ਬਰਖ਼ਾਸਤ ਪੁਲਿਸ ਮੁਲਾਜ਼ਮ ਵਲੋਂ ਝੂਠੇ ਮੁਕਾਬਲਿਆਂ ਦਾ ਪਰਦਾਫ਼ਾਸ਼

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੰਜਾਬ ਵਿਚ ਇਕ ਸਮਾਂ ਅਜਿਹਾ ਸੀ ਜਦੋਂ ਲੋਕਾਂ ਵਿਚ ਹਰ ਪਾਸੇ ਪੁਲਿਸ ਨੇ ਦਹਿਸ਼ਤ ਦਾ ਮਾਹੌਲ ਪੈਦਾ ਕਰ ਰਖਿਆ ਸੀ ਅਤੇ ਅਤਿਵਾਦ ਦੇ ਨਾਮ ਤੋਂ....

Fake Encounter in Punjab

ਚੰਡੀਗੜ੍ਹ : ਪੰਜਾਬ ਵਿਚ ਇਕ ਸਮਾਂ ਅਜਿਹਾ ਸੀ ਜਦੋਂ ਲੋਕਾਂ ਵਿਚ ਹਰ ਪਾਸੇ ਪੁਲਿਸ ਨੇ ਦਹਿਸ਼ਤ ਦਾ ਮਾਹੌਲ ਪੈਦਾ ਕਰ ਰਖਿਆ ਸੀ ਅਤੇ ਅਤਿਵਾਦ ਦੇ ਨਾਮ ਤੋਂ ਪੂਰੇ ਸੂਬੇ ਨੂੰ ਪ੍ਰਭਾਵਤ ਕਰ ਰਖਿਆ ਸੀ। ਉਸ ਸਮੇਂ ਕਈ ਸਿੱਖ ਨੌਜਵਾਨਾਂ ਨੂੰ ਬਿਨਾਂ ਕਿਸੇ ਕਸੂਰ ਤੋਂ ਘਰ ਵਿਚ ਬੈਠਿਆਂ ਨੂੰ ਮੌਤ ਦੇ ਘਾਟ ਉਤਾਰਿਆ ਗਿਆ ਅਤੇ ਕਈ ਬੇਕਸੂਰਾਂ ਨੂੰ ਅਤਿਵਾਦੀ ਕਰਾਰ ਦੇ ਉਨ੍ਹਾਂ ਦਾ ਐਨਕਾਊਂਟਰ ਕਰ ਦਿਤਾ ਗਿਆ। ਇਸ ਗੱਲ ਦਾ ਖ਼ੁਲਾਸਾ ਮੋਗਾ ਤੋਂ ਬਰਖ਼ਾਸਤ ਮੁਲਾਜ਼ਮ ਸਤਵੰਤ ਸਿੰਘ ਮਾਨ ਨੇ ਸਪੋਕਸਮੈਨ ਟੀਵੀ 'ਤੇ ਗੱਲਬਾਤ ਕਰਦੇ ਹੋਏ ਕੀਤਾ। ਉਨ੍ਹਾਂ ਨੇ ਦਸਿਆ ਕਿ ਉਸ ਸਮੇਂ ਬਹੁਤ ਹੀ ਖ਼ੌਫ਼ਨਾਕ ਮਾਹੌਲ ਸੀ।

ਜਿਸ ਵਿਅਕਤੀ ਨੇ ਵੀ ਪੀਲੇ ਰੰਗ ਦੀ ਦਸਤਾਰ ਬੰਨੀ ਹੁੰਦੀ, ਕਛਿਹਰਾ ਜਾਂ ਕੜਾ ਪਾਇਆ ਹੁੰਦਾ ਤਾਂ ਪੁਲਿਸ ਉਸ ਨੂੰ ਹਿਰਾਸਤ ਵਿਚ ਲੈ ਲੈਂਦੀ। ਉਨ੍ਹਾਂ ਨੇ ਦਸਿਆ ਕਿ ਉਨ੍ਹਾਂ ਖ਼ੁਦ 15 ਮੁਕਾਬਲੇ ਵੇਖੇ ਹਨ। ਜਿਨ੍ਹਾਂ ਵਿਚੋਂ ਸਭ ਤੋਂ ਛੋਟੀ ਉਮਰ ਦੇ ਕੁਲਵੰਤ ਸਿੰਘ ਕੰਤੇ ਦਾ ਮੁਕਾਬਲਾ ਸੀ ਅਤੇ ਉਸ ਦੀ ਉਮਰ ਕਰੀਬ 16 ਸਾਲ ਸੀ। ਉਨ੍ਹਾਂ ਦਸਿਆ ਕਿ ਕੁਲਵੰਤ ਸਿੰਘ ਇਕ ਵਿਦਿਆਰਥੀ ਸੀ ਜਿਸ ਨੂੰ ਬਿਲਕੁਲ ਨਾਜਾਇਜ਼ ਮਾਰਿਆ ਸੀ ਅਤੇ ਉਸ ਘਟਨਾ ਨੇ ਉਨ੍ਹਾਂ ਨੂੰ ਝਿੰਜੋੜ ਕੇ ਰੱਖ ਦਿਤਾ ਸੀ। ਕੁਲਵੰਤ ਸਿੰਘ ਕੰਤੇ ਬਾਰੇ ਗੱਲਬਾਤ ਕਰਦਿਆਂ ਉਨ੍ਹਾਂ ਦਸਿਆ ਕਿ ਇਕ ਦਿਨ ਉਨ੍ਹਾਂ ਦੇ ਪਿੰਡ ਰਾਤ ਨੂੰ ਰਾਸਤਾ ਭਟਕੇ ਹੋਏ ਕੁਝ ਵਿਅਕਤੀ ਆਏ

ਜਿਨ੍ਹਾਂ ਨੂੰ ਕੁਲਵੰਤ ਸਿੰਘ ਕੰਤੇ ਨੇ ਇਨਸਾਨੀਅਤ ਦੇ ਤੌਰ 'ਤੇ ਪਿੰਡ ਤੋਂ ਬਾਹਰ ਦਾ ਰਸਤਾ ਵਿਖਾਇਆ। ਉਨ੍ਹਾਂ ਦਸਿਆ ਕਿ ਉਹ ਵਿਅਕਤੀ ਅਤਿਵਾਦੀ ਸਨ ਪਰ ਇਹ ਗੱਲ ਕੰਤੇ ਨੂੰ ਨਹੀਂ ਪਤਾ ਸੀ। ਇਸ ਤੋਂ ਬਾਅਦ ਪਿੰਡ ਵਾਲਿਆਂ ਨੇ ਕੰਤੇ ਦੇ ਵਿਰੁਧ ਫ਼ਰੀਦਕੋਟ ਵਿਖੇ ਸ਼ਿਕਾਇਤ ਕਰ ਦਿਤੀ ਗਈ। ਪੁੱਛਗਿੱਛ ਕਰਨ ਤੋਂ ਬਾਅਦ ਕੰਤੇ ਨੂੰ ਨਿਰਦੋਸ਼ ਪਾਇਆ ਗਿਆ ਅਤੇ ਉਸ ਨੂੰ ਛੱਡ ਦਿਤਾ ਗਿਆ। ਕੁਝ ਦਿਨ ਮਗਰੋਂ ਪਿੰਡ ਦੇ ਕੁੱਝ ਸ਼ਰਾਰਤੀ ਲੋਕਾਂ ਨੇ ਮੋਗਾ ਵਿਖੇ ਕੰਤੇ ਵਿਰੁਧ ਸ਼ਿਕਾਇਤ ਕਰ ਦਿਤੀ। ਉਸ ਸਮੇਂ ਕੰਤਾ ਅਪਣੀ ਭੂਆ ਦੇ ਪਿੰਡ ਗਿਆ ਹੋਇਆ ਸੀ। ਟੀਮ ਨੇ ਕੰਤੇ ਨੂੰ ਉਸ ਦੀ ਭੂਆ ਦੇ ਪਿੰਡ ਤੋਂ ਫੜ ਲਿਆਂਦਾ ਅਤੇ ਉਸ ਟੀਮ ਵਿਚ ਸਤਵੰਤ ਸਿੰਘ ਵੀ ਸ਼ਾਮਲ ਸੀ।

ਸਤਵੰਤ ਸਿੰਘ ਨੇ ਦਸਿਆ ਕਿ 9 ਨਵੰਬਰ 1991 ਨੂੰ ਕੁਲਵੰਤ ਸਿੰਘ ਕੰਤੇ ਨੂੰ ਉਨ੍ਹਾਂ ਫੜ ਕੇ ਲਿਆਂਦਾ ਸੀ ਅਤੇ 12 ਨਵੰਬਰ ਨੂੰ ਝੂਠਾ ਮੁਕਾਬਲਾ ਬਣਾ ਕੇ ਉਸ ਦਾ ਐਨਕਾਊਂਟਰ ਕਰ ਦਿਤਾ ਗਿਆ। ਇਸ ਤੋਂ ਬਾਅਦ ਇਕ ਹੋਰ ਨੌਜਵਾਨ ਬਲਦੇਵ ਸਿੰਘ ਕ੍ਰਮਿਤੀ ਨੂੰ ਫੜ ਕੇ ਲਿਆਂਦਾ ਗਿਆ। ਬਲਦੇਵ ਸਿੰਘ ਦਾ ਰਾਉ ਕੇ ਪੁੱਲ 'ਤੇ ਐਸ.ਐਚ.ਓ. ਵੱਧਣੀ ਨੇ ਝੂਠਾ ਮੁਕਾਬਲਾ ਬਣਾਇਆ। ਉਥੇ ਨੌਜਵਾਨ ਦੇ ਸਿਰ ਵਿਚ ਗੋਲੀ ਮਾਰ ਕੇ ਉਸ ਨੂੰ ਮਾਰ ਦਿਤਾ ਗਿਆ। ਮਰਦੇ ਸਮੇਂ ਨੌਜਵਾਨ ਨੇ ਫ਼ਤਿਹ ਬੁਲਾਈ ਅਤੇ ਉਸ ਦਾ ਜਵਾਬ ਸਤਵੰਤ ਸਿੰਘ ਨੇ ਫ਼ਤਿਹ ਬੁਲਾ ਕੇ ਦਿਤਾ। ਇਸ ਗੱਲ ਦਾ ਇਤਰਾਜ਼ ਉਥੇ ਮੌਜੂਦ ਅਫ਼ਸਰਾਂ ਨੇ ਕੀਤਾ।

ਉਨ੍ਹਾਂ ਨੇ ਦਸਿਆ ਕਿ ਉਨ੍ਹਾਂ ਦੀਆਂ ਅੱਖਾਂ ਦੇ ਸਾਹਮਣੇ ਸਭ ਤੋਂ ਪਹਿਲੀ ਵਾਰ ਸੋਢੀ ਸਤਵੰਤ ਸਿੰਘ ਦਾ ਐਨਕਾਊਂਟਰ ਕੀਤਾ ਗਿਆ ਸੀ। ਸੋਢੀ ਨੂੰ ਨਾਜਾਇਜ਼ ਬੰਦੀ ਬਣਾ ਲਿਆ ਅਤੇ ਉਸ ਨੂੰ ਥਾਣੇ ਵਿਚ ਲਿਆ ਕੇ ਉਸ ਦੇ ਕਪੜੇ ਉਤਾਰ ਕੇ ਉਸ ਨੂੰ ਕੁਟਿਆ ਗਿਆ। ਇਥੋਂ ਤਕ ਕੇ ਸ਼ਰਮ ਦੀਆਂ ਹੱਦਾਂ ਪਾਰ ਕਰਦੇ ਹੋਏ ਅਸਹਿਣਸ਼ੀਲ ਜ਼ੁਲਮ ਕਰਦੇ ਹੋਏ ਉਸ ਦਾ ਐਨਕਾਊਂਟਰ ਕਰ ਦਿਤਾ। ਸਤਵੰਤ ਸਿੰਘ ਮਾਨ ਨੇ ਕਿਹਾ ਕਿ ਪੁਲਿਸ ਨੇ ਅਪਣੀਆਂ ਵਰਦੀਆਂ ਦਾ ਗ਼ਲਤ ਇਸਤੇਮਾਲ ਕਰਦੇ ਹੋਏ ਅਹੁਦਿਆਂ ਦੇ ਲਾਲਚ ਲਈ ਕਈ ਬੇਕਸੂਰਾਂ ਨੂੰ ਝੂਠੇ ਮੁਕਾਬਲੇ ਬਣਾ ਕੇ ਮਾਰਿਆ।

ਇਸ ਦੌਰਾਨ ਉਨ੍ਹਾਂ ਨੇ ਅਜਿਹੇ ਕਈਆਂ ਦਾ ਜ਼ਿਕਰ ਕਰਦੇ ਹੋਏ ਦਸਿਆ ਜਿਸ ਵਿਚ ਮੋਗਾ ਦੇ ਅਜਮੇਰ ਸਿੰਘ ਏਐਸਆਈ, ਬਲਵਿੰਦਰ ਸਿੰਘ ਹੌਲਦਾਰ, ਗੁਰਚਰਨ ਸਿੰਘ, ਮਨਜੀਤ ਸਿੰਘ ਥਾਣੇਦਾਰ, ਪਰਮਜੀਤ ਸਿੰਘ ਏਐਸਆਈ ਅਤੇ ਕਈ ਹੋਰ ਸ਼ਾਮਲ ਸਨ। ਉਨ੍ਹਾਂ ਦਸਿਆ ਕਿ ਜਦੋਂ ਮੈਂ ਇਨ੍ਹਾਂ ਵਿਰੁਧ ਆਵਾਜ਼ ਚੁੱਕੀ ਤਾਂ ਮੇਰੇ ਉਤੇ ਝੂਠੇ ਕੇਸ ਪਾ ਕੇ 42 ਦਿਨ ਮੇਰੀ ਇੰਟੈਰੋਗੇਸ਼ਨ ਕੀਤੀ ਜਿਸ ਦੌਰਾਨ ਕਈ ਤਸੀਹੇ ਦਿਤੇ ਗਏ। ਆਖ਼ਰ ਵਿਚ ਅਦਾਲਤ ਨੇ ਉਨ੍ਹਾਂ ਨੂੰ ਬੇਕਸੂਰ ਐਲਾਨ ਕਰਦੇ ਹੋਏ ਬਰੀ ਕਰ ਦਿਤਾ। ਉਨ੍ਹਾਂ ਦਸਿਆ ਕਿ ਇਨ੍ਹਾਂ ਸਾਰਿਆਂ ਵਿਰੁਧ ਕਾਰਵਾਈ ਲਈ ਹਾਈ ਕੋਰਟ ਵਿਚ ਪਟੀਸ਼ਨ ਦਾਇਰ ਕੀਤੀ ਹੈ। ਇਨ੍ਹਾਂ ਵਿਚ ਕੁੱਲ 176 ਪੁਲਿਸ ਮੁਲਾਜ਼ਮ ਹਨ। ਉਨ੍ਹਾਂ ਇਹ ਵੀ ਦਸਿਆ ਕਿ ਇਹ ਸਾਰੇ ਪੁਲਿਸ ਮੁਲਾਜ਼ਮ ਉਨ੍ਹਾਂ ਨਾਲ ਸਮਝੌਤਾ ਕਰਨ ਲਈ ਉਨ੍ਹਾਂ ਨੂੰ ਕਈ ਵਾਰ ਬੇਨਤੀ ਕਰ ਚੁੱਕੇ ਹਨ।