ਖੇਤ ਵਿਚ ਬਣੀ ਡਿੱਗੀ 'ਚ ਡੁੱਬਣ ਕਾਰਨ ਕਿਸਾਨ ਤੇ ਦੋ ਪੁੱਤਰਾਂ ਦੀ ਮੌਤ
ਸਪਰੇਅ ਕਰਨ ਲਈ ਖੇਤ ਗਏ ਸਨ ਪਿਓ-ਪੁੱਤਰ
ਹਨੂੰਮਾਨਗੜ੍ਹ ਜ਼ਿਲ੍ਹੇ ਦੇ ਥਾਣਾ ਸੰਗਰੀਆ ਤੋਂ ਦਿਲ ਨੂੰ ਝੰਜੋੜ ਕੇ ਰੱਖ ਦੇਣ ਵਾਲੀ ਖਬਰ ਸਾਹਮਣੇ ਆਈ ਹੈ। ਇਥੇ ਪਿੰਡ ਰਸੂਵਾਲਾ ਦੇ ਖੇਤ ਵਿੱਚ ਪਾਣੀ ਵਾਲੀ ਡਿੱਗੀ ’ਚ ਡੁੱਬਣ ਕਾਰਨ ਇਕ ਕਿਸਾਨ ਅਤੇ ਉਸ ਦੇ ਦੋ ਪੁੱਤਰਾਂ ਦੀ ਮੌਤ ਹੋ ਗਈ। ਮ੍ਰਿਤਕਾਂ ਦੀ ਪਛਾਣ ਗੁਰਦੀਪ ਸਿੰਘ (40), ਲਖਵਿੰਦਰ ਸਿੰਘ (22) ਅਤੇ ਰਾਜਵਿੰਦਰ ਸਿੰਘ (16) ਵਜੋਂ ਹੋਈ ਹੈ। ਤਿੰਨੋਂ ਪਿਓ-ਪੁੱਤਰ ਆਪਣੇ ਖੇਤ ਵਿੱਚ ਫ਼ਸਲ ਨੂੰ ਸਪਰੇਅ ਕਰਨ ਗਏ ਸਨ।
ਜਦੋਂ ਰਾਜਵਿੰਦਰ ਗੁਆਂਢੀ ਦੇ ਖੇਤ ਵਿੱਚ ਡਿੱਗੀ ’ਚੋਂ ਪਾਣੀ ਲਿਆਉਣ ਲਈ ਗਿਆ ਤਾਂ ਪਾਣੀ ਭਰਦੇ ਸਮੇਂ ਤਿਲਕਣ ਕਾਰਨ ਉਹ ਡਿੱਗੀ ਵਿੱਚ ਡਿੱਗ ਗਿਆ। ਚੀਕਾਂ ਸੁਣ ਕੇ ਲਖਵਿੰਦਰ ਉਸ ਨੂੰ ਬਚਾਉਣ ਲਈ ਭੱਜਿਆ ਪਰ ਆਪਣਾ ਸੰਤੁਲਨ ਵੀ ਗੁਆ ਬੈਠਾ ਅਤੇ ਡਿੱਗੀ ’ਚ ਡਿੱਗ ਗਿਆ। ਫਿਰ ਗੁਰਦੀਪ ਨੇ ਆਪਣੇ ਪੁੱਤਰਾਂ ਨੂੰ ਡੁੱਬਦੇ ਵੇਖਿਆ ਤੇ ਬਚਾਉਣ ਲਈ ਡਿੱਗੀ ’ਚ ਛਾਲ ਮਾਰੀ ਪਰ ਤਿੰਨਾਂ ਵਿੱਚੋਂ ਕੋਈ ਵੀ ਬਾਹਰ ਨਹੀਂ ਆ ਸਕਿਆ।
ਜਦੋਂ ਤਿੰਨੋਂ ਘਰ ਵਾਪਸ ਨਾ ਆਏ ਤਾਂ ਪਰਿਵਾਰਕ ਮੈਂਬਰਾਂ ਉਨ੍ਹਾਂ ਦੀ ਭਾਲ ਕਰਦੇ ਹੋਏ ਖੇਤ ਪਹੁੰਦੇ ਉਥੇ ਡਿੱਗੀ ਨੇੜਿਓਂ ਟੋਪੀ, ਬੈਲਟ, ਕੱਪੜੇ ਅਤੇ ਜੁੱਤੀਆਂ ਦੇਖ ਕੇ ਸ਼ੱਕ ਹੋਇਆ। ਫਿਰ ਜਦੋਂ ਵੇਖਿਆ ਤਾਂ ਡਿੱਗੀ ਵਿਚ ਤਿੰਨਾਂ ਪਿਓ ਪੁੱਤਰਾਂ ਦੀਆਂ ਲਾਸ਼ਾਂ ਪਈਆਂ ਸਨ। ਲਾਸ਼ਾਂ ਨੂੰ ਰੱਸਿਆਂ ਦੀ ਮਦਦ ਨਾਲ ਬਾਹਰ ਕੱਢਿਆ ਗਿਆ ਅਤੇ ਪੋਸਟਮਾਰਟਮ ਮਗਰੋਂ ਲਾਸ਼ਾਂ ਪਰਿਵਾਰ ਨੂੰ ਸੌਂਪ ਦਿੱਤੀਆਂ ਗਈਆਂ। ਪਰਿਵਾਰ ਵਿੱਚ ਹੁਣ ਗੁਰਦੀਪ ਸਿੰਘ ਦੀ ਪਤਨੀ ਅਤੇ ਧੀ ਰਹਿ ਗਈਆਂ ਹਨ। ਗੁਰਦੀਪ ਸਿੰਘ ਖੇਤੀ ਕਰਦਾ ਸੀ, ਲਖਵਿੰਦਰ ਬੀਐੱਸਟੀਸੀ ਦਾ ਵਿਦਿਆਰਥੀ ਸੀ ਅਤੇ ਰਾਜਵਿੰਦਰ 10ਵੀਂ ਜਮਾਤ ਵਿੱਚ ਪੜ੍ਹਦਾ ਸੀ।