Punjab Weather News: ਪੰਜਾਬ ਦੇ 15 ਜ਼ਿਲ੍ਹਿਆਂ ਵਿਚ ਸੰਘਣੀ ਧੁੰਦ ਦਾ ਆਰੇਂਜ ਅਲਰਟ; ਹੁਣ ਇਸ ਦਿਨ ਨਿਕਲੇਗੀ ਧੁੱਪ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

9 ਜਨਵਰੀ ਨੂੰ ਮੀਂਹ ਪੈਣ ਦੀ ਸੰਭਾਵਨਾ

Orange alert of dense fog in 15 districts of Punjab

Punjab Weather News: ਸੀਤ ਲਹਿਰ ਦਾ ਅਸਰ ਪੰਜਾਬ ਦੇ ਨਾਲ-ਨਾਲ ਪੂਰੇ ਉੱਤਰੀ ਭਾਰਤ ਵਿਚ ਵੀ ਦੇਖਣ ਨੂੰ ਮਿਲ ਰਿਹਾ ਹੈ। ਦਸੰਬਰ ਵਿਚ ਮੀਂਹ ਨਾ ਪੈਣ ਕਾਰਨ ਜਨਵਰੀ ਦੀ ਸ਼ੁਰੂਆਤ ਵੀ ਧੁੰਦ ਨਾਲ ਹੋਈ ਹੈ, ਜੋ 6 ਜਨਵਰੀ ਤਕ ਜਾਰੀ ਰਹੇਗੀ। ਅੱਜ ਮੌਸਮ ਵਿਭਾਗ ਨੇ 15 ਜ਼ਿਲ੍ਹਿਆਂ ਵਿਚ ਧੁੰਦ ਨੂੰ ਲੈ ਕੇ ਆਰੇਂਜ ਅਲਰਟ ਜਾਰੀ ਕੀਤਾ ਹੈ। ਜਦਕਿ ਪੂਰਬੀ ਅਤੇ ਪੱਛਮੀ ਮਾਲਵੇ ਦੇ ਖੇਤਰਾਂ ਵਿਚ ਯੈਲੋ ਅਲਰਟ ਜਾਰੀ ਹੈ।

ਮੌਸਮ ਵਿਭਾਗ ਅਨੁਸਾਰ ਪੰਜਾਬ ਦੇ ਸੰਗਰੂਰ, ਪਟਿਆਲਾ, ਮੁਹਾਲੀ, ਲੁਧਿਆਣਾ, ਰੂਪਨਗਰ, ਸ਼ਹੀਦ ਭਗਤ ਸਿੰਘ ਨਗਰ, ਮੋਗਾ, ਫ਼ਿਰੋਜ਼ਪੁਰ, ਜਲੰਧਰ, ਤਰਨਤਾਰਨ, ਕਪੂਰਥਲਾ, ਹੁਸ਼ਿਆਰਪੁਰ, ਅੰਮ੍ਰਿਤਸਰ, ਗੁਰਦਾਸਪੁਰ ਅਤੇ ਪਠਾਨਕੋਟ ਵਿਚ ਅੱਧੀ ਰਾਤ ਤੋਂ ਧੁੰਦ ਦਾ ਅਸਰ ਦਿਖਾਈ ਦੇ ਰਿਹਾ ਹੈ। ਇਸ ਦੇ ਨਾਲ ਹੀ ਅੱਜ ਵੀ ਪੂਰੇ ਪੰਜਾਬ ਵਿਚ ਸੂਰਜ ਚੜ੍ਹਨ ਦੀਆਂ ਸੰਭਾਵਨਾਵਾਂ ਬਹੁਤ ਘੱਟ ਹਨ, ਜਿਸ ਕਾਰਨ ਦਿਨ ਅਤੇ ਰਾਤ ਦੇ ਤਾਪਮਾਨ 'ਚ ਜ਼ਿਆਦਾ ਫਰਕ ਨਹੀਂ ਹੋਵੇਗਾ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਮੌਸਮ ਵਿਭਾਗ ਨੇ 6 ਜਨਵਰੀ ਨੂੰ ਧੁੰਦ ਦਾ ਅਲਰਟ ਜਾਰੀ ਕੀਤਾ ਹੈ, 7 ਜਨਵਰੀ ਤੋਂ ਬਾਅਦ ਬੱਦਲਵਾਈ ਅਤੇ 9 ਜਨਵਰੀ ਨੂੰ ਮੀਂਹ ਪੈਣ ਦੀ ਸੰਭਾਵਨਾ ਹੈ। ਇਸ ਦੇ ਨਾਲ ਹੀ ਮੌਸਮ ਮਾਹਿਰਾਂ ਨੇ ਦਿਨ ਅਤੇ ਰਾਤ ਦੇ ਤਾਪਮਾਨ ਵਿਚ ਮਾਮੂਲੀ ਫਰਕ ਦਾ ਕਾਰਨ ਮੀਂਹ ਦੀ ਕਮੀ ਨੂੰ ਦਸਿਆ ਹੈ। ਪੰਜਾਬ ਵਿਚ ਦਸੰਬਰ ਮਹੀਨੇ ਵਿਚ ਔਸਤਨ 10.7 ਐਮਐਮ ਮੀਂਹ ਪੈਂਦਾ ਹੈ, ਜਦਕਿ ਦਸੰਬਰ 2023 ਵਿਚ 70 ਫ਼ੀ ਸਦੀ ਘੱਟ ਮੀਂਹ ਦਰਜ ਕੀਤਾ ਗਿਆ ਸੀ। ਦਸੰਬਰ 2023 ਵਿਚ ਸਿਰਫ਼ 3.3 ਐਮਐਮ ਬਾਰਸ਼ ਦਰਜ ਕੀਤੀ ਗਈ ਹੈ।

ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀ ਡਾਇਰੈਕਟਰ ਪਵਨੀਤ ਕੌਰ ਅਨੁਸਾਰ ਦਸੰਬਰ ਦੇ ਮਹੀਨੇ ਪੰਜਾਬ ਵਿਚ ਮੀਂਹ ਪੈਂਦਾ ਹੈ ਪਰ ਇਸ ਸਾਲ ਅਜਿਹਾ ਨਹੀਂ ਹੋਇਆ। ਖੁਸ਼ਕ ਮੌਸਮ ਕਾਰਨ ਧੁੰਦ ਦਾ ਅਸਰ ਦੇਖਣ ਨੂੰ ਮਿਲ ਰਿਹਾ ਹੈ। ਖੁਸ਼ਕ ਮੌਸਮ ਕਾਰਨ ਰਾਤ ਦਾ ਤਾਪਮਾਨ ਆਮ ਨਾਲੋਂ ਹੇਠਾਂ ਚਲਾ ਗਿਆ ਹੈ, ਜਦਕਿ ਦਿਨ ਦਾ ਤਾਪਮਾਨ ਲਗਾਤਾਰ ਡਿੱਗ ਰਿਹਾ ਹੈ ਅਤੇ ਦਿਨ ਠੰਢੇ ਪੈ ਰਹੇ ਹਨ।

ਪੰਜਾਬ ਵਿਚ ਦਿਨ ਦੇ ਤਾਪਮਾਨ ਵਿਚ ਲਗਾਤਾਰ ਗਿਰਾਵਟ ਦਾ ਕਾਰਨ ਹਰਿਆਣਾ ਅਤੇ ਹਿਮਾਚਲ ਵਿਚ ਵੀ ਘੱਟ ਹੋਈ ਬਾਰਸ਼ ਹੈ। ਹਿਮਾਚਲ 'ਚ ਦਸੰਬਰ ਮਹੀਨੇ 'ਚ 85 ਫ਼ੀ ਸਦੀ ਘੱਟ ਬਾਰਸ਼ ਹੋਈ ਹੈ। ਇਥੇ ਔਸਤਨ 38.1 ਮਿਲੀਮੀਟਰ ਮੀਂਹ ਪੈਂਦਾ ਹੈ, ਪਰ ਪਿਛਲੇ ਦਸੰਬਰ ਮਹੀਨੇ ਵਿਚ ਸਿਰਫ਼ 5.8 ਮਿਲੀਮੀਟਰ ਮੀਂਹ ਪਿਆ ਸੀ। ਜਦਕਿ ਹਰਿਆਣਾ ਵਿਚ 54 ਫ਼ੀ ਸਦੀ ਘੱਟ ਬਾਰਸ਼ ਹੋਈ ਹੈ। ਪਹਾੜਾਂ ਤੋਂ ਆ ਰਹੀਆਂ ਖੁਸ਼ਕ ਠੰਢੀਆਂ ਹਵਾਵਾਂ ਕਾਰਨ ਪੰਜਾਬ 'ਚ ਦਿਨ ਦਾ ਤਾਪਮਾਨ ਲਗਾਤਾਰ ਡਿੱਗ ਰਿਹਾ ਹੈ। ਜੇਕਰ 9 ਜਨਵਰੀ ਨੂੰ ਚੰਗੀ ਬਾਰਸ਼ ਹੁੰਦੀ ਹੈ ਤਾਂ ਇਸ ਤੋਂ ਬਾਅਦ ਧੁੱਪ ਨਿਕਲੇਗੀ ਅਤੇ ਜਨਵਰੀ ਮੁਤਾਬਕ ਮੌਸਮ ਆਮ ਵਾਂਗ ਰਹੇਗਾ।

(For more Punjabi news apart from Punjab Weather Orange alert of dense fog in 15 districts of Punjab, stay tuned to Rozana Spokesman)