ਪ੍ਰੇਮਿਕਾ ਨੂੰ ਮਿਲਣ ਗਏ ਲੜਕੇ ਦੀ ਕੁੜੀ ਵਾਲਿਆਂ ਨੇ ਕੀਤੀ ਕੁੱਟਮਾਰ
ਇਲਾਜ ਦੌਰਾਨ ਹਸਪਤਾਲ ’ਚ ਲੜਕੇ ਨੇ ਤੋੜਿਆ ਦਮ
ਪਠਾਨਕੋਟ : ਦੇਸ਼ ’ਚ ਅੱਜ ਵੀ ਕੁੜੀ ਅਤੇ ਮੁੰਡੇ ਦੇ ਰਿਸ਼ਤੇ ਨੂੰ ਸਹੀ ਨਹੀਂ ਸਮਝਿਆ ਜਾਂਦਾ ਅਤੇ ਜਿਆਦਾਤਰ ਥਾਵਾਂ ’ਤੇ ਅਕਸਰ ਹੀ ਇਹ ਰਿਸ਼ਤੇ ਦੋ ਪਰਿਵਾਰਾਂ ਦਾ ਉਜਾੜੇ ਦਾ ਕਾਰਨ ਬਣਦੇ ਹੋਏ ਨਜ਼ਰ ਆਉਂਦੇ ਹਨ। ਅਜਿਹੀ ਹੀ ਇਕ ਘਟਨਾ ਜ਼ਿਲ੍ਹਾ ਪਠਾਨਕੋਟ ਦੇ ਪਿੰਡ ਕੋਟਲੀ ਵਿਖੇ ਸਾਹਮਣੇ ਆਈ, ਜਿੱਥੇ ਪਿੰਡ ਚੇਲਾ ਆਮ ਦਾ ਇਕ ਨੌਜਵਾਨ ਪਿੰਡ ਕੋਟਲੀ ਦੀ ਕੁੜੀ ਨਾਲ ਪਿਛਲੇ 7 ਸਾਲ ਤੋਂ ਰਿਸ਼ਤੇ ’ਚ ਸੀ। ਜਦੋਂ ਇਸ ਸਬੰਧੀ ਲੜਕੀ ਦੇ ਪਰਿਵਾਰ ਨੂੰ ਪਤਾ ਲੱਗਿਆ ਤਾਂ ਉਹਨਾਂ ਨੌਜਵਾਨ ਨੂੰ ਘਰ ਬੁਲਾਇਆ ਅਤੇ ਨੌਜਵਾਨ ਨਾਲ ਬੁਰੀ ਤਰ੍ਹਾਂ ਨਾਲ ਕੁੱਟਮਾਰ ਕੀਤੀ ਗਈ ਅਤੇ ਉਸ ਨੌਜਵਾਨ ਦੀ ਇਲਾਜ ਦੌਰਾਨ ਪਠਾਨਕੋਟ ਦੇ ਨਿੱਜੀ ਹਸਪਤਾਲ ਵਿਖੇ ਮੌਤ ਹੋ ਗਈ।
ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਨ੍ਹਾਂ ਦਾ ਇਕਲੌਤਾ ਪੁੱਤ ਸੀ ਜੋ ਕਿ ਪਿਛਲੇ ਸੱਤ ਸਾਲ ਤੋਂ ਪਿੰਡ ਕੋਟਲੀ ਦੀ ਕੁੜੀ ਦੇ ਨਾਲ ਰਿਲੇਸ਼ਨ ਵਿਚ ਸੀ ਅਤੇ ਉਸ ਦੇ ਪਰਿਵਾਰ ਦੀ ਹਰ ਜ਼ਰੂਰਤ ਨੂੰ ਪੂਰੀ ਕਰਦਾ ਸੀ। ਉਨ੍ਹਾਂ ਆਰੋਪ ਲਗਾਇਆ ਕਿ ਬੀਤੇ ਕੱਲ੍ਹ ਲੜਕੀ ਦੇ ਪਰਿਵਾਰ ਨੇ ਉਸ ਨੂੰ ਆਪਣੇ ਘਰ ਬੁਲਾਇਆ । ਜਦ ਉਨ੍ਹਾਂ ਦਾ ਮੁੰਡਾ ਲੜਕੀ ਦੇ ਘਰ ਗਿਆ ਤਾਂ ਉਸ ਦੇ ਪਰਿਵਾਰ ਨੇ ਉਸ ਨੂੰ ਘਰ ਵਿਖੇ ਕੈਦ ਕਰ ਲਿਆ, ਜਿਸ ਦੀ ਜਾਣਕਾਰੀ ਖੁਦ ਮ੍ਰਿਤਕ ਨੇ ਫੋਨ ਕਰੇ ਆਪਣੇ ਪਿਤਾ ਨੂੰ ਦਿੱਤੀ, ਜਦੋਂ ਉਹ ਲੜਕੀ ਦੇ ਘਰ ਪਹੁੰਚੇ ਤਾਂ ਉਸ ਦੇ ਗੰਭੀਰ ਸੱਟਾਂ ਲੱਗੀਆਂ ਹੋਈਆਂ ਸਨ । ਜਿਸ ਤੋਂ ਬਾਅਦ ਉਸ ਨੂੰ ਇਲਾਜ ਲਈ ਪਠਾਨਕੋਟ ਦੇ ਨਿੱਜੀ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਜਿੱਥੇ ਇਲਾਜ ਦੌਰਾਨ ਨੌਜਵਾਨ ਦੀ ਮੌਤ ਹੋ ਗਈ। ਇਸ ਮੌਕੇ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਪੁਲਿਸ ਪ੍ਰਸ਼ਾਸਨ ਅੱਗੇ ਇਨਸਾਫ਼ ਦੀ ਗੁਹਾਰ ਲਗਾਉਂਦੇ ਹੋਏ ਆਰੋਪੀਆਂ ਖਿਲਾਫ ਸਖਤ ਕਾਰਵਾਈ ਕਰਨ ਦੀ ਮੰਗ ਕੀਤੀ।