ਪੰਜਾਬ ਪੁਲਿਸ ਵਿੱਚ ਭਰਤੀ ਕਰਵਾਉਣ ਦਾ ਲਾਰਾ ਲਗਾ ਕੇ ਲੋਕਾਂ ਨਾਲ ਲੱਖਾਂ ਰੁਪਏ ਦੀ ਠੱਗੀ ਮਾਰਨ ਵਾਲਾ ਕਾਬੂ
ਆਈ ਪੀ ਸੀ ਦੀ ਧਾਰਾ 406,420,120ਬੀ ਅਧੀਨ ਮਾਮਲਾ ਕੀਤਾ ਦਰਜ
ਮੋਹਾਲੀ (ਸੁਖਦੀਪ ਸਿੰਘ ਸੋਈਂ ) ਮੁਹਾਲੀ ਪੁਲਿਸ ਨੇ ਪੰਜਾਬ ਪੁਲਿਸ ਵਿੱਚ ਭਰਤੀ ਕਰਵਾਉਣ ਦਾ ਲਾਰਾ ਲਗਾ ਕੇ ਵੱਖ-ਵੱਖ ਵਿਅਕਤੀਆਂ ਤੋਂ 76 ਲੱਖਾਂ ਰੁਪਏ ਦੀ ਠੱਗੀ ਮਾਰਨ ਵਾਲੇ ਇੱਕ ਵਿਅਕਤੀ ਨੂੰ ਕਾਬੂ ਕੀਤਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਸ ਵਿਅਕਤੀ ਵੱਲੋਂ ਆਪਣੇ ਇੱਕ ਜਾਣਕਾਰ ਦੀ ਮਦਦ ਨਾਲ 9 ਨੌਜਵਾਨਾਂ ਤੋਂ ਭਰਤੀ ਕਰਵਾਉਣ ਲਈ 76 ਲੱਖ ਰੁਪਏ ਲਏ ਸਨ ਪਰੰਤੂ ਕਿਸੇ ਨੂੰ ਵੀ ਭਰਤੀ ਨਹੀਂ ਕਰਵਾਇਆ। ਇਸ ਸੰਬੰਧੀ ਮੁਹਾਲੀ ਪੁਲਿਸ ਵੱਲੋਂ ਰਾਜਵੀਰ ਸਿੰਘ ਗਰੇਵਾਲ ਅਤੇ ਉਸਦੇ ਜਾਣਕਾਰ ਨਰੇਸ਼ ਕੁਮਾਰ ਦੇ ਖਿਲਾਫ ਆਈ ਪੀ ਸੀ ਦੀ ਧਾਰਾ 406,420,120ਬੀ ਅਧੀਨ ਮਾਮਲਾ ਦਰਜ ਕੀਤਾ ਗਿਆ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਬੇਰੁਜਗਾਰ ਨੌਜਵਾਨਾਂ ਅਰਵਿੰਦਰ ਸਿੰਘ, ਰਘਵੀਰ ਸਿੰਘ, ਸੁਖਪੀਤ ਸਿੰਘ, ਅਮਨਜੋਤ ਸਿੰਘ, ਗੁਰਮੀਤ ਸਿੰਘ, ਅਭੀਜਿਤ ਸਿੰਘ, ਲਵਪ੍ਰੀਤ ਸਿੰਘ, ਗੌਰਵ, ਸੋਹਨ ਕੁਮਾਰ ਨੇ ਐਸ ਐਸ ਪੀ ਮੁਹਾਲੀ ਨੂੰ ਸ਼ਿਕਾਇਤ ਦਿੱਤੀ ਸੀ ਕਿ ਪਿਛਲੇ ਸਾਲ ਪੰਜਾਬ ਸਰਕਾਰ ਵੱਲੋਂ ਪੰਜਾਬ ਪੁਲਿਸ ਵਿੱਚ ਕਾਂਸਟੇਬਲਾਂ ਅਤੇ ਸਬ ਇੰਸਪੈਕਟਰਾਂ ਦੀ ਭਰਤੀ ਕੱਢੀ ਗਈ ਸੀ, ਉਸ ਦੌਰਾਨ ਇਹਨਾਂ ਨੌਜਵਾਨਾਂ ਨੇ ਵੀ ਪੁਲਿਸ ਭਰਤੀ ਦੀ ਤਿਆਰੀ ਕੀਤੀ ਸੀ। ਉਸ ਸਮੇਂ ਇੱਕ ਅਧਿਆਪਕ ਨਰੇਸ਼ ਕੁਮਾਰ ਉਹਨਾਂ ਦੇ ਸੰਪਰਕ ਵਿੱਚ ਆਇਆ ਸੀ, ਜਿਸਨੇ ਇਹਨਾਂ ਨੌਜਵਾਨਾਂ ਨੁੰ ਪੁਲਿਸ ਵਿੱਚ ਭਰਤੀ ਕਰਵਾਉਣ ਦਾ ਭਰੋਸਾ ਦਿੱਤਾ ਸੀ ਅਤੇ ਨਰੇਸ਼ ਨੇ ਇਹਨਾਂ ਨੌਜਵਾਨਾਂ ਨੂੰ ਮਬੁਹਾਲੀ ਦੇ ਸੈਕਟਰ 69 ਦੇ ਵਸਨੀਕ ਰਾਜਵੀਰ ਸਿੰਘ ਗਰੇਵਾਲ ਨਾਲ ਮਿਲਾਇਆ।
ਸ਼ਿਕਾਇਤ ਕਰਤਾ ਨੌਜਵਾਨਾਂ ਅਨੁਸਾਰ ਰਾਜਵੀਰ ਸਿੰਘ ਗਰੇਵਾਲ ਨੇ ਉਹਨਾਂ ਨੂੰ ਪੰਜਾਬ ਪੁਲਿਸ ਵਿੱਚ ਕਾਂਸਟੇਬਲ ਅਤੇ ਸਬ ਇੰਸਪੈਕਟਰ ਭਰਤੀ ਕਰਵਾਉਣ ਦਾ ਦਾਅਵਾ ਕੀਤਾ ਅਤੇ ਕਿਹਾ ਕਿ ਉਸ ਦੀ ਪੁਲੀਸ ਦੇ ਵੱਡੇ ਅਧਿਕਾਰੀਆਂ ਅਤੇ ਸਰਕਾਰ ਤਕ ਪਹੁੰਚ ਹੈ। ਰਾਜਵੀਰ ਸਿੰਘ ਗਰੇਵਾਲ ਨੇ ਨੌਜਵਾਨਾਂ ਨੂੰ ਕਿਹਾ ਕਿ ਪੈਸੇ ਅਤੇ ਸਿਫਾਰਿਸ਼ ਬਿਨਾਂ ਕੋਈ ਸਰਕਾਰੀ ਨੌਕਰੀ ਨਹੀਂ ਮਿਲਦੀ, ਇਸ ਲਈ ਇਹਨਾਂ ਨੌਜਵਾਨਾਂ ਨੂੰ ਪੁਲੀਸ ਵਿੱਚ ਭਰਤੀ ਹੋਣ ਲਈ ਪੈਸੇ ਦੇਣੇ ਪੈਣਗੇ।
ਨੌਜਵਾਨਾਂ ਅਨੁਸਾਰ ਰਾਜਵੀਰ ਸਿੰਘ ਗਰੇਵਾਲ ਹਮੇਸ਼ਾ ਲਾਲ ਬੱਤੀ ਵਾਲੀ ਗੱਡੀ ਵਿਚ ਸਫਰ ਕਰਦਾ ਸੀ ਅਤੇ ਆਪਣੇ ਨਾਲ ਪੰਜਾਬ ਪੁਲਿਸ ਦੇ 6-7 ਸਿਪਾਹੀ ਰਖਦਾ ਸੀ, ਜਿਸ ਨਾਲ ਉਹ ਲੋਕਾਂ ਤੇ ਰੋਹਬ ਪਾਉਂਦਾ ਸੀ। ਉਹਨਾਂ ਕਿਹਾ ਕਿ ਰਾਜਵੀਰ ਸਿੰਘ ਗਰੇਵਾਲ ਨੇ ਉਹਨਾਂ ਨੂੰ ਭਰੋਸੇ ਵਿੱਚ ਲੈ ਕੇ ਉਹਨਾਂ ਤੋਂ ਪੁਲਿਸ ਵਿੱਚ ਭਰਤੀ ਕਰਵਾਉਣ ਤੇ ਨਾਮ ਤੇ ਲੱਖਾਂ ਰੁਪਏ ਲੈ ਲਏ ਪਰ ਜਦੋਂ ਪੁਲਿਸ ਭਰਤੀ ਦੀ ਲਿਸਟ ਆਈ ਤਾਂ ਉਹਨਾਂ ਦਾ ਨਾਮ ਲਿਸਟ ਵਿਚ ਨਾ ਹੋਣ ਕਾਰਨ ਉਹਨਾਂ ਨੁੰ ਆਪਣੇ ਨਾਲ ਠੱਗੀ ਹੋਣ ਬਾਰੇ ਪਤਾ ਲਗਿਆ।
ਉਹਨਾਂ ਕਿਹਾ ਕਿ ਜਦੋਂ ਉਹਨਾਂ ਵਲੋਂ ਰਾਜਵੀਰ ਸਿੰਘ ਗਰੇਵਾਲ ਤੋਂ ਆਪਣੇ ਪੈਸੇ ਵਾਪਸ ਮੰਗੇ ਗਏ ਤਾਂ ਪਹਿਲਾਂ ਤਾਂ ਉਹ ਟਾਲਮਟੌਲ ਕਰਦਾ ਰਿਹਾ, ਫਿਰ ਉਸਨੇ ਪੈਸੇ ਵਾਪਸ ਕਰਨ ਲਈ ਵੱਖ ਵੱਖ ਮਿਤੀਆਂ ਦੇ ਵੱਖ ਵੱਖ ਬਂੈਕਾਂ ਦੇ ਕੁਝ ਚੈਕ ਦੇ ਦਿਤੇ ਪਰ ਇਹ ਚੈਕ ਬਂੈਕ ਵਿਚ ਪੈਸੇ ਨਾ ਹੋਣ ਅਤੇ ਚੈਕ ਉਪਰ ਰਾਜਵੀਰ ਦੇ ਹਸਤਾਖਰ ਨਾ ਮਿਲਣ ਕਾਰਨ ਪਾਸ ਨਹੀਂ ਹੋਏ। ਉਹਨਾਂ ਵਲੋਂ ਜਦੋਂ ਰਾਜਵੀਰ ਤੋਂ ਮੁੜ ਪੈਸਿਆਂ ਦੀ ਮੰਗ ਕੀਤੀ ਗਈ ਤਾਂ ਰਾਜਵੀਰ ਵਲੋਂ ਉਹਨਾਂ ਨੂੰ ਧਮਕੀਆਂ ਦਿਤੀਆਂ ਗਈਆਂ।
ਐਸ ਐਸ ਪੀ ਨੂੰ ਦਿੱਤੀ ਸ਼ਿਕਾਇਤ ਵਿੱਚ ਪੀੜਿਤ ਨੌਜਵਾਨਾਂ ਨੇ ਕਿਹਾ ਹੈ ਕਿ ਉਹਨਾਂ ਵਲੋਂ ਰਾਜਵੀਰ ਸਿੰਘ ਗਰੇਵਾਲ ਨੂੰ ਚੈਕ/ਕੈਸ਼/ਆਨਲਾਈਨ ਪੇਮੇਂਟ ਰਾਈ ਕੁਲ 76 ਲੱਖ ਰੁਪਏ ਦਿੱਤੇ ਹਨ ਜੋ ਉਸਨੂੇ ਆਪਣੇ, ਆਪਣੀ ਘਰਵਾਲੀ ਅਤੇ ਨਰੇਸ਼ ਕੁਮਾਰ ਦੇ ਖਾਤਿਆਂ ਵਿਚ ਲਏ ਸਨ। ਉਹਨਾਂ ਲਿਖਿਆ ਹੈ ਕਿ ਰਾਜਵੀਰ ਸਿੰਘ ਗਰੇਵਾਲ ਖਿਲਾਫ ਪਹਿਲਾਂ ਵੀ ਪੰਜਾਬ ਦੇ ਵੱਖ ਵੱਖ ਥਾਣਿਆਂ (ਪੁਲੀਸ ਥਾਣਾ ਨੰਗਲ ਜਿਲਾ ਰੋਪੜ, ਥਾਣਾ ਸਦਰ ਸਹੀਦ ਭਗਤ ਸਿੰਘ ਨਗਰ, ਥਾਣਾ ਗੜ੍ਹਸ਼ੰਕਰ ਜਿਲਾ ਹੁਸਿਆਰਪੁਰ) ਵਿੱਚ ਵੱਖ ਵੱਖ ਧਾਰਾਵਾਂ ਤਹਿਤ ਮੁਕਦਮੇ ਦਰਜ ਹਨ ਅਤੇ ਇਸ ਵਿਅਕਤੀ ਨੂੰ ਨਵਾਂ ਸ਼ਹਿਰ ਅਦਾਲਤ ਵਲੋਂ ਇਕ ਮਾਮਲੇ ਵਿੱਚ ਭਗੌੜਾ ਐਲਾਨਿਆ ਹੋਇਆ ਹੈ।
ਇਸ ਤੋਂ ਇਲਾਵਾ ਰਾਜਵੀਰ ਸਿੰਘ ਗਰੇਵਾਲ ਵਿਰੁੱਧ ਥਾਣਾ ਫੇਜ਼ 1 ਐਸ ਏ ਐਸ ਨਗਰ ਮੁਹਾਲੀ ਵਿਖੇ ਇਕ ਮਹਿਲਾ ਡਾਕਟਰ ਨਾਲ ਨਾਈਟ ਡਿਊਟੀ ਦੌਰਾਨ ਬਦਸਲੂਕੀ ਕਰਨ ਦਾ ਮਾਮਲਾ ਵੀ ਦਰਜ ਹੈ। ਉਹਨਾਂ ਕਿਹਾ ਕਿ ਉਹਨਾਂ ਨੂੰ ਸ਼ੱਕ ਹੈ ਕਿ ਉਹਨਾਂ ਦੇ ਪੈਸੇ ਲੈ ਕੇ ਰਾਜਵੀਰ ਸਿੰਘ ਗਰੇਵਾਲ ਵਿਦੇਸ਼ ਭੱਜ ਸਕਦਾ ਹੈ। ਆਪਣੀ ਸ਼ਿਕਾਇਤ ਵਿੱਚ ਉਹਨਾਂ ਮੰਗ ਕੀਤੀ ਸੀ ਕਿ ਰਾਜਵੀਰ ਸਿੰਘ ਗਰੇਵਾਲ ਵਿਰੁੱਧ ਬਣਦੀ ਕਾਰਵਾਈ ਕੀਤੀ ਜਾਵੇ ਅਤੇ ਉਹਨਾਂ ਦੇ ਪੈਸੇ ਵਾਪਸ ਕਰਵਾਏ ਜਾਣ।
ਇਸ ਸੰਬੰਧੀ ਸੰਪਰਕ ਕਰਨ ਤੇ ਮੁਹਾਲੀ ਦੇ ਡੀ ਐਸ ਪੀ ਸਿਟੀ 1 ਸz. ਐਚ ਐਸ ਮਾਨ ਨੇ ਕਿਹਾ ਕਿ ਮੁਹਾਲੀ ਪੁਲੀਸ ਵਲੋਂ ਇਹਨਾਂ ਨੌਜਵਾਨਾਂ ਦੀ ਸ਼ਿਕਾਇਤ ਤੇ ਪੁਲੀਸ ਥਾਣਾ ਫੇਜ਼ 1 ਵਿੱਚ ਰਾਜਵੀਰ ਸਿੰਘ ਅਤੇ ਨਰੇਸ਼ ਕੁਮਾਰ ਦੇ ਖਿਲਾਫ ਮਾਮਲਾ ਦਰਜ ਕਰਕੇ ਰਾਜਵੀਰ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਉਹਲਾਂ ਕਿਹਾ ਕਿ ਪੁਲੀਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਕਾਨੂੰਨ ਅਨੁਸਾਰ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।