ਅਮਰੀਕੀ ਸੰਸਦ ਨੇ ਪਾਕਿਸਤਾਨੀ ਔਰਤਾਂ ਲਈ ਪਾਸ ਕੀਤਾ ‘ਮਲਾਲਾ ਯੁਸੂਫ਼ਜ਼ਈ ਸਕਾਲਰਸ਼ਿਪ ਬਿਲ’

ਏਜੰਸੀ

ਖ਼ਬਰਾਂ, ਪੰਜਾਬ

ਅਮਰੀਕੀ ਸੰਸਦ ਨੇ ਪਾਕਿਸਤਾਨੀ ਔਰਤਾਂ ਲਈ ਪਾਸ ਕੀਤਾ ‘ਮਲਾਲਾ ਯੁਸੂਫ਼ਜ਼ਈ ਸਕਾਲਰਸ਼ਿਪ ਬਿਲ’

image

ਵਾਸ਼ਿੰਗਟਨ, 4 ਜਨਵਰੀ : ਅਮਰੀਕੀ ਸੰਸਦ ਨੇ ‘ਮਲਾਲਾ ਯੁਸੂਫ਼ਜ਼ਈ ਸਕਾਲਰਸ਼ਿਪ ਬਿਲ’ ਪਾਸ ਕੀਤਾ ਹੈ। ਇਸ ਤਹਿਤ ਇਕ ਯੋਗਤਾ ਅਤੇ ਲੋੜ ਆਧਾਰਤ ਪ੍ਰੋਗਰਾਮ ਤਹਿਤ ਪਾਕਿਸਤਾਨੀ ਔਰਤਾਂ ਨੂੰ ਉੱਚ ਸਿਖਿਆ ਮੁਹਈਆ ਕਰਾਉਣ ਲਈ ਦਿਤੇ ਜਾ ਰਹੇ ਵਜ਼ੀਫ਼ਿਆਂ ਦੀ ਗਿਣਤੀ ਵਧੇਗੀ। ਇਸ ਬਿਲ ਨੂੰ ਮਾਰਚ 2020 ਵਿਚ ਪ੍ਰਤੀਨਿਧੀ ਸਭਾ ਨੇ ਪਾਸ ਕੀਤਾ ਸੀ, ਜਿਸ ਨੂੰ ਅਮਰੀਕੀ ਸੈਨੇਟ ਨੇ 1 ਜਨਵਰੀ ਨੂੰ ਪਾਸ ਕੀਤਾ। ਇਹ ਬਿਲ ਹੁਣ ਵ੍ਹਾਈਟ ਹਾਊਸ ਭੇਜਿਆ ਗਿਆ ਹੈ, ਜਿਥੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਦਸਤਖਤ ਤੋਂ ਬਾਅਦ ਇਹ ਕਾਨੂੰਨ ਬਣ ਜਾਵੇਗਾ। ਇਸ ਬਿਲ ਤਹਿਤ ‘ਯੂ.ਐਸ. ਏਜੰਸੀ ਫ਼ਾਰ ਇੰਟਰਨੈਸ਼ਨਲ ਡਿਵੈਲਪਮੈਂਟ’ ਪਾਕਿਸਤਾਨੀ ਔਰਤਾਂ ਨੂੰ 2020 ਤੋਂ 2022 ਤਕ ਇਕ ਪਾਕਿਸਤਾਨ ਸਬੰਧੀ ਉੱਚ ਸਿਖਿਆ ਵਜ਼ੀਫ਼ਾ ਪ੍ਰੋਗਰਾਮ ਤਹਿਤ ਘੱਟੋ-ਘਟ 50 ਫ਼ੀ ਸਦੀ ਵਜ਼ੀਫ਼ੇ ਮੁਹਈਆ ਕਰਾਏਗੀ। ਬਿਲ ਵਿਚ ਕਿਹਾ ਗਿਆ ਹੈ ਕਿ ਯੂ.ਐਸ.ਏ.ਆਈ.ਡੀ. ਪਾਕਿਸਤਾਨ ਵਿਚ ਸਿਖਿਆ ਪ੍ਰੋਗਰਾਮਾਂ ਦੀ ਪਹੁੰਚ ਵਧਾਉਣ ਅਤੇ ਇਨਾਂ ਵਿਚ ਸੁਧਾਰ ਦੇ ਲਈ ਅਮਰੀਕਾ ਵਿਚ ਪਾਕਿਸਤਾਨੀ ਭਾਈਚਾਰੇ ਅਤੇ ਪਾਕਿਸਤਾਨੀ ਨਿਜੀ ਖੇਤਰ ’ਤੇ ਵਿਚਾਰ ਵਟਾਂਦਰਾ ਕਰੇਗਾ ਅਤੇ ਉਨ੍ਹਾਂ ਤੋਂ ਨਿਵੇਸ਼ ਪ੍ਰਾਪਤ ਕਰੇਗਾ। ਇਸ ਵਿਚ ਕਿਹਾ ਗਿਆ ਹੈ ਕਿ ਯੂ.ਐਸ.ਏ.ਆਈ.ਡੀ. ਸੰਸਦ ਨੂੰ ਸਲਾਨਾ ਆਧਾਰ ’ਤੇ ਜਾਣਕਾਰੀ ਦੇਵੇਗਾ ਕਿ ਪ੍ਰੋਗਰਾਮ ਤਹਿਤ ਕਿੰਨੇ ਵਜ਼ੀਫ਼ੇ ਵੰਡੇ ਗਏ।   ਮਲਾਲਾ ਨੂੰ ਭਾਰਤੀ ਬਾਲ ਅਧਿਕਾਰ ਕਾਰਕੁਨ ਕੈਲਾਸ਼ ਸਤਿਆਰਥੀ ਦੇ ਨਾਲ 10 ਅਕਤੂਬਰ, 2014 ਵਿਚ ਨੋਬਲ ਸ਼ਾਂਤੀ ਪੁਰਸਕਾਰ ਨਾਲ ਸਨਮਾਨਤ ਕੀਤਾ ਗਿਆ ਸੀ। (ਪੀਟੀਆਈ)