਨ੍ਹਾਂ ਦੇ ਘਰ ਢਾਹੇ ਗਏ ਸਨ, ਉਨ੍ਹਾਂ ਲਈ 50-50 ਹਜ਼ਾਰ ਰੁਪਏ ਦੇ ਸਹਾਇਤਾ
ਕਰਨ ਦਾ ਐਲਾਨ ਕੀਤਾ। ਕਰਾਹਲ ਦੇ ਗੁਰਦਵਾਰਾ ਸਾਹਿਬ ਵਿਖੇ ਵੱਡੀ ਗਿਣਤੀ ਵਿਚ ਸੰਗਤਾਂ ਨੇ ਸ਼ਾਮਲ ਹੋ ਕੇ ਸ਼੍ਰੋਮਣੀ ਕਮੇਟੀ ਦੇ ਵਫ਼ਦ ਮੈਂਬਰਾਂ ਨੂੰ ਸਾਰੀ ਜਾਣਕਾਰੀ ਦਿਤੀ ਅਤੇ ਉਨ੍ਹਾਂ ਦੀ ਸਾਰ ਲੈਣ ਲਈ ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਲੌਂਗੋਵਾਲ ਦਾ ਧੰਨਵਾਦ ਕੀਤਾ।

ਮੱਧ ਪ੍ਰਦੇਸ਼ ਤੋਂ ਜਾਣਕਾਰੀ ਦਿੰਦਿਆਂ ਸ਼੍ਰੋਮਣੀ ਕਮੇਟੀ ਦੇ ਮੈਂਬਰ ਭਾਈ ਗੁਰਚਰਨ ਸਿੰਘ ਗਰੇਵਾਲ ਨੇ ਦੱਸਿਆ ਕਿ 12 ਦੇ ਕਰੀਬ ਸਿੱਖਾਂ ਦੇ ਘਰ ਢਾਹੇ ਗਏ ਹਨ। ਉਨ੍ਹਾਂ ਦੱਸਿਆ ਕਿ ਇਹ 40 ਸਾਲਾਂ ਤੋਂ ਇਥੇ ਰਹਿ ਰਹੇ ਹਨ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਛਉਪਰ ਦੀ ਤਹਿਸੀਲ ਕਰਾਹਲ ਦੇ ਵੱਖ-ਵੱਖ ਪਿੰਡਾਂ ਵਿੱਚੋਂ ਸਿੱਖਾਂ ਨੂੰ ਉਜਾੜਿਆ ਗਿਆ ਹੈ।

ਉਨ੍ਹਾਂ ਦੱਸਿਆ ਕਿ ਸਰਕਾਰ ਨੇ ਸਿੱਖਾਂ ਦੀ ਕੋਈ ਗੱਲ ਨਹੀਂ ਸੁਣੀ ਅਤੇ ਅਰਸੇ ਤੋਂ ਰਹਿ ਰਹੇ ਲੋਕਾਂ ਨੂੰ ਬੇਘਰ ਕਰ ਦਿੱਤਾ। ਉਨ੍ਹਾਂ ਦੱਸਿਆ ਕਿ ਸ਼੍ਰੋਮਣੀ ਕਮੇਟੀ ਦੇ ਵਫ਼ਦ ਨੇ ਸਥਾਨਕ ਐਸ.ਪੀ. ਅਤੇ ਤਹਿਸੀਲਦਾਰ ਨਾਲ ਵੀ ਮੁਲਾਕਾਤ ਕੀਤੀ ਹੈ। ਭਾਈ ਗਰੇਵਾਲ ਅਨੁਸਾਰ ਸ਼੍ਰੋਮਣੀ ਕਮੇਟੀ ਦੇ ਮੈਂਬਰਾਂ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਵੀ ਕੀਤਾ ਹੈ।

ਉਨ੍ਹਾਂ ਕਿਹਾ ਕਿ ਸਿੱਖ ਬੇਹੱਦ ਪ੍ਰੇਸ਼ਾਨੀ ਦੇ ਆਲਮ ਵਿਚ ਹਨ ਅਤੇ ਉਨ੍ਹਾਂ ਅੰਦਰ ਉਥੋਂ ਦੀ ਸਰਕਾਰ ਪ੍ਰਤੀ ਭਾਰੀ ਰੋਸ ਪਾਇਆ ਜਾ ਰਿਹਾ ਹੈ।

ਉਨ੍ਹਾਂ ਦੱਸਿਆ ਕਿ ਸਿੱਖਾਂ ਦੀ ਮੱਦਦ ਲਈ ਬਾਬਾ ਤੇਗਾ ਸਿੰਘ ਕਾਰਸੇਵਾ ਵਾਲੇ ਵੀ ਉਚੇਚੇ ਯਤਨ ਕਰ ਰਹੇ ਹਨ, ਜਿਨ੍ਹਾਂ ਨੇ ਸ਼੍ਰੋਮਣੀ ਕਮੇਟੀ ਨੂੰ ਪੀੜਤ ਇਲਾਕਿਆਂ ਤੱਕ ਲਿਜਾਣ ਵਿਚ ਸਹਾਇਤਾ ਕੀਤੀ। ਇਸ ਮੌਕੇ ਸਥਾਨਕ ਸਿੱਖ ਆਗੂਆਂ ਵਿੱਚੋਂ ਸ. ਸੁਰਿੰਦਰ ਸਿੰਘ ਬਿੱਟੂ, ਸ. ਕੇਸਰ ਸਿੰਘ, ਸ. ਬਿੱਕਰ ਸਿੰਘ, ਸ. ਨਰਿੰਦਰ ਸਿੰਘ ਬਾਂਸਖੇੜੀ, ਸ. ਮਹਿੰਦਰ ਸਿੰਘ, ਸ. ਕੁਲਵੰਤ ਸਿੰਘ ਬਾਜਵਾ ਆਦਿ ਵੀ ਮੌਜੂਦ ਸਨ।