ਸ਼ਗਨ ਸਮਾਗਮ ’ਚ ਮੁੰਡੇ ਦੀ ਮਾਂ ਨੂੰ ਨੱਚਣਾ ਪਿਆ ਮਹਿੰਗਾ
ਸੋਫ਼ੇ ’ਤੇ ਰੱਖਿਆ ਸੋਨੇ ਦੇ ਗਹਿਣਿਆਂ ਤੇ ਨਕਦੀ ਵਾਲਾ ਬੈਗ ਹੋਇਆ ਚੋਰੀ
ਪਠਾਨਕੋਟ : ਪਠਾਨਕੋਟ ਦੇ ਗੁਸਾਈਂਪੁਰ ਵਿਖੇ ਮੈਰਿਜ ਪੈਲੇਸ ਵਿੱਚ ਸ਼ਗਨ ਸਮਾਗਮ ਦੀਆਂ ਖੁਸ਼ੀਆਂ ਉਸ ਵੇਲੇ ਮੱਧਮ ਹੋ ਗਈਆਂ ਜਦ ਕੋਈ ਚੋਰ ਲੜਕੇ ਦੀ ਮਾਂ ਦਾ ਸੋਨੇ ਦੇ ਗਹਿਣਿਆਂ ਅਤੇ ਪੈਸਿਆਂ ਵਾਲਾ ਬੈਗ ਚੋਰੀ ਕਰਕੇ ਲੈ ਗਿਆ ਅਤੇ ਪਰਿਵਾਰ ਦਾ ਲਗਭਗ 12 ਲੱਖ ਰੁਪਏ ਦਾ ਨੁਕਸਾਨ ਹੋਇਆ ਹੈ। ਲੜਕੇ ਦੇ ਪਿਤਾ ਨੇ ਇਸ ਚੋਰੀ ਦੀ ਸੂਚਨਾ ਸੁਜਾਨਪੁਰ ਥਾਣੇ ਵਿੱਚ ਦੇ ਦਿੱਤੀ ਹੈ। ਪੁਲੀਸ ਨੇ ਸੀ ਸੀ ਟੀ ਵੀ ਫੁਟੇਜ ਇਕੱਤਰ ਕਰਕੇ ਮਾਮਲੇ ਦੀ ਜਾਂਚ ਆਰੰਭ ਦਿੱਤੀ ਹੈ।
ਲੜਕੇ ਦੇ ਪਿਤਾ ਕੁਲਦੀਪ ਚੰਦ ਵਾਸੀ ਭਧਰੋਆ ਨੇ ਦੱਸਿਆ ਕਿ ਉਸ ਦੇ ਲੜਕੇ ਦਾ ਸ਼ਗਨ ਸਮਾਗਮ ਗੋਸਾਈਂਪੁਰ ਦੇ ਪੈਲੇਸ ਵਿੱਚ ਸੀ, ਸਮਾਗਮ ਵਿੱਚ ਸ਼ਗਨ ਦੀਆਂ ਰਸਮਾਂ ਤਕਰੀਬਨ ਪੂਰੀਆਂ ਹੋ ਗਈਆਂ ਸਨ ਤੇ ਲੜਕੇ ਵਾਲੇ ਅਤੇ ਉਨ੍ਹਾਂ ਦੇ ਰਿਸ਼ਤੇਦਾਰ ਡੀ ਜੇ ’ਤੇ ਨੱਚ ਟੱਪ ਰਹੇ ਸਨ। ਇਸੇ ਦੌਰਾਨ ਉਸ ਦੀ ਪਤਨੀ, ਜੋ ਲੜਕੇ ਦੀ ਮਾਂ ਹੈ, ਵੀ ਉੱਥੇ ਸੋਫੇ ’ਤੇ ਬੈਠੀ ਸੀ ਅਤੇ ਉਸ ਦੇ ਹੱਥ ਵਿੱਚ ਬੈਗ ਫੜਿਆ ਹੋਇਆ ਸੀ, ਜਿਸ ਵਿੱਚ ਸੋਨੇ ਦੇ ਗਹਿਣੇ ਅਤੇ ਇਕੱਠਾ ਹੋਇਆ ਸ਼ਗਨ ਸੀ। ਇੰਨੇ ਨੂੰ ਕਿਸੇ ਨੇ ਲੜਕੀ ਦੀ ਮਾਂ ਨੂੰ ਵੀ ਬਾਂਹ ਫੜ ਕੇ ਨੱਚਣ ਲਗਾ ਦਿੱਤਾ ਤਾਂ ਬੈਗ ਸੋਫੇ ਉੱਪਰ ਪਿਆ ਰਿਹਾ, ਜਦ ਉਹ ਨੱਚ ਰਹੀ ਸੀ ਤਾਂ ਬੈਗ ਕੋਈ ਚੋਰੀ ਕਰਕੇ ਲੈ ਗਿਆ, ਜਦ ਉਹ ਨੱਚ ਕੇ ਹਟੀ ਤਾਂ ਉਹ ਬੈਗ ਲੱਭਣ ਲੱਗੀ ਪਰ ਬੈਗ ਕਿਧਰੇ ਵੀ ਨਾ ਲੱਭਿਆ।
ਅਖੀਰ ਸੀ ਸੀ ਟੀ ਵੀ ਫੁਟੇਜ ਦੇਖੀ ਗਈ ਤਾਂ ਉਸ ਵਿੱਚ ਨਜ਼ਰ ਆ ਰਿਹੇ ਬੱਚੇ ’ਤੇ ਸ਼ੱਕ ਹੋਇਆ। ਇਹ ਬੱਚਾ ਨੰਗੇ ਪੈਰੀਂ ਨਜ਼ਰ ਆ ਰਿਹਾ ਸੀ ਜੋ ਨਾ ਤਾਂ ਲੜਕੀ ਵਾਲਿਆਂ ਵੱਲੋਂ ਸੀ ਅਤੇ ਨਾ ਹੀ ਲੜਕੇ ਵਾਲਿਆਂ ਦੇ ਪਰਿਵਾਰ ਵੱਲੋਂ ਸਮਾਗਮ ’ਚ ਆਇਆ ਸੀ।