ਪਿੰਡ ਰਾਏਪੁਰ ਰਾਈਆਂ ਵਿਖੇ ਸ਼ਹੀਦ ਲਾਂਸ ਨਾਇਕ ਸਵਰਨ ਸਿੰਘ ਦੀ ਯਾਦ ਵਿੱਚ ਸ਼ਹੀਦੀ ਸਮਾਰਕ ਸਥਾਪਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸੂਬੇਦਾਰ ਮੇਜਰ ਦਰਸ਼ਨ ਸਿੰਘ ਉਨਰੀ ਲੈਂਫਟੀਨੈਂਟ ਦੀ ਅਗਵਾਈ ਹੇਠ ਫੌਜ ਦੀ ਟੁਕੜੀ ਵੱਲੋਂ ਸ਼ਰਧਾਜਲੀ ਭੇਂਟ ਕਰਦਿਆਂ ਦਿੱਤੀ ਸਲਾਮੀ

Martyrdom memorial established in memory of martyr Lance Naik Swaran Singh at village Raipur Raiyan

ਭੁਲੱਥ: ਦੇਸ਼ ਦੀ ਰੱਖਿਆ ਕਰਦਿਆਂ ਸ਼ਹੀਦੀ ਦਾ ਜਾਮ ਪੀਣ ਵਾਲੇ ਪਿੰਡ ਰਾਏਪੁਰ ਰਾਈਆਂ ਦੇ ਸ਼ਹੀਦ ਲਾਂਸ ਨਾਇਕ ਸਵਰਨ ਸਿੰਘ ਦੀ ਯਾਦ ਨੂੰ ਸਦਾ ਲਈ ਅਮਰ ਕਰਨ ਵਾਸਤੇ ਪਿੰਡ ਦੀ ਪੰਚਾਇਤ ਦੇ ਸਹਿਯੋਗ ਨਾਲ ਪਿੰਡ ਦੇ ਸਰਕਾਰੀ ਹਾਈ ਸਕੂਲ ਵਿਖੇ ਸ਼ਹੀਦੀ ਸਮਾਰਕ ਸਥਾਪਤ ਕੀਤਾ ਗਿਆ। ਇਸ ਦੌਰਾਨ 21 ਸਿੱਖ ਯੂਨਿਟ ਵੱਲੋਂ ਸੀਓ ਕਰਨਲ ਨੀਰਜ ਬੈਨੀਵਾਲ ਅਤੇ ਸੂਬੇਦਾਰ ਮੇਜਰ ਦਰਸ਼ਨ ਸਿੰਘ ਉਨਰੀ ਲੈਂਫਟੀਨੈਂਟ ਦੀ ਅਗਵਾਈ ਹੇਠ ਫੌਜ ਦੀ ਟੁਕੜੀ ਵੱਲੋਂ ਸ਼ਰਧਾਜਲੀ ਭੇਂਟ ਕਰਦਿਆਂ ਸਲਾਮੀ ਦਿੱਤੀ ਗਈ।

ਸ਼ਰਧਾਂਜਲੀ ਸਮਾਗਮ ਦੌਰਾਨ ਇਲਾਕੇ ਦੀਆਂ ਪ੍ਰਮੁੱਖ ਹਸਤੀਆਂ, ਸਾਬਕਾ ਫੌਜੀਆਂ, ਨੌਜਵਾਨਾਂ ਅਤੇ ਵੱਡੀ ਗਿਣਤੀ ਵਿੱਚ ਪਿੰਡ ਵਾਸੀਆਂ ਨੇ ਹਾਜ਼ਰੀ ਭਰੀ। ਹਾਜ਼ਰ ਲੋਕਾਂ ਨੇ ਸ਼ਹੀਦੀ ਸਮਾਰਕ ਅੱਗੇ ਫੁੱਲ ਮਾਲਾਵਾਂ ਅਰਪਿਤ ਕਰ ਕੇ ਨਮਨ ਕੀਤਾ ਅਤੇ ਦੋ ਮਿੰਟ ਦਾ ਮੌਨ ਰੱਖ ਕੇ ਸ਼ਰਧਾਂਜਲੀ ਭੇਟ ਕੀਤੀ। ਇਸ ਮੌਕੇ ਸਰਪੰਚ ਵਰਿੰਦਰ ਕੁਮਾਰ ਪਰਾਸ਼ਰ ਨੇ ਦੱਸਿਆ ਕਿ ਸ਼ਹੀਦ ਸਵਰਨ ਸਿੰਘ ਪੁੱਤਰ ਪ੍ਰੀਤਮ ਸਿੰਘ ਨੇ 8 ਦਸੰਬਰ 1994 ਵਿੱਚ ਕਾਰਗਿਲ ਵਿੱਚ ਡਿਊਟੀ ਦੌਰਾਨ ਦੇਸ਼ ਦੀ ਖਾਤਰ ਆਪਣੀ ਜਾਨ ਨਿਛਾਵਰ ਕਰ ਕੇ ਪਿੰਡ ਅਤੇ ਇਲਾਕੇ ਦਾ ਨਾਮ ਰੌਸ਼ਨ ਕੀਤਾ। ਉਨ੍ਹਾਂ ਦੀ ਕੁਰਬਾਨੀ ਸਦੀਵੀ ਯਾਦ ਰਹੇਗੀ ਅਤੇ ਇਹ ਸਮਾਰਕ ਆਉਣ ਵਾਲੀ ਪੀੜ੍ਹੀ ਨੂੰ ਦੇਸ਼ ਭਗਤੀ ਅਤੇ ਬਹਾਦਰੀ ਦੀ ਪ੍ਰੇਰਣਾ ਦਿੰਦਾ ਰਹੇਗਾ।

ਸ਼ਹੀਦ ਦੇ ਪਰਿਵਾਰਕ ਮੈਂਬਰਾਂ ਨੇ ਸਮਾਰਕ ਬਣਾਉਣ ਲਈ ਸਹਿਯੋਗ ਦੇਣ ਵਾਲੇ ਅਤੇ ਫੌਜ ਦੀ ਟੁਕੜੀ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਇਹ ਸਨਮਾਨ ਉਹਨਾਂ ਲਈ ਮਾਣ ਦੀ ਗੱਲ ਹੈ। ਇਸ ਦੌਰਾਨ ਪੂਰਾ ਮਾਹੌਲ ਦੇਸ਼ ਭਗਤੀ ਦੇ ਰੰਗ ਵਿੱਚ ਰੰਗਿਆ ਹੋਇਆ ਨਜ਼ਰ ਆਇਆ।