ਖੇਤਾਂ ’ਚ ਪਾਣੀ ਲਾਉਣ ਗਏ ਕਿਸਾਨ ਦੀ ਕਰੰਟ ਲੱਗਣ ਨਾਲ ਹੋਈ ਮੌਤ
ਮ੍ਰਿਤਕ ਦੀ ਪਹਿਚਾਣ ਗੁਰਮੇਜ ਸਿੰਘ ਵਜੋਂ ਹੋਈ ਹੈ
ਹਲਕਾ ਪੱਟੀ ਦੇ ਪਿੰਡ ਬੰਗਲਾ ਰਾਏ ਕੇ ਦੇ ਇਕ ਕਿਸਾਨ ਦੀ ਕਰੰਟ ਲੱਗਣ ਨਾਲ ਮੌਤ ਹੋ ਗਈ। ਮ੍ਰਿਤਕ ਦਾ ਨਾਂ ਗੁਰਮੇਜ ਸਿੰਘ ਹੈ, ਜੋ ਕਿ ਸਵੇਰੇ ਖੇਤਾਂ ’ਚ ਪਾਣੀ ਲਗਾਉਣ ਲਈ ਖੇਤਾਂ ’ਚ ਗਿਆ ਸੀ ਤੇ ਇਸੇ ਦੌਰਾਨ ਗੁਰਮੇਜ ਸਿੰਘ ਨੂੰ ਕਰੰਟ ਲੱਗ ਗਿਆ ਤੇ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ।
ਪਰਿਵਾਰ ਨੂੰ ਘਟਨਾ ਦਾ ਪਤਾ ਉਸ ਸਮੇਂ ਲੱਗਾ ਜਦੋਂ ਕਿਸਾਨ ਗੁਰਮੇਜ ਸਿੰਘ ਦੀ ਪਤਨੀ ਨੇ ਗੁਰਮੇਜ ਸਿੰਘ ਨੂੰ ਫ਼ੋਨ ਕੀਤਾ ਤੇ ਫ਼ੋਨ ਨਾ ਚੁੱਕਣ ’ਤੇ ਪਰਿਵਾਰ ਵਾਲਿਆਂ ਨੇ ਖੇਤਾਂ ’ਚ ਜਾ ਕੇ ਦੇਖਿਆ। ਇਸ ਦੌਰਾਨ ਪਰਿਵਾਰ ਨੇ ਦੇਖਿਆ ਕਿ ਗੁਰਮੇਜ ਸਿੰਘ ਖੇਤਾਂ ਵਿਚ ਗਿਰਿਆ ਪਿਆ ਸੀ ਤੇ ਉਸ ਦੀ ਮੌਤ ਹੋ ਚੁੱਕੀ ਸੀ। ਮੌਤ ਦੀ ਖ਼ਬਰ ਸੁਣਦੇ ਹੀ ਇਲਾਕੇ ਅਤੇ ਪਰਿਵਾਰ ਵਿਚ ਮਾਤਮ ਛਾ ਗਿਆ। ਪਰਿਵਾਰਕ ਮੈਂਬਰਾਂ ਦਾ ਰੋ-ਰੋ ਕੇ ਬੁਰਾ ਹਾਲ ਹੈ।
ਮੀਡੀਆ ਨਾਲ ਗੱਲਬਾਤ ਕਰਦੇ ਹੋਏ ਪਰਿਵਾਰ ਮੈਬਰਾਂ ਨੇ ਕਿਹਾ ਕਿ ਗੁਰਮੇਜ ਸਿੰਘ ਘਰੋਂ ਬਾਹਰ ਠੇਕੇ ’ਤੇ ਲਈ ਜ਼ਮੀਨ ਵਿਚ ਫ਼ਸਲ ਨੂੰ ਪਾਣੀ ਲਾਉਣ ਲਈ ਗਿਆ ਸੀ, ਜਿਸ ਨੂੰ ਮੋਟਰ ’ਤੇ ਕਰੰਟ ਲੱਗਣ ਨਾਲ ਮੌਤ ਹੋ ਗਈ ਪਰਿਵਾਰ ਮੈਬਰਾਂ ਨੇ ਸਰਕਾਰ ਦੇ ਕੋਲੋਂ ਮੁਆਵਜ਼ੇ ਦੀ ਮੰਗ ਕੀਤੀ ਹੈ।