CM ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਪਾਰਦਰਸ਼ੀ ਰੁਜ਼ਗਾਰ ਪ੍ਰਕਿਰਿਆ ਲਈ ਵਚਨਬੱਧ: ਡਾ. ਬਲਜੀਤ ਕੌਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਆਂਗਨਵਾੜੀ ਵਰਕਰਾਂ 'ਚੋਂ ਸੁਪਰਵਾਈਜ਼ਰਾਂ ਦੀ ਚੋਣ ਸਬੰਧੀ ਬਿਨੈਕਾਰਾਂ ਤੋ 11 ਜਨਵਰੀ ਤੱਕ ਇਤਰਾਜਾਂ ਦੀ ਮੰਗ

Dr. Baljeet Kaur

 

ਚੰਡੀਗੜ੍ਹ : ਮੁੱਖ ਮੰਤਰੀ ਭਗਵੰਤ ਮਾਨ ਦੀ ਯੋਗ ਅਗਵਾਈ ਅਤੇ ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਮੰਤਰੀ ਡਾ. ਬਲਜੀਤ ਕੌਰ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਵਿਭਾਗ ਵੱਲੋਂ ਸੂਬੇ ਦੀ ਨੌਜਵਾਨੀ ਨੂੰ ਰੁਜ਼ਗਾਰ ਦੇ ਢੁਕਵੇਂ ਮੌਕੇ ਉਪਲੱਬਧ ਕਰਵਾਏ ਜਾ ਰਹੇ ਹਨ ਅਤੇ ਨੌਕਰੀ ਲਈ ਚੋਣ ਪ੍ਰਕਿਰਿਆ ਵਿੱਚ ਪੂਰਨ ਤੌਰ ਉੱਤੇ ਪਾਰਦਰਸ਼ੀ ਮਾਪਦੰਡ ਵਰਤੇ ਜਾ ਰਹੇ ਹਨ। ਇਸੇ ਤਹਿਤ ਪੰਜਾਬ ਦੇ ਸਮੂਹ ਜ਼ਿਲ੍ਹਾ ਪ੍ਰੋਗਰਾਮ ਅਫਸਰਾਂ ਨੂੰ ਆਂਗਨਵਾੜੀ ਵਰਕਰਾਂ ਵਿਚੋਂ ਸੁਪਰਵਾਈਜਰਾਂ ਦੀ ਚੋਣ ਕਰਨ ਲਈ ਆਰਜੀ ਮੈਰਿਟ ਸੂਚੀਆਂ ਸਬੰਧੀ ਬਿਨੈਕਾਰਾਂ ਤੋਂ ਇਤਰਾਜ਼ਾਂ ਦੀ ਮੰਗ 11 ਜਨਵਰੀ 2023 ਤੱਕ ਸ਼ਾਮ 04:00 ਵਜੇ ਤੱਕ ਕੀਤੀ ਗਈ  ਹੈ।

ਬਿਨੈਕਾਰ ਸਿੱਧੇ ਤੌਰ 'ਤੇ ਡਾਇਰੈਕਟਰ, ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਵਿਭਾਗ ਨੂੰ ਦਸਤੀ ਤੌਰ ਤੇ ਸਬੂਤਾਂ ਸਮੇਤ ਆਪਣੇ ਇਤਰਾਜ਼ ਦਰਜ ਕਰਵਾ ਸਕਦੇ ਹਨ। ਇਸ ਸਬੰਧੀ ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਮੰਤਰੀ ਨੇ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਆਈ.ਸੀ.ਡੀ.ਐਸ.ਪ੍ਰੋਜੈਕਟਾਂ ਅਧੀਨ ਕੰਮ ਕਰ ਰਹੀਆਂ ਆਂਗਨਵਾੜੀ ਵਰਕਰਾਂ ਵਿਚੋਂ ਸੁਪਰਵਾਈਜਰਾਂ ਦੀ ਸਿਲੈਕਸ਼ਨ ਕਰਨ ਲਈ ਪੰਜਾਬ ਦੇ ਸਮੂਹ ਜਿਲ੍ਹਾ ਪ੍ਰੋਗਰਾਮ ਅਫਸਰਾਂ ਤੋਂ ਪ੍ਰਾਪਤ ਹੋਈਆਂ ਆਰਜੀ ਮੈਰਿਟ ਸੂਚੀਆਂ ਨੂੰ ਮੁੱਖ ਦਫਤਰ ਪੱਧਰ ਤੇ ਕੰਪਾਈਲ ਕਰਨ ਉਪਰੰਤ ਵਿਭਾਗ ਦੀ ਵੈਬਸਾਈਟ (sswcd.punjab.gov.in) ਤੇ ਅਪਲੋਡ ਕਰ ਦਿੱਤਾ ਗਿਆ ਹੈ।

ਕੈਬਨਿਟ ਮੰਤਰੀ ਨੇ ਸਮੂਹ ਜਿਲ੍ਹਾ ਪ੍ਰੋਗਰਾਮ ਅਫਸਰਾਂ ਨੂੰ ਹਦਾਇਤ ਕੀਤੀ ਹੈ ਕਿ ਆਰਜੀ ਮੈਰਿਟ ਸੂਚੀਆਂ ਨੂੰ ਡਾਊਨਲੋਡ ਕਰਕੇ ਆਪਣੇ ਦਫ਼ਤਰ ਅਤੇ ਸਬੰਧਤ ਬਾਲ ਵਿਕਾਸ ਪ੍ਰੋਜੈਕਟ ਅਫਸਰਾਂ ਦੇ ਦਫਤਰਾਂ ਵਿਚ ਨੋਟਿਸ ਬੋਰਡ ਤੇ ਲਗਾਇਆ ਜਾਵੇ। ਆਂਗਣਵਾੜੀ ਵਰਕਰਾਂ ਨੂੰ ਆਰਜੀ ਮੈਰਿਟ ਸੂਚੀਆਂ ਸਬੰਧੀ ਸੂਚਿਤ ਕੀਤਾ ਜਾਵੇ ਅਤੇ ਸਮੂਹ ਬਾਲ ਵਿਕਾਸ ਪ੍ਰੋਜੈਕਟ ਅਫਸਰਾਂ ਨੂੰ ਇਸ ਦੀ ਤਸਦੀਕ ਕਰਨ ਲਈ ਹਦਾਇਤ ਕੀਤੀ ਹੈ।

ਬਿਨੈਕਾਰ ਵੱਲੋ ਕੀਤੇ ਇਤਰਾਜ਼ ਤੇ ਮੁੱਖ ਦਫਤਰ ਵੱਲੋਂ ਜਾਰੀ ਕੀਤੀ ਗਈ ਰਾਜ ਪੱਧਰੀ ਆਰਜੀ ਮੈਰਿਟ ਸੂਚੀ ਦੀ ਕੈਟਾਗਿਰੀ, ਸਬ ਕੈਟਾਗਿਰੀ ਦਾ ਲੜੀ ਨੰਬਰ ਅੰਕਿਤ ਕੀਤਾ ਜਾਵੇ।  ਬਿਨੈਕਾਰ ਨੂੰ ਹਦਾਇਤ ਕੀਤੀ ਜਾਂਦੀ ਹੈ ਕਿ ਉਹ ਮੁੱਖ ਦਫਤਰ ਦੇ ਇਤਰਾਜ਼ ਰਜਿਸਟਰ ਵਿਚ ਆਪਣਾ ਇਤਰਾਜ਼ ਦਰਜ ਕਰਵਾਉਣ ਉਪਰੰਤ ਡਾਇਰੀ ਨੰਬਰ ਪ੍ਰਾਪਤ ਕਰੇ।  ਵਿਭਾਗ ਵੱਲੋਂ ਨਿਸਚਿਤ ਕੀਤੀ ਮਿਤੀ ਤੋਂ ਬਾਅਦ ਪ੍ਰਾਪਤ ਹੋਏ ਇਤਰਾਜਾਂ ਤੇ ਵਿਚਾਰ ਨਹੀਂ ਕੀਤਾ ਜਾਵੇਗਾ। ਇਹ ਮੈਰਿਟ ਸੂਚੀ ਬਿਨੈਕਾਰਾਂ ਵੱਲੋਂ ਸਬੰਧਤ ਬਾਲ ਵਿਕਾਸ ਪ੍ਰੋਜੈਕਟ ਅਫਸਰਾਂ ਨੂੰ ਦਿੱਤੀ ਸੂਚਨਾ ਅਧਾਰ ਤੇ ਜਿਲ੍ਹਾ ਪ੍ਰੋਗਰਾਮ ਅਫਸਰਾਂ ਵੱਲੋਂ ਭੇਜੀਆਂ ਗਈਆਂ ਮੈਰਿਟ ਸੂਚੀਆਂ ਤੇ ਇਤਰਾਜ਼ ਸੁਨਣ ਲਈ ਕੇਵਲ ਆਰਜੀ ਤੌਰ ਤੇ ਜਾਰੀ ਕੀਤੀ ਗਈ ਹੈ। ਇਸ ਨੂੰ ਅੰਤਿਮ ਨਹੀਂ ਮੰਨਿਆ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਸੂਚੀ ਨੂੰ ਜਾਰੀ ਕਰਨ ਦਾ ਮੁੱਖ ਉਦੇਸ਼ ਹੈ ਕਿ ਜੇਕਰ ਆਰਜੀ ਮੈਰਿਟ ਸੂਚੀ ਵਿਚ ਕੋਈ ਗਲਤੀ ਰਹਿ ਗਈ ਹੈ ਤਾਂ ਉਸ ਨੂੰ ਦਰੁਸਤ ਕੀਤਾ ਜਾ ਸਕੇ।