Punjab News: 15 ਸਾਲ ਸਾਰੇ ਪੰਜਾਬ ਨੂੰ ਹਰ ਪੱਖੋਂ ਲੁੱਟ ਕੇ ਬਾਦਲ ਦਲ ਨੇ ਪਹਿਲੀ ਵਾਰ ਬੋਲਿਆ ਵੱਡਾ ਸੱਚ : ਭਗਵੰਤ ਮਾਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕਿਹਾ, ਅਕਾਲੀ ਦਲ ਦੀ ਪੰਜਾਬ ਯਾਤਰਾ ਦਾ ਨਾਂ ਹੋਣਾ ਚਾਹੀਦੈ ‘ਅਕਾਲੀ ਦਲ ਤੋਂ ਪੰਜਾਬ ਬਚਾਅ ਲਉ ਯਾਤਰਾ’

CM Bhagwant Mann

Punjab News: ਲੋਕ ਸਭਾ ਦੀਆਂ ਚੋਣਾਂ ਨੇੜੇ ਆਉਂਦੇ ਹੀ ਪੰਜਾਬ ਵਿਚ ਸਿਆਸੀ ਮੈਦਾਨ ਭਖਣਾ ਸ਼ੁਰੂ ਹੋ ਚੁੱਕਿਆ ਹੈ। ਇਕ ਦੂਜੇ ਉਪਰ ਵਾਰ-ਪਲਟਵਾਰ ਦਾ ਸਿਲਸਿਲਾ ਤੇਜ਼ੀ ਫੜਨ ਲੱਗਾ ਹੈ। ਮੁੱਖ ਮੰਤਰੀ ਭਗਵੰਤ  ਮਾਨ ਨੇ ਅਕਾਲੀ ਦਲ ਵਲੋਂ ‘ਪੰਜਾਬ ਬਚਾਉ ਯਾਤਰਾ’ ਸ਼ੁਰੂ ਕਰਨ ਦੇ ਐਲਾਨ ਬਾਅਦ ਵਿਅੰਗਮਈ ਸ਼ਬਦਾਂ ਨਾਲ ਤਿੱਖਾ ਵਾਰ ਕੀਤਾ ਹੈ। ਉਧਰ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਸਾਬਕਾ ਮੰਤਰੀ ਬਿਕਰਮ ਮਜੀਠੀਆ ਨੇ ਵੀ ਜਵਾਬੀ ਪਲਟਵਾਰ ਕੀਤਾ ਹੈ।
ਮੱੁਖ ਮੰਤਰੀ ਨੇ ਅੱਜ ਟਵੀਟ ਕਰਦੇ ਹੋਏ ਅਕਾਲੀ ਦਲ ਦੀ ਪੰਜਾਬ ਯਾਤਰਾ ਬਾਰੇ ਕਿਹਾ ਕਿ ਪਹਿਲੀ ਵਾਰ ਅਕਾਲੀ ਦਲ ਨੇ ਸਾਰੇ ਪੰਜਾਬ ਨੂੰ 15 ਸਾਲ ਹਰ ਪੱਖੋਂ ਲੁੱਟ ਕੇ ਵੱਡਾ ਸੱਚ  ਬੋਲਿਆ ਹੈ।

ਉਨ੍ਹਾਂ ਕਿਹਾ ਕਿ ਅਸਲ ਵਿਚ ਅਕਾਲੀ ਦਲ ਵਲੋਂ ਐਲਾਨੀ ਪੰਜਾਬ ਯਾਤਰਾ ਦਾ ਨਾਮ ‘ਅਕਾਲੀਆਂ ਤੋਂ ਪੰਜਾਬ ਬਚਾਅ ਲਉ ਯਾਤਰਾ’ ਹੋਣਾ ਚਾਹੀਦਾ ਹੈ। ਉਧਰ ਮਜੀਠੀਆ ਨੇ ਪਲਟਵਾਰ ਕਰਦੇ ਹੋਏ ਕਿਹਾ ਕਿ ਉਹ ਦਿਨ ਦੂਰ ਨਹੀਂ ਜਦ ਸਾਰੇ ਪੰਜਾਬ ਦੇ ਲੋਕ ‘ਭਗਵੰਤ ਮਾਨ ਭਜਾਉ ਯਾਤਰਾ’ ਸ਼ੁਰੂ ਕਰਨਗੇ। ਮੁੱਖ ਮੰਤਰੀ ਨੇ ਟਵੀਟ ਦੇ ਨਾਲ ਹੀ ਇਕ ਵਖਰੇ ਬਿਆਨ ਰਾਹੀਂ ਸ਼੍ਰੋਮਣੀ ਅਕਾਲੀ ਦਲ ਵਲੋਂ ਯਾਤਰਾ ਦੇ ਨਾਮ ਉਤੇ ਕੀਤੀ ਜਾਣ ਵਾਲੀ ਸਿਆਸੀ ਨੌਟੰਕੀ ਲਈ ਪਾਰਟੀ ਨੂੰ ਘੇਰਦਿਆਂ ਉਨ੍ਹਾਂਕਿਹਾ ਕਿ ਅਕਾਲੀਆਂ ਨੇ 15 ਸਾਲਾਂ ਦੇ ਕੁਸ਼ਾਸਨ ਦੌਰਾਨ ਪੰਜਾਬ ਨੂੰ ਬੇਰਹਿਮੀ ਨਾਲ ਲੁੱਟਿਆ ਹੈ। 15 ਸਾਲਾਂ ਦੇ ਹਨੇਰਗਰਦੀ ਅਤੇ ਬਦਅਮਨੀ ਵਾਲੇ ਸ਼ਾਸਨ ਦੌਰਾਨ ਸੂਬੇ ਦੇ ਵਸੀਲਿਆਂ ਉਤੇ ਡਾਕਾ ਮਾਰਿਆ ਅਤੇ ਪੰਜਾਬੀਆਂ ਦੇ ਹਿਰਦਿਆਂ ਨੂੰ ਗਹਿਰੇ ਜ਼ਖ਼ਮ ਦਿਤੇ। ਉਨ੍ਹਾਂ ਕਿਹਾ ਕਿ ਸੂਬੇ ਦੀ ਸੱਭ ਤੋਂ ਪੁਰਾਣੀ ਸਿਆਸੀ ਪਾਰਟੀ ਹੁਣ ਹਾਸ਼ੀਏ ਉਤੇ ਪਹੁੰਚ ਚੁੱਕੀ ਹੈ ਅਤੇ ਸੂਬੇ ਵਿਚ ਲੰਮਾ ਸਮਾਂ ਸੱਤਾ ਵਿਚ ਰਹਿਣ ਤੋਂ ਬਾਅਦ ਅੱਜ ਤਿੰਨ ਸੀਟਾਂ ਤਕ ਸਿਮਟ ਕੇ ਰਹਿ ਗਈ ਹੈ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਪੰਜਾਬ ਦੇ ਲੋਕ ਅਕਾਲੀਆਂ ਅਤੇ ਬਾਦਲ ਪ੍ਰਵਾਰ ਦੇ ਦੋਹਰੇ ਕਿਰਦਾਰ ਬਾਰੇ ਚੰਗੀ ਤਰ੍ਹਾਂ ਜਾਣਦੇ ਹਨ ਜਿਸ ਕਰ ਕੇ ਯਾਤਰਾ ਵਰਗੀਆਂ ਨੌਟੰਕੀਆਂ ਹੁਣ ਕੰਮ ਨਹੀਂ ਆਉਣਗੀਆਂ।

ਉਨ੍ਹਾਂ ਨੇ ਅਕਾਲੀ ਦਲ ਨੂੰ ਕਿਹਾ,“ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ, ਗੈਂਗਟਸਰਾਂ ਅਤੇ ਨਸ਼ਾ ਮਾਫ਼ੀਏ ਦੀ ਪੁਸ਼ਤਪਨਾਹੀ ਵਰਗੇ ਬਜਰ ਗੁਨਾਹਾਂ ਵਿਚੋਂ ਤੁਸੀਂ ਕਦੇ ਦੁੱਧ ਧੋਤੇ ਸਾਬਤ ਨਹੀਂ ਹੋ ਸਕਦੇ। ਪੰਜਾਬ ਦੇ ਲੋਕ ਉਹ ਸਮਾਂ ਕਦੇ ਵੀ ਭੁੱਲ ਨਹੀਂ ਸਕਦੇ ਜਦੋਂ ਸਮੁੱਚਾ ਪੰਜਾਬ ਕਾਲੇ ਖੇਤੀ ਕਾਨੂੰਨਾਂ ਦੇ ਵਿਰੁਧ ਖੜਾ ਸੀ ਅਤੇ ਉਸ ਵੇਲੇ ਅਕਾਲੀ ਅਪਣੇ ਸੌੜੇ ਸਿਆਸੀ ਹਿਤਾਂ ਲਈ ਨਿਰਲੱਜ ਹੋ ਕੇ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਦੇ ਸੋਹਲੇ ਗਾ ਰਹੇ ਸਨ।”ਮੁੱਖ ਮੰਤਰੀ ਨੇ ਕਿਹਾ ਕਿ ਅਕਾਲੀ ਦਲ ਅਤੇ ਖ਼ਾਸ ਕਰ ਕੇ ਬਾਦਲ ਪ੍ਰਵਾਰ ਦੇ ਪੰਜਾਬ ਵਿਰੋਧੀ ਫ਼ੈਸਲਿਆਂ ਦੀ ਸੂਚੀ ਬਹੁਤ ਲੰਮੀ ਹੈ ਜਿਸ ਕਰ ਕੇ ਇਨ੍ਹਾਂ ਨੂੰ ਸਿਆਸੀ ਗੁਮਨਾਮੀ ਵਿਚ ਭੇਜਣਾ ਸਮੇਂ ਦੀ ਲੋੜ ਹੈ। ਮੁੱਖ ਮੰਤਰੀ ਨੇ ਕਿਹਾ ਕਿ ਅਕਾਲੀ ਦਲ ਦੀ ਪ੍ਰਸਤਾਵਤ ਯਾਤਰਾ ਸਿਰਫ਼ ਲੋਕਾਂ ਨੂੰ ਗੁਮਰਾਹ ਕਰਨ ਅਤੇ ਮੀਡੀਆ ਵਿਚ ਸੁਰਖੀਆਂ ਬਟੋਰਨ ਤੋਂ ਵੱਧ ਹੋਰ ਕੁੱਝ ਨਹੀਂ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਅਕਾਲੀਆਂ ਦੇ ਪੰਜਾਬ ਤੇ ਲੋਕ ਵਿਰੋਧੀ ਕਿਰਦਾਰ ਤੋਂ ਭਲੀ ਭਾਂਤ ਜਾਣੂੰ ਹਨ ਜਿਸ ਕਰ ਕੇ ਉਨ੍ਹਾਂ ਨੂੰ ਕਦੇ ਵੀ ਮੁਆਫ਼ ਨਹੀਂ ਕੀਤਾ ਜਾ ਸਕਦਾ।

ਉਧਰ ਮਜੀਠੀਆ ਨੇ ਟਵੀਟ ਰਾਹੀਂ ਕਿਹਾ ਕਿ ਪੰਜਾਬ ਦਾ ਇਤਿਹਾਸ ਬਹੁਤ ਕੁਰਬਾਨੀ ਭਰਿਆ ਹੈ। ਪੰਜਾਬੀ ਬਹਾਦਰ ਅਤੇ ਮਾਰਸ਼ਲ ਕੌਮ ਹੈ। ਪੰਜਾਬੀਆਂ ਤੋਂ ਵੱਧ ਦੇਸ਼ ਲਈ ਮਰ ਮਿਟਣ ਵਾਲਾ ਕੋਈ ਨਹੀਂ ਅਤੇ ਉਹ ਪੰਜਾਬ ’ਤੇ ਦਿੱਲੀ ਮਾਡਲ ਲਾਗੂ ਕਰ ਰਿਹਾ ਹੈ। ਉਸ ਨੇ ਪੰਜਾਬ ਨੂੰ ਸਿਆਸਤ ਵਾਸਤੇ ਦਿੱਲੀ ਹਵਾਲੇ ਕਰ ਦਿਤਾ ਹੈ ਅਤੇ ਪੰਜਾਬ ਦੀ ਵਾਗਡੋਰ ਰੀਮੋਟ ਕੰਟਰੋਲ ਰਾਹੀਂ ਦਿੱਲੀ ਤੋਂ ਕੇਜਰੀਵਾਲ ਦੇ ਹੱਥ ਵਿਚ ਹੈ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।