'ਪੰਜਾਬ ਮਾਡਲ' ਦਾ ਉਦੇਸ਼ ਔਰਤਾਂ ਨੂੰ ਆਰਥਿਕਤਾ 'ਚ ਬਰਾਬਰ ਦੀ ਹਿੱਸੇਦਾਰ ਬਣਾਉਣਾ - ਨਵਜੋਤ ਸਿੱਧੂ
'ਪੰਜਾਬ ਮਾਡਲ' ਦਾ ਉਦੇਸ਼ ਔਰਤਾਂ ਲਈ ਉਚੇਰੀ ਸਿੱਖਿਆ ਨੂੰ ਉਤਸ਼ਾਹਿਤ ਕਰਨਾ ਹੈ - ਨਵਜੋਤ ਸਿੱਧੂ
ਚੰਡੀਗੜ੍ਹ : ਜਦੋਂ ਵੀ ਸੂਬੇ ਵਿਚ ਚੋਣਾਂ ਨੇੜੇ ਆਉਂਦੀਆਂ ਹਨ ਤਾਂ ਸਾਰੀਆਂ ਸਿਆਸੀ ਪਾਰਟੀਆਂ ਨੂੰ ਜਨਤਾ ਦੇ ਹਿੱਤ ਨਜ਼ਰ ਆਉਣ ਲੱਗ ਜਾਂਦੇ ਹਨ। ਅਜਿਹਾ ਹੀ ਹੁਣ ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਹੋ ਰਿਹਾ ਹੈ ਪਰ ਫਰਕ ਸਿਰਫ਼ ਇੰਨਾ ਹੈ ਕਿ ਹੁਣ ਔਰਤਾਂ ਬਾਰੇ ਸਾਰੇ ਸਿਆਸਤਦਾਨ ਕੁਝ ਜ਼ਿਆਦਾ ਹੀ ਸੁਚੇਤ ਹੋ ਗਏ ਲਗਦੇ ਹਨ।
ਕਿਸੇ ਵਲੋਂ ਔਰਤਾਂ ਨੂੰ ਇੱਕ ਹਜ਼ਾਰ ਰੁਪਏ ਅਤੇ ਕਿਸੇ ਵਲੋਂ ਦੋ ਹਜ਼ਾਰ ਰੁਪਏ ਮਹੀਨਾ ਦੇਣ ਦੀ ਗੱਲ ਆਖੀ ਜਾ ਰਹੀ ਹੈ। ਇਥੋਂ ਤੱਕ ਕਿ ਕਾਲਜ ਅਤੇ ਯੂਨੀਵਰਸਿਟੀ ਪੱਧਰ ਦੀ ਸਿੱਖਿਆ ਲਈ ਵੀ ਵਿਸ਼ੇਸ਼ ਤੌਰ 'ਤੇ ਅਤੇ ਵੱਧ ਚੜ੍ਹ ਕੇ ਐਲਾਨ ਕੀਤੇ ਜਾ ਰਹੇ ਹਨ। ਇਸ ਤਰ੍ਹਾਂ ਹੀ ਹੁਣ ਪੰਜਾਬ ਕਾਂਗਰਸ ਦੇ ਪ੍ਰਦੇਸ਼ ਪ੍ਰਧਾਨ ਨਵਜੋਤ ਸਿੰਘ ਸਿੱਧੂ ਵਲੋਂ ਵੀ ਇੱਕ ਪੰਜਾਬ ਮਾਡਲ ਦੀ ਗੱਲ ਕੀਤੀ ਜਾ ਰਹੀ ਹੈ ਜਿਸ ਵਿਚ ਉਹ ਔਰਤ ਸ਼ਸ਼ਕਤੀਕਰਨ ਦੀ ਗੱਲ ਕਰਦੇ ਹਨ।
ਇਸ ਬਾਬਤ ਅੱਜ ਉਨ੍ਹਾਂ ਨੇ ਲਗਾਤਾਰ ਕਈ ਟਵੀਟ ਕੀਤੇ ਅਤੇ ਹਰ ਇੱਕ ਵਿਚ ਆਪਣੇ ਪੰਜਾਬ ਮਾਡਲ ਦੇ ਉਦੇਸ਼ ਨੂੰ ਸਮਝਾਉਣ ਦਾ ਯਤਨ ਕੀਤਾ ਹੈ। ਸਿੱਧੂ ਕਹਿੰਦੇ ਹਨ ਕਿ 'ਪੰਜਾਬ ਮਾਡਲ' ਦਾ ਉਦੇਸ਼ ਔਰਤਾਂ ਨੂੰ ਆਰਥਿਕਤਾ 'ਚ ਬਰਾਬਰ ਦੀ ਹਿੱਸੇਦਾਰ ਬਣਾਉਣਾ ਹੈ।
ਉਨ੍ਹਾਂ ਲਿਖਿਆ, '''ਪੰਜਾਬ ਮਾਡਲ' ਅੰਦਰਲੇ ਔਰਤ ਸਸ਼ਕਤੀਕਰਨ ਦੇ ਰੋਡਮੈਪ ਵਿਚ ਕੁੱਝ ਵੀ ਮੁਫ਼ਤ ਨਹੀਂ ਹੈ। ਇਹ ਸਭ ਭਵਿੱਖ ਦੀ ਪੀੜ੍ਹੀ ਵਿਚ ਇੱਕ ਨਿਵੇਸ਼ ਅਤੇ ਘਰ ਨੂੰ ਘਰ ਬਨਾਉਣ ਵਾਲੀਆਂ ਸੁਆਣੀਆਂ ਨੂੰ ਮਾਨਤਾ ਦੇਣ ਵਾਸਤੇ ਹੈ। ਇਸ ਦਾ ਉਦੇਸ਼ ਔਰਤਾਂ ਨੂੰ ਆਰਥਿਕਤਾ ਵਿਚ ਬਰਾਬਰ ਦੀ ਹਿੱਸੇਦਾਰ ਬਣਾਉਣਾ ਅਤੇ ਉਨ੍ਹਾਂ ਦੀ ਸਿੱਖਿਆ ਨੂੰ ਉਤਸ਼ਾਹਿਤ ਕਰਨਾ ਹੈ। ਔਰਤਾਂ ਦੇ ਸਸ਼ਕਤੀਕਰਨ ਦੁਆਰਾ ਉੱਦਮਸ਼ੀਲਤਾ ਨੂੰ ਦਿਤੀ ਹੱਲਾਸ਼ੇਰੀ ਨਾਲ ਹੀ 'ਜਿੱਤੇਗਾ ਪੰਜਾਬ'।''
'ਪੰਜਾਬ ਮਾਡਲ' ਦਾ ਉਦੇਸ਼ ਔਰਤਾਂ ਲਈ ਉਚੇਰੀ ਸਿੱਖਿਆ ਨੂੰ ਉਤਸ਼ਾਹਿਤ ਕਰਨਾ ਹੈ - ਨਵਜੋਤ ਸਿੱਧੂ
''ਸਾਡੇ ਰਾਸ਼ਟਰ ਅਤੇ ਸਮਾਜ ਦੇ ਨਿਰਮਾਣ ਵਿਚ ਘਰੇਲੂ ਔਰਤਾਂ ਦੇ ਯੋਗਦਾਨ ਨੂੰ ਕਦੇ ਵੀ ਮਾਨਤਾ ਨਹੀਂ ਦਿਤੀ ਗਈ ਹੈ। ਮਾਣਯੋਗ ਸੁਪਰੀਮ ਕੋਰਟ ਦੇ ਸ਼ਬਦ ਹਨ ਕਿ "ਇਹ ਧਾਰਨਾ ਕਿ ਘਰੇਲੂ ਔਰਤਾਂ "ਕੰਮ" ਨਹੀਂ ਕਰਦੀਆਂ ਜਾਂ ਉਹ ਘਰ ਵਿਚ ਆਰਥਿਕ ਯੋਗਦਾਨ ਨਹੀਂ ਪਾਉਂਦੀਆਂ, ਸਮੱਸਿਆ ਪੈਦਾ ਕਰਨ ਵਾਲਾ ਵਿਚਾਰ ਹੈ"। ਇਸ ਲਈ ਉਨ੍ਹਾਂ ਨੂੰ 2000 ਰੁਪਏ ਅਤੇ ਸਿਲੰਡਰ ਦੇ ਰਹੇ ਹਾਂ !
ਅਸਲ ਵਿਕਾਸ ਔਰਤਾਂ ਨੂੰ ਸਸ਼ਕਤ ਕਰਨਾ ਹੈ। ਜੇਕਰ ਤੁਸੀਂ ਇੱਕ ਲੜਕੀ ਨੂੰ ਸਿੱਖਿਅਤ ਕਰਦੇ ਹੋ ਤਾਂ ਤੁਸੀਂ ਇੱਕ ਪੂਰੇ ਪਰਿਵਾਰ ਨੂੰ ਸਿੱਖਿਅਤ ਕਰਦੇ ਹੋ। 'ਪੰਜਾਬ ਮਾਡਲ' ਦਾ ਉਦੇਸ਼ ਹਰ ਔਰਤ ਲਈ ਸਕੂਲ ਤੋਂ ਕਾਲਜ ਤੱਕ ਸਿੱਖਿਆ ਨੂੰ ਉਤਸ਼ਾਹਿਤ ਕਰਨਾ ਹੈ। ਇਸ ਲਈ, ਵਿੱਤੀ ਪ੍ਰੋਤਸਾਹਨ, 24×7 ਸਿੱਖਿਆ ਤੱਕ ਪਹੁੰਚ ਲਈ ਡਿਜਿਟਲ ਟੈਬਲੇਟ ਅਤੇ ਆਜ਼ਾਦੀ ਅਤੇ ਆਸਾਨੀ ਨਾਲ ਆਉਣ-ਜਾਣ ਲਈ ਇਲੈਕਟ੍ਰਾਨਿਕ ਸਕੂਟੀ ਦੇ ਰਹੇ ਹਾਂ।''
'ਕਿਸੇ ਰਾਸ਼ਟਰ ਦੀ ਤਰੱਕੀ ਦਾ ਸਭ ਤੋਂ ਉੱਤਮ ਪੈਮਾਨਾ ਔਰਤਾਂ ਪ੍ਰਤੀ ਉਸ ਰਾਸ਼ਟਰ ਦਾ ਸਲੂਕ ਹੈ'
ਸਵਾਮੀ ਵਿਵੇਕਾਨੰਦ ਨੇ ਕਿਹਾ ਸੀ ਕਿ "ਕਿਸੇ ਰਾਸ਼ਟਰ ਦੀ ਤਰੱਕੀ ਦਾ ਸਭ ਤੋਂ ਉੱਤਮ ਪੈਮਾਨਾ ਔਰਤਾਂ ਪ੍ਰਤੀ ਉਸ ਰਾਸ਼ਟਰ ਦਾ ਸਲੂਕ ਹੈ" ਸਾਡੀ ਮਾਤ ਭੂਮੀ ਵਿਚ ਔਰਤਾਂ ਦੀ ਅੱਧੋ-ਅੱਧ ਸਾਂਝ ਹੈ, ਫਿਰ ਵੀ ਉਹ ਪੰਜਾਬ ਦੀ ਸਿਰਫ਼ 1.8% ਜ਼ਮੀਨ ਦੀਆਂ ਮਾਲਕ ਹਨ। ਇਸ ਲਈ, 'ਪੰਜਾਬ ਮਾਡਲ' ਬਿਨਾਂ ਕਿਸੇ ਰਜਿਸਟ੍ਰੇਸ਼ਨ ਫੀਸ ਦੇ ਜ਼ਮੀਨ-ਜਾਇਦਾਦ ਔਰਤਾਂ ਦੇ ਨਾਂ ਕਰਨ ਜਾਂ ਤਬਦੀਲ ਕਰਨ ਦੀ ਵਿਵਸਥਾ ਕਰਦਾ ਹੈ। - ਨਵਜੋਤ ਸਿੰਘ ਸਿੱਧੂ