ਅਮਰੀਕਾ ਤੋਂ ਡਿਪੋਰਟ ਹੋ ਕੇ ਆਏ ਭਾਰਤੀਆਂ ਬਾਰੇ ਜਾਣੋ ਪੂਰੇ ਵੇਰਵੇ
ਪੰਜਾਬ, ਹਰਿਆਣਾ ਅਤੇ ਗੁਜਰਾਤ ਦੇ ਸਭ ਤੋਂ ਵੱਧ ਲੋਕ
ਅੰਮ੍ਰਿਤਸਰ: ਅਮਰੀਕਾ 'ਚ ਗੈਰ-ਕਾਨੂੰਨੀ ਤਰੀਕੇ ਨਾਲ ਰਹਿ ਰਹੇ 104 ਭਾਰਤੀ ਜਿਨ੍ਹਾਂ ਨੂੰ ਡਿਪੋਰਟ ਕੀਤਾ ਗਿਆ ਸੀ, ਆਪਣੇ ਦੇਸ਼ ਪਰਤ ਆਏ ਹਨ। ਉਨ੍ਹਾਂ ਨੂੰ ਲੈ ਕੇ ਅਮਰੀਕੀ ਫੌਜ ਦਾ ਸੀ-17 ਜਹਾਜ਼ ਦੁਪਹਿਰ ਕਰੀਬ 2 ਵਜੇ ਅੰਮ੍ਰਿਤਸਰ ਹਵਾਈ ਅੱਡੇ 'ਤੇ ਉਤਰਿਆ। ਇਸ ਜਹਾਜ਼ ਨੂੰ ਯਾਤਰੀ ਟਰਮੀਨਲ ਦੀ ਬਜਾਏ ਏਅਰਫੋਰਸ ਏਅਰਬੇਸ 'ਤੇ ਉਤਾਰਿਆ ਗਿਆ ਹੈ। ਅੰਮ੍ਰਿਤਸਰ ਏਅਰਪੋਰਟ ਦੇ ਸੁਰੱਖਿਆ ਅਧਿਕਾਰੀਆਂ ਮੁਤਾਬਿਕ ਇਨ੍ਹਾਂ ਲੋਕਾਂ ਦੀ ਵੈਰੀਫਿਕੇਸ਼ਨ ਕੀਤੀ ਕਰਕੇ ਇਮੀਗ੍ਰੇਸ਼ਨ ਅਤੇ ਕਸਟਮ ਕਲੀਅਰੈਂਸ ਤੋਂ ਬਾਅਦ ਇਨ੍ਹਾਂ ਨੂੰ ਪੰਜਾਬ ਪੁਲਿਸ ਦੇ ਹਵਾਲੇ ਕੀਤਾ ਗਿਆ। ਪੁਲਿਸ ਪੂਰੀ ਪੁੱਛਗਿੱਛ ਤੋਂ ਬਾਅਦ ਪਰਿਵਾਰਾਂ ਨੂੰ ਨੌਜਵਾਨ ਸੌਂਪੇ।
ਪੰਜਾਬ, ਹਰਿਆਣਾ ਅਤੇ ਗੁਜਰਾਤ ਦੇ ਸਭ ਤੋਂ ਵੱਧ ਲੋਕ
ਅੰਮ੍ਰਿਤਸਰ ਹਵਾਈ ਅੱਡੇ 'ਤੇ ਲਿਆਂਦੇ ਗਏ 104 ਲੋਕਾਂ 'ਚ ਹਰਿਆਣਾ ਅਤੇ ਗੁਜਰਾਤ ਤੋਂ 33-33, ਪੰਜਾਬ ਦੇ 30, ਮਹਾਰਾਸ਼ਟਰ ਦੇ 3, ਉੱਤਰ ਪ੍ਰਦੇਸ਼-ਚੰਡੀਗੜ੍ਹ ਤੋਂ 2-2 ਲੋਕ ਸ਼ਾਮਿਲ ਹਨ। ਇਨ੍ਹਾਂ ਵਿੱਚ ਕੁੱਝ ਪਰਿਵਾਰ ਵੀ ਹਨ। ਇਸ ਤੋਂ ਇਲਾਵਾ 8-10 ਸਾਲ ਦੇ ਬੱਚੇ ਵੀ ਸ਼ਾਮਲ ਹਨ। ਸੁਰੱਖਿਆ ਅਧਿਕਾਰੀਆਂ ਮੁਤਾਬਿਕ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਤੋਂ ਲੋਕਾਂ ਨੂੰ ਸੜਕ ਰਾਹੀਂ ਘਰ ਭੇਜਿਆ ਜਾਵੇਗਾ। ਗੁਜਰਾਤ, ਮਹਾਰਾਸ਼ਟਰ ਅਤੇ ਉੱਤਰ ਪ੍ਰਦੇਸ਼ ਦੇ ਲੋਕਾਂ ਨੂੰ ਹਵਾਈ ਜਹਾਜ਼ ਰਾਹੀਂ ਹੀ ਅੱਗੇ ਭੇਜਿਆ ਗਿਆ।
ਫਤਿਹਗੜ੍ਹ ਚੂੜੀਆਂ ਦਾ ਜਸਪਾਲ ਸਿੰਘ ਪਰਤਿਆ ਵਾਪਸ
ਅਮਰੀਕਾ ਵਲੋਂ ਡਿਪੋਰਟ ਕੀਤੇ ਗਏ ਭਾਰਤੀਆਂ ਵਿਚੋਂ ਫਤਿਹਗੜ੍ਹ ਚੂੜੀਆਂ ਦੇ ਨਜ਼ਦੀਕੀ ਪਿੰਡ ਹਰਦੋਰਵਾਲ ਦਾ ਜਸਪਾਲ ਸਿੰਘ ਪੁੱਤਰ ਨਰਿੰਦਰ ਸਿੰਘ ਵੀ ਸ਼ਾਮਿਲ ਹੈ ਜੋ ਕਿ ਕਰੀਬ ਇਕ ਮਹੀਨੇ ਪਹਿਲਾਂ ਘਰੋਂ ਅਮਰੀਕਾ ਜਾਣ ਲਈ ਗਿਆ ਸੀ ਅਤੇ ਜਾਣਕਾਰੀ ਮੁਤਾਬਕ ਉਹ ਪਿਛਲੇ ਕਰੀਬ 12 ਕੁ ਦਿਨਾਂ ਤੋਂ ਅਮਰੀਕਾ ਪਹੁੰਚਿਆ ਸੀ। ਜਸਪਾਲ ਸਿੰਘ ਦੀ ਮਾਤਾ ਸ਼ਿੰਦਰ ਕੌਰ ਨੇ ਕਿਹਾ ਕਿ ਸ਼ੁਕਰ ਹੈ ਪ੍ਰਮਾਤਮਾ ਦਾ ਮੇਰਾ ਬੇਟਾ ਅਮਰੀਕਾ ਤੋਂ ਸੁਰੱਖਿਅਤ ਘਰ ਆ ਗਿਆ।
ਪਿੰਡ ਡੋਗਰਾਂਵਾਲ ਦਾ ਵਿਕਰਮਜੀਤ ਸਿੰਘ ਪਰਤਿਆ ਵਾਪਸ
ਪੰਜਾਬ ਦੇ 30 ਵਿਅਕਤੀਆਂ ਵਿਚੋਂ ਇਕ ਵਿਅਕਤੀ ਜ਼ਿਲ੍ਹਾ ਕਪੂਰਥਲਾ ਦੇ ਪਿੰਡ ਡੋਗਰਾਂਵਾਲ ਦਾ ਹੈ, ਜਿਸ ਦੇ ਮਾਤਾ-ਪਿਤਾ ਉਸਨੂੰ ਅੰਮ੍ਰਿਤਸਰ ਹਵਾਈ ਅੱਡੇ ਤੋਂ ਲੈਣ ਗਏ ਸਨ। ਘਰ ਵਿਚ ਮੌਜੂਦ ਉਸ ਦੇ ਦਾਦਾ ਹਰਮੇਲ ਸਿੰਘ ਨੇ ਦੱਸਿਆ ਕਿ ਉਸਦੇ ਪਰਿਵਾਰ ਨੇ 22 ਸਾਲਾ ਵਿਕਰਮਜੀਤ ਸਿੰਘ ਪੁੱਤਰ ਸ਼ੀਸ਼ ਸਿੰਘ ਵਾਸੀ ਡੋਗਰਾਂਵਾਲ ਕਰੀਬ 2 ਮਹੀਨੇ ਪਹਿਲਾਂ ਹੀ ਅਮਰੀਕਾ ਭੇਜਿਆ ਸੀ ਤੇ ਉਸ ਨੂੰ ਭੇਜਣ ਲਈ ਲੱਖਾਂ ਰੁਪਏ ਦਾ ਕਰਜ਼ਾ ਚੁੱਕਿਆ ਹੋਇਆ ਹੈ, ਜਿਸ ਨੂੰ ਉਸਦਾ ਲੜਕਾ ਹੁਣ ਸਾਰੀ ਉਮਰ ਤੱਕ ਨਹੀਂ ਉਤਾਰ ਸਕੇਗਾ। ਉਨ੍ਹਾਂ ਦੱਸਿਆ ਕਿ ਘਰ ਦੇ ਹਾਲਾਤ ਬਹੁਤ ਮਾੜੇ ਹਨ, ਜਿਸ ਕਰਕੇ ਵਿਕਰਮਜੀਤ ਸਿੰਘ ਜੋ ਕਿ 6 ਭੈਣਾਂ ਦਾ ਇਕਲੌਤਾ ਭਰਾ ਹੈ, ਚੰਗੇ ਭਵਿੱਖ ਲਈ ਵਿਦੇਸ਼ ਗਿਆ ਸੀ।
ਮੋਹਾਲੀ ਦਾ ਨੌਜਵਾਨ ਪਰਦੀਪ ਸਿੰਘ ਆਪਣੀ ਜ਼ਮੀਨ ਵੇਚ ਕੇ ਗਿਆ ਸੀ ਵਿਦੇਸ਼
ਅਮਰੀਕਾ ਤੋਂ ਡਿਪੋਰਟ ਹੋ ਕੇ ਆਏ ਲਾਲੜੂ (ਮੁਹਾਲੀ) ਦੇ ਪਰਦੀਪ ਸਿੰਘ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਹਨਾਂ ਨੇ ਜ਼ਮੀਨ ਵੇਚ ਕੇ ਤੇ ਕਰਜ਼ਾ ਚੁੱਕ ਕੇ ਉਸ ਨੂੰ ਘਰ ਦੀ ਗਰੀਬੀ ਦੂਰ ਕਰਨ ਤੇ ਚੰਗੇ ਭਵਿੱਖ ਲਈ ਵਿਦੇਸ਼ ਭੇਜਿਆ ਸੀ।
ਉਨ੍ਹਾਂ ਮੰਗ ਕੀਤੀ ਕਿ ਜਾਂ ਤਾਂ ਪਰਦੀਪ ਸਿੰਘ ਨੂੰ ਸਰਕਾਰ ਸਰਕਾਰੀ ਨੌਕਰੀ ਦੇਵੇ ਜਾਂ ਸਾਡੇ ਖ਼ਰਚ ਹੋਏ ਪੈਸੇ ਵਾਪਸ ਕੀਤੇ ਜਾਣ।
ਲੱਖਾਂ ਰੁਪਏ ਦੇ ਕੇ ਵਿਦੇਸ਼ ਗਿਆ ਸੀ ਜਸਪਾਲ ਸਿੰਘ
ਗੁਰਦਾਸਪੁਰ ਦੇ ਪਿੰਡ ਹਰਦਰੋਵਾਲ ਦਾ ਰਹਿਣ ਵਾਲਾ ਜਸਪਾਲ ਸਿੰਘ ਜੋ ਕੁਝ ਮਹੀਨੇ ਪਹਿਲਾ ਹੀ ਘਰੋ ਅਮਰੀਕਾ ਲਈ ਗਿਆ ਸੀ ਅੱਜ ਉੱਥੋ ਡਿਪੋਰਟ ਹੋਇਆ ਹੈ । ਪਰਿਵਾਰ ਦਾ ਕਹਿਣਾ ਹੈ ਕਿ 5-6 ਮਹੀਨੇ ਪਹਿਲਾਂ ਉਹ ਵਿਦੇਸ਼ ਗਿਆ ਸੀ। ਉਨ੍ਹਾਂ ਨੇ ਕਿਹਾ ਹੈ ਕਿ ਅਮਰੀਕਾ ਪੁਹੰਚੇ ਨੂੰ ਇੱਕ ਮਹੀਨਾ ਵੀ ਨਹੀਂ ਹੋਇਆ ਸੀ।
ਹੁਸ਼ਿਆਰਪੁਰ ਦੇ ਨੌਜਵਾਨ ਹਰਵਿੰਦਰ ਸਿੰਘ 42 ਲੱਖ ਰੁਪਏ ਲਾ ਕੇ ਗਿਆ ਸੀ ਵਿਦੇਸ਼
ਹੁਸ਼ਿਆਰਪੁਰ ਦੇ ਟਾਂਡਾ ਉੜਮੁੜ ਅਧੀਨ ਪੈਂਦੇ ਪਿੰਡ ਟਾਲੀ ਦੇ ਨੌਜਵਾਨ ਹਰਵਿੰਦਰ ਸਿੰਘ ਦੇ ਪਰਿਵਾਰ ਦਾ ਕਹਿਣਾ ਹੈ ਕਿ ਅਸੀਂ ਵਿਆਜ਼ ਉੱਤੇ ਪੈਸੇ ਚੁੱਕ ਕੇ ਆਪਣੇ ਪੁੱਤਰ ਹਰਵਿੰਦਰ ਸਿੰਘ ਨੂੰ ਰੋਜੀ ਰੋਟੀ ਕਮਾਉਣ ਲਈ ਵਿਦੇਸ਼ ਭੇਜਿਆ ਸੀ ਪਰ ਅੱਜ ਇਹ ਮੰਦਭਾਗੀ ਖਬਰ ਮਿਲਦਿਆਂ ਹੀ ਬੜਾ ਦੁੱਖ ਲੱਗਿਆ ਹੈ। ਪਰਿਵਾਰ ਦਾ ਕਹਿਣਾ ਹੈ ਕਿ 42 ਲੱਖ ਰੁਪਆ ਕਰਜ਼ਾ ਚੁੱਕ ਕੇ ਵਿਆਜ ਤੇ ਇਹ ਵਿਦੇਸ਼ ਗਏ ਸੀ ਤੇ ਹੁਣ ਇਸ ਕਰਜੇ ਦਾ ਕੀ ਬਣੇਗਾ ਤੇ ਪਿੱਛੇ ਗਰੀਬ ਪਰਿਵਾਰ ਦਾ ਕੀ ਬਣੇਗਾ