ਪਾਰਿਮਪੋਰਾ ਮੁਕਾਬਲਾ: ਉਮਰ ਤੇ ਮਹਿਬੂਬਾ ਨੇ ਲਾਸ਼ਾਂ ਪਰਵਾਰ ਨੂੰ ਸੌਂਪਣ ਦੀ ਕੀਤੀ ਮੰਗ

ਏਜੰਸੀ

ਖ਼ਬਰਾਂ, ਪੰਜਾਬ

ਪਾਰਿਮਪੋਰਾ ਮੁਕਾਬਲਾ: ਉਮਰ ਤੇ ਮਹਿਬੂਬਾ ਨੇ ਲਾਸ਼ਾਂ ਪਰਵਾਰ ਨੂੰ ਸੌਂਪਣ ਦੀ ਕੀਤੀ ਮੰਗ

image

ਸ੍ਰੀਨਗਰ, 4 ਜਨਵਰੀ: ਨੈਸ਼ਨਲ ਕਾਨਫ਼ਰੰਸ ਦੇ ਆਗੂ ਉਮਰ ਅਬਦੁੱਲਾ ਅਤੇ ਪੀਡੀਪੀ ਮੁਖੀ ਮਹਿਬੂਬਾ ਮੁਫ਼ਤੀ ਨੇ ਸੋਮਵਾਰ ਨੂੰ ਮੰਗ ਕੀਤੀ ਹੈ ਕਿ ਪਿਛਲੇ ਹਫ਼ਤੇ ਪਾਰਿਮਪੋਰਾ ਮੁਕਾਬਲੇ ਵਿਚ ਮਾਰੇ ਗਏ ਤਿੰਨ ਕਥਿਤ ਅਤਿਵਾਦੀਆਂ ਦੀਆਂ ਲਾਸ਼ਾਂ ਉਨ੍ਹਾਂ ਦੇ ਪਰਵਾਰਾਂ ਨੂੰ ਸੌਂਪੀਆਂ ਜਾਣ।
ਆਗੂਆਂ ਨੇ ਉਨ੍ਹਾਂ ਦੇ ਨਿਰਦੋਸ਼ ਹੋਣ ਦੇ ਪਰਵਾਰ ਦੇ ਦਾਅਵਿਆਂ ਦਾ ਜ਼ਿਕਰ ਕੀਤਾ, ਹਾਲਾਂਕਿ ਪੁਲਿਸ ਨੇ ਕਿਹਾ ਕਿ ਉਹ ਕੱਟੜਪੰਥੀਆਂ ਵਲੋਂ ਭੜਕਾਏ ਗਏ ਸਨ ਅਤੇ ਦੋਹਾਂ ਦੇ ਲਸ਼ਕਰ-ਏ-ਤੋਇਬਾ ਨਾਲ ਸਬੰਧ ਸਨ। ਅਬਦੁੱਲਾ ਨੇ ਕਿਹਾ ਕਿ ਮੁਕਾਬਲੇ ਦੀ ਨਿਰਪੱਖ ਅਤੇ ਪਾਰਦਰਸ਼ੀ ਢੰਗ ਨਾਲ ਜਾਂਚ ਹੋਣੀ ਚਾਹੀਦੀ ਹੈ। ਉਨ੍ਹਾਂ ਟਵੀਟ ਕੀਤਾ, “ਇਹ ਬਹੁਤ ਮਹੱਤਵਪੂਰਨ ਹੈ ਕਿ ਇਸ ਮੁਕਾਬਲੇ ਦੀ ਜਾਂਚ ਛੇਤੀ ਪੂਰੀ ਹੋ ਜਾਵੇ। ਜਿਵੇਂ ਕਿ ਮਨੋਜ ਸਿਨਹਾ ਪਹਿਲਾਂ ਹੀ ਵਾਅਦਾ ਕਰ ਚੁਕੇ ਹਨ, ਇਕ ਨਿਰਪੱਖ ਅਤੇ ਪਾਰਦਰਸ਼ੀ ਜਾਂਚ ਸਿਰਫ਼ ਉਨ੍ਹਾਂ ਪਰਵਾਰਾਂ ਨੂੰ ਸੰਤੁਸ਼ਟੀ ਮਿਲੇਗੀ ਜਿਨ੍ਹਾਂ ਨੇ ਅਪਣੇ ਅਜ਼ੀਜ਼ਾਂ ਨੂੰ ਗੁਆ ਦਿਤਾ ਹੈ ਜੋ ਦਾਅਵਾ ਕਰਦੇ ਹਨ ਕਿ ਉਹ ਨਿਰਦੋਸ਼ ਸਨ। 
ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਕੇਂਦਰ ਸ਼ਾਸਤ ਪ੍ਰਦੇਸ਼ ਦੇ ਪ੍ਰਸ਼ਾਸਨ ਨੂੰ ਮਿ੍ਰਤਕਾਂ ਦੀਆਂ ਲਾਸ਼ਾਂ ਰਿਸ਼ਤੇਦਾਰਾਂ ਨੂੰ ਸੌਂਪਣੀਆਂ ਚਾਹੀਦੀਆਂ ਹਨ।
ਉਨ੍ਹਾਂ ਨੇ ਇਕ ਹੋਰ ਟਵੀਟ ਵਿਚ ਕਿਹਾ ਕਿ ਨੈਸ਼ਨਲ ਕਾਨਫ਼ਰੰਸ ਦੇ ਲੋਕ ਸਭਾ ਮੈਂਬਰ ਮਸੂਦੀ ਹਸਨੈਨ ਨੇ ਹਾਲ ਹੀ ਵਿਚ ਉਪ ਰਾਜਪਾਲ ਮਨੋਜ ਸਿਨਹਾ ਨਾਲ ਗੱਲਬਾਤ ਕੀਤੀ ਸੀ ਜਿਸ ਵਿਚ ਮੁਠਭੇੜ ਦੀ ਨਿਰਪੱਖ ਅਤੇ ਛੇਤੀ ਜਾਂਚ ਦਾ ਵਾਅਦਾ ਕੀਤਾ ਗਿਆ ਸੀ। ਅੰਤਿ੍ਰਮ ਤੌਰ ਉੱਤੇ ਸਾਨੂੰ ਉਮੀਦ ਹੈ ਕਿ ਉਪ ਰਾਜਪਾਲ ਲਾਸ਼ਾਂ ਨੂੰ ਉਨ੍ਹਾਂ ਦੇ ਪਰਵਾਰ ਵਾਲਿਆਂ ਨੂੰ ਸੌਂਪਣ ਦਾ ਆਦੇਸ਼ ਦੇਣਗੇ। 
ਪੀਡੀਪੀ ਪ੍ਰਧਾਨ ਮਹਿਬੂਬਾ ਮੁਫ਼ਤੀ ਨੇ ਕਿਹਾ ਕਿ ਕੇਂਦਰ ਅਤੇ ਕੇਂਦਰ ਸ਼ਾਸਤ ਪ੍ਰਦੇਸ਼ ਦੇ ਪ੍ਰਸ਼ਾਸਨ ਨੂੰ ਸੁਰੱਖਿਆ ਬਲਾਂ ਨਾਲ ਮੁਕਾਬਲੇ ਵਿਚ ਮਾਰੇ ਗਏ ਲੋਕਾਂ ਦੀਆਂ ਲਾਸ਼ਾਂ ਹਵਾਲੇ ਨਾ ਕਰਨ ਦੀ ਨੀਤੀ ਦੀ ਸਮੀਖਿਆ ਕਰਨੀ ਚਾਹੀਦੀ ਹੈ। (ਪੀਟੀਆਈ)