Punjab News: ਜਲੰਧਰ 'ਚ ਆੜ੍ਹਤੀ ਦੇ ਘਰ ਬੰਦੂਕ ਦੀ ਨੋਕ 'ਤੇ ਲੁੱਟ; ਲੁਟੇਰਿਆਂ ਨੇ 7 ਸਾਲਾ ਬੱਚੇ ਦੇ ਸਿਰ ’ਤੇ ਤਾਣੀ ਪਿਸਤੌਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

15 ਮਿੰਟਾਂ 'ਚ 12 ਲੱਖ ਦੀ ਨਕਦੀ ਅਤੇ 15 ਲੱਖ ਦੇ ਗਹਿਣੇ ਲੁੱਟ ਕੇ ਹੋਏ ਫਰਾਰ

Aarthi's house robbed at gunpoint in Jalandhar

Punjab News: ਜਲੰਧਰ 'ਚ ਸੋਮਵਾਰ ਸਵੇਰੇ ਹਥਿਆਰਬੰਦ ਬਦਮਾਸ਼ਾਂ ਨੇ ਇਕ ਆੜ੍ਹਤੀ ਦੇ ਘਰੋਂ ਬੰਦੂਕ ਦੀ ਨੋਕ 'ਤੇ 12 ਲੱਖ ਰੁਪਏ ਦੀ ਨਕਦੀ ਅਤੇ 15 ਲੱਖ ਰੁਪਏ ਦੇ ਗਹਿਣੇ ਲੁੱਟ ਲਏ। ਮਿਲੀ ਜਾਣਕਾਰੀ ਅਨੁਸਾਰ ਜਿਵੇਂ ਹੀ ਬਦਮਾਸ਼ ਘਰ 'ਚ ਦਾਖਲ ਹੋਏ, ਉਨ੍ਹਾਂ ਨੇ ਘਰ ਵਿਚ ਮੌਜੂਦ ਆੜ੍ਹਤੀ ਦੀ ਪਤਨੀ ਅਤੇ ਬੱਚੇ ਨੂੰ ਬੰਦੂਕ ਦੀ ਨੋਕ 'ਤੇ ਬੰਧਕ ਬਣਾ ਲਿਆ। ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਡਵੀਜ਼ਨ-1 ਦੀ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿਤੀ। ਇਹ ਘਟਨਾ ਮਕਸੂਦਾਂ ਦੀ ਗਲੀ ਨੰਬਰ-3 ਦੇ ਸ਼ੀਤਲ ਨਗਰ ਦੀ ਹੈ।

ਸਬਜ਼ੀ ਕਾਰੋਬਾਰੀ ਬਲਰਾਮ ਨੇ ਪੁਲਿਸ ਨੂੰ ਦਸਿਆ ਕਿ ਸੋਮਵਾਰ ਤੜਕੇ ਨਕਾਬਪੋਸ਼ ਲੁਟੇਰੇ ਉਸ ਦੇ ਘਰ ਦਾਖਲ ਹੋਏ। ਮੁਲਜ਼ਮਾਂ ਨੇ ਉਥੇ ਪਹੁੰਚ ਕੇ ਬੰਦੂਕ ਦੀ ਨੋਕ 'ਤੇ ਪੂਰੇ ਪਰਵਾਰ ਨੂੰ ਬੰਧਕ ਬਣਾ ਲਿਆ। ਪੀੜਤ ਔਰਤ ਅਨੁਸਾਰ ਸਵੇਰੇ 6:15 ਵਜੇ ਦੇ ਕਰੀਬ ਤਿੰਨ ਮੁਲਜ਼ਮ ਉਸ ਦੇ ਘਰ ਵਿਚ ਦਾਖ਼ਲ ਹੋਏ ਸਨ ਅਤੇ ਸਾਢੇ ਛੇ ਵਜੇ ਮੁਲਜ਼ਮ ਵਾਰਦਾਤ ਨੂੰ ਅੰਜਾਮ ਦੇ ਕੇ ਫਰਾਰ ਹੋ ਗਏ ਸਨ।

ਆੜ੍ਹਤੀ ਦੀ ਪਤਨੀ ਪੁਸ਼ਪਾ ਨੇ ਪੁਲਿਸ ਨੂੰ ਦਸਿਆ ਕਿ ਉਸ ਦਾ ਪਤੀ ਬਲਰਾਮ ਮਕਸੂਦਾਂ ਸਬਜ਼ੀ ਮੰਡੀ ਵਿਚ ਆੜ੍ਹਤੀ ਹੈ। ਹਰ ਰੋਜ਼ ਦੀ ਤਰ੍ਹਾਂ ਉਹ ਸਵੇਰੇ ਅਪਣੇ ਕੰਮ 'ਤੇ ਚਲਾ ਗਿਆ। ਸਵੇਰੇ 6:15 ਵਜੇ ਜਦੋਂ ਕਿਸੇ ਨੇ ਦਰਵਾਜ਼ਾ ਖੜਕਾਇਆ ਤਾਂ ਉਹ ਖੋਲ੍ਹਣ ਗਈ। ਦਰਵਾਜ਼ਾ ਖੋਲ੍ਹਦੇ ਹੀ ਨਕਾਬਪੋਸ਼ ਲੁਟੇਰੇ ਘਰ ਅੰਦਰ ਦਾਖਲ ਹੋ ਗਏ। ਮੁਲਜ਼ਮਾਂ ਨੇ ਆਉਂਦੇ ਹੀ ਉਸ ਨੂੰ ਬੰਦੂਕ ਦੀ ਨੋਕ ’ਤੇ ਬੰਦੀ ਬਣਾ ਲਿਆ। ਇਸ ਦੌਰਾਨ ਜਦੋਂ ਉਨ੍ਹਾਂ ਨੇ ਸੁੱਤੇ ਬੱਚੇ ਨੂੰ ਦੇਖਿਆ ਤਾਂ ਮੁਲਜ਼ਮ ਨੇ ਔਰਤ ਨੂੰ ਛੱਡ ਕੇ ਬੱਚੇ ਨੂੰ ਚੁੱਕ ਲਿਆ ਅਤੇ ਉਸ ਦੇ ਸਿਰ 'ਤੇ ਹਥਿਆਰ ਰੱਖ ਦਿਤਾ।

ਪੁਸ਼ਪਾ ਕੁਮਾਰੀ ਨੇ ਦਸਿਆ ਕਿ ਮੁਲਜ਼ਮ ਨੇ ਉਸ ਨੂੰ ਕਿਹਾ- ਤੇਰੇ ਪਤੀ ਨੇ ਕਾਫੀ ਪੈਸਾ ਕਮਾਇਆ ਹੈ। ਜਲਦੀ ਦੱਸੋ ਪੈਸੇ ਕਿਥੇ ਰੱਖੇ ਹਨ। ਬੱਚੇ ਦੇ ਸਿਰ 'ਤੇ ਹਥਿਆਰ ਦੇਖ ਕੇ ਘਬਰਾਈ ਪੁਸ਼ਪਾ ਨੇ ਤੁਰੰਤ ਅਲਮਾਰੀ ਖੋਲ੍ਹ ਦਿਤੀ। ਪੁਸ਼ਪਾ ਨੇ ਦਸਿਆ ਕਿ ਲੁਟੇਰੇ ਕਰੀਬ 15 ਮਿੰਟ ਤਕ ਘਰ ਦੇ ਅੰਦਰ ਹੀ ਰਹੇ। ਘਟਨਾ 'ਚ ਦੋਸ਼ੀ ਗਹਿਣੇ ਅਤੇ ਨਕਦੀ ਲੈ ਕੇ ਫਰਾਰ ਹੋ ਗਏ। ਮੁਲਜ਼ਮ ਘਰ ਦੇ ਅੰਦਰੋਂ ਇਕ ਟਰੰਕ ਵੀ ਅਪਣੇ ਨਾਲ ਲੈ ਗਏ ਸਨ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਪੀੜਤ ਨੇ ਦਸਿਆ ਕਿ ਦੋਸ਼ੀ ਬਾਈਕ 'ਤੇ ਸਵਾਰ ਹੋ ਕੇ ਆਏ ਸਨ। ਘਟਨਾ ਤੋਂ ਤੁਰੰਤ ਬਾਅਦ ਪੁਸ਼ਪਾ ਨੇ ਅਪਣੇ 7 ਸਾਲਾ ਬੱਚੇ ਜਤਿਨ ਨੂੰ ਫੜ ਲਿਆ ਅਤੇ ਇਲਾਕੇ 'ਚ ਰੌਲਾ ਪਾ ਦਿਤਾ। ਜਿਸ ਤੋਂ ਬਾਅਦ ਪੀੜਤਾ ਨੇ ਅਪਣੇ ਪਤੀ ਨੂੰ ਮਾਮਲੇ ਦੀ ਜਾਣਕਾਰੀ ਦਿਤੀ।

ਘਟਨਾ ਦੀ ਜਾਂਚ ਲਈ ਮੌਕੇ ’ਤੇ ਪੁੱਜੇ ਏਸੀਪੀ ਦਮਨਵੀਰ ਸਿੰਘ ਨੇ ਦਸਿਆ ਕਿ ਇਲਾਕੇ ਦੇ ਸੀਸੀਟੀਵੀ ਕੈਮਰੇ ਚੈੱਕ ਕੀਤੇ ਜਾ ਰਹੇ ਹਨ। ਜਿਸ ਦੇ ਆਧਾਰ 'ਤੇ ਜਲਦ ਹੀ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਏਸੀਪੀ ਨੇ ਦਸਿਆ ਕਿ ਪਰਵਾਰ ਵਲੋਂ ਦੱਸੇ ਗਏ ਨੁਕਸਾਨ ਦੀ ਜਾਂਚ ਕੀਤੀ ਜਾ ਰਹੀ ਹੈ। ਜਲਦੀ ਹੀ ਮਾਮਲਾ ਦਰਜ ਕਰ ਲਿਆ ਜਾਵੇਗਾ।

ਐਸਐਚਓ ਸੁਖਬੀਰ ਸਿੰਘ ਨੇ ਦਸਿਆ ਕਿ ਪਰਵਾਰ ਨੇ ਅਪਣੇ ਬਿਆਨਾਂ ਵਿਚ ਕਿਹਾ ਹੈ ਕਿ ਉਹ ਅਕਸਰ ਇੰਨੇ ਪੈਸੇ ਘਰ ਵਿਚ ਰੱਖਦੇ ਹਨ ਕਿਉਂਕਿ ਭੁਗਤਾਨ ਹਰ ਸ਼ੁੱਕਰਵਾਰ ਨੂੰ ਕਰਨਾ ਪੈਂਦਾ ਹੈ। ਇਹ ਗਹਿਣੇ ਵਿਆਹ ਤੋਂ ਹੀ ਔਰਤ ਕੋਲ ਸਨ। ਉਥੇ ਕਰੀਬ 11-12 ਲੱਖ ਰੁਪਏ ਦੀ ਨਕਦੀ ਅਤੇ 10 ਲੱਖ ਰੁਪਏ ਤੋਂ ਵੱਧ ਦੇ ਗਹਿਣੇ ਪਏ ਸਨ। ਇਲਾਕੇ ਦੇ ਸੀਸੀਟੀਵੀ ਕੈਮਰੇ ਚੈੱਕ ਕੀਤੇ ਜਾ ਰਹੇ ਹਨ। ਜਿਸ ਦੇ ਆਧਾਰ 'ਤੇ ਜਲਦ ਹੀ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।

(For more Punjabi news apart from Aarthi's house robbed at gunpoint in Jalandhar, stay tuned to Rozana Spokesman)