ਰਾਹੁਲ ਗਾਂਧੀ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਲਈ ਵਰਤੇ ਸ਼ਬਦਾਂ ਲਈ ਮੰਗਣ ਮੁਆਫ਼ੀ : ਅਸ਼ਵਨੀ ਸ਼ਰਮਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕਿਹਾ : ਗਾਂਧੀ ਪਰਿਵਾਰ ਨੇ ਸਿੱਖਾਂ ਅਤੇ ਪੰਜਾਬ ਨੂੰ ਬਹੁਤ ਜ਼ਖ਼ਮ ਦਿੱਤੇ

Rahul Gandhi should apologize for the words he used against Union Minister of State Ravneet Singh Bittu: Ashwani Sharma

ਚੰਡੀਗੜ੍ਹ : ਪੰਜਾਬ ਭਾਜਪਾ ਦੇ ਕਾਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਕੇਂਦਰੀ ਰੇਲ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਖ਼ਿਲਾਫ਼ ਵਰਤੇ ਸ਼ਬਦਾਂ ਲਈ ਕਾਂਗਰਸੀ ਆਗੂ ਰਾਹੁਲ ਗਾਂਧੀ ਨੂੰ ਤੁਰੰਤ ਮੁਆਫ਼ੀ ਮੰਗਣ ਲਈ ਕਿਹਾ ਹੈ। ਉਨ੍ਹਾਂ ਨੇ ਰਾਹੁਲ ਗਾਂਧੀ ਵਲੋਂ ਵਰਤੇ ਗਏ ਸਖ਼ਤ ਸ਼ਬਦਾਂ 'ਚ ਸਖ਼ਤ ਸ਼ਬਦਾਂ ’ਚ ਨਿਖ਼ੇਧੀ ਕੀਤੀ ਹੈ। ਅਸ਼ਵਨੀ ਸ਼ਰਮਾ ਨੇ ਸੋਸ਼ਲ ਮੀਡੀਆ ’ਤੇ ਪਾਈ ਪੋਸਟ ’ਚ ਕਿਹਾ ਹੈ ਕਿ ਜੋ ਨਫ਼ਰਤ ਦਾ ਬੀਜ ਕਾਂਗਰਸ ਨੇ ਬੀਜਿਆ ਹੈ, ਉਹ ਅੱਜ ਵੀ ਉਸੇ ਤਰ੍ਹਾਂ ਮੌਜੂਦ ਹੈ। ਰਾਹੁਲ ਗਾਂਧੀ ਵਲੋਂ ਕੇਂਦਰ ਸਰਕਾਰ 'ਚ ਪੰਜਾਬ ਦੀ ਨੁਮਾਇੰਦਗੀ ਕਰਦੇ ਮੰਤਰੀ ਰਵਨੀਤ ਬਿੱਟੂ ਲਈ ਵਰਤੇ ਗਏ ਅਪਸ਼ਬਦ ਉਸੇ ਮਾਨਸਿਕਤਾ ਨੂੰ ਦਰਸਾਉਂਦੇ ਹਨ।

ਅਸ਼ਵਨੀ ਸ਼ਰਮਾ ਨੇ ਕਿਹਾ ਕਿ ਦੇਸ਼ ਦੀ ਆਜ਼ਾਦੀ ਤੋਂ ਲੈ ਕੇ ਅੱਜ ਤੱਕ ਪੰਜਾਬੀਆਂ ਨੇ ਸਭ ਤੋਂ ਵੱਧ ਕੁਰਬਾਨੀਆਂ ਦਿੱਤੀਆਂ ਹਨ। ਉਨ੍ਹਾਂ ਕੁਰਬਾਨੀਆਂ ਦੇ ਸਦਕਾ ਹੀ ਤੁਹਾਡਾ ਪਰਿਵਾਰ ਸਾਲਾਂ ਤੱਕ ਦੇਸ਼ 'ਤੇ ਰਾਜ ਕਰਦਾ ਰਿਹਾ ਹੈ। ਉਨ੍ਹਾਂ ਕਿਹਾ ਕਿ 1947 ਤੋਂ ਹੁਣ ਤੱਕ ਤੁਹਾਡੇ ਪਰਿਵਾਰ ਦੀ ਰਾਜਨੀਤੀ ਨੇ ਪੰਜਾਬ ਅਤੇ ਸਿੱਖਾਂ ਨੂੰ ਸਿਰਫ ਜ਼ਖਮ ਹੀ ਦਿੱਤੇ। ਚਾਹੇ ਪੰਜਾਬ ਦੀ ਵੰਡ ਹੋਵੇ, ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਹਮਲਾ ਹੋਵੇ, 1984 ਦਾ ਸਿੱਖ ਕਤਲੇਆਮ ਹੋਵੇ ਜਾਂ ਅੱਜ ਇਕ ਪੰਜਾਬੀ ਆਗੂ ਨੂੰ ਗਾਲ੍ਹ ਕੱਢਣੀ ਹੋਵੇ। ਉਨ੍ਹਾਂ ਕਿਹਾ ਕਿ ਰਾਹੁਲ ਜੀ, ਪੰਜਾਬੀ ਤੇ ਸਿੱਖ ਕੌਮ ਗੱਦਾਰ ਨਹੀਂ, ਦੇਸ਼ਭਗਤ ਹਨ। ਇਸ ਲਈ ਤੁਸੀਂ ਤੁਰੰਤ ਮੁਆਫ਼ੀ ਮੰਗੋ।