ਬਾਦਲਾਂ ਦੇ ਗੜ 'ਚ ਸੰਨ੍ਹਮਾਰੀ ਦੀ ਤਿਆਰੀ : ਬੀਬੀ ਗੁਲਸ਼ਨ ਦੇ ਸਿਧਾਂਤਕਵਾਦੀ ਕਾਫ਼ਲੇ 'ਚ ਜਾਣ ਦੇ ਚਰਚੇ!

ਏਜੰਸੀ

ਖ਼ਬਰਾਂ, ਪੰਜਾਬ

ਪਾਰਟੀ ਅੰਦਰ ਅਣਗੌਲਿਆ ਕਰਨ ਕਾਰਨ ਨਾਰਾਜ਼ ਚੱਲ ਰਹੇ ਬੀਬੀ ਗੁਲਸ਼ਨ

file photo

ਬਠਿੰਡਾ : ਸ਼੍ਰੋਮਣੀ ਅਕਾਲੀ ਦਲ ਨੂੰ ਪੰਜਾਬ ਦੀ ਸਾਬਕਾ ਮੈਂਬਰ ਪਾਰਲੀਮੈਂਟ ਬੀਬੀ ਪਰਮਜੀਤ ਕੌਰ ਗੁਲਸ਼ਨ ਵਲੋਂ ਇਕ ਹੋਰ ਝਟਕਾ ਦੇਣ ਦੀਆਂ ਸੰਭਾਵਨਾਵਾਂ ਉਜਾਗਰ ਹੋ ਗਈਆਂ ਹਨ, ਜਿਸ ਸਦਕਾ ਪੰਜਾਬ ਤੋਂ ਰਾਜ ਸਭਾ ਦੇ ਮੈਂਬਰ ਸੁਖਦੇਵ ਸਿੰਘ ਢੀਂਡਸਾ ਵਲੋਂ ਕੀਤਾ ਸਿਧਾਂਤਕਵਾਦੀ ਕਾਫ਼ਲਾ ਹੋਰ ਵਡੇਰਾ ਹੋ ਜਾਵੇਗਾ। ਬੀਬੀ ਪਰਮਜੀਤ ਕੌਰ ਗੁਲਸ਼ਨ ਦੀ ਅਕਾਲੀ ਦਲ ਨਾਲ ਇਸ ਗੱਲੋਂ ਨਰਾਜ਼ਗੀ ਚੱਲੀ ਆ ਰਹੀ ਹੈ ਕਿ ਉਨ੍ਹਾਂ ਦੇ ਪਿਤਾ ਦੀਆਂ ਅਥਾਹ ਕੁਰਬਾਨੀਆਂ ਨੂੰ ਨਜ਼ਰ ਅੰਦਾਜ਼ ਕਰ ਕੇ ਉਨ੍ਹਾਂ ਦੀ ਤਸਵੀਰ ਅਜਾਇਬ ਘਰ ਵਿਚ ਨਹੀਂ ਲਗਾਈ ਗਈ ਜਦਕਿ ਅੰਦਰੂਨੀ ਸੂਤਰਾਂ ਅਨੁਸਾਰ ਅਕਾਲੀ ਦਲ ਨੇ ਉਨ੍ਹਾਂ ਦੀ ਲੋਕ ਸਭਾ ਅਤੇ ਉਨ੍ਹਾਂ ਦੇ ਪਤੀ ਸੇਵਾ ਮੁਕਤ ਜਸਟਿਸ ਨਿਰਮਲ ਸਿੰਘ ਦੀ ਵਿਧਾਨ ਸਭਾ ਦੀ ਟਿਕਟ ਵੀ ਕੱਟ ਦਿਤੀ ਸੀ।

ਬੀਬੀ ਪਰਮਜੀਤ ਕੌਰ ਗੁਲਸ਼ਨ ਦੀ ਅਕਾਲੀ ਦਲ ਨਾਲ ਨਰਾਜ਼ਗੀ ਤੋਂ ਸਿਆਸੀ ਮਾਹਰ ਇਹ ਕਿਆਸਅਰਾਈਆਂ ਲਾ ਰਹੇ ਹਨ ਕਿ ਉਹ ਸ਼੍ਰੋਮਣੀ ਅਕਾਲੀ ਦਲ ਤੋਂ ਅਸਤੀਫ਼ਾ ਦੇ ਕੇ ਛੇਤੀ ਹੀ ਟਕਸਾਲੀ ਅਕਾਲੀ ਦਲ ਵਿਚ ਸ਼ਾਮਲ ਹੋਣ ਦਾ ਐਲਾਨ ਕਰ ਦੇਣਗੇ। ਵਰਨਣਯੋਗ ਹੈ ਕਿ ਬੀਬੀ ਗੁਲਸ਼ਨ ਲੋਕ ਸਭਾ ਹਲਕਾ ਰਾਖਵਾਂ ਬਠਿੰਡਾ ਅਤੇ ਫ਼ਰੀਦਕੋਟ ਤੋਂ ਦੋ ਵਾਰ ਮੈਂਬਰ ਪਾਰਲੀਮੈਂਟ ਚੁਣੇ ਜਾਂਦੇ ਰਹੇ ਹਨ ਪਰ ਬਾਦਲਾਂ ਵਲੋਂ ਕੀਤੀ ਪਰਵਾਰ ਦੀ ਅਣਦੇਖੀ ਨਾਲ ਇਨ੍ਹਾਂ ਦੀ ਨਰਾਜ਼ਗੀ ਚੱਲੀ ਆ ਰਹੀ ਹੈ।

7 ਮਾਰਚ ਨੂੰ ਬਠਿੰਡਾ ਵਿਖੇ ਟਕਸਾਲੀਆਂ ਦੀ ਮੀਟਿੰਗ ਸੁਖਦੇਵ ਸਿੰਘ ਢੀਂਡਸਾ ਦੀ ਅਗਵਾਈ ਹੇਠ ਹੋ ਰਹੀ ਹੈ। ਇਸ ਮੀਟਿੰਗ ਵਿਚ ਬੀਬੀ ਗੁਲਸ਼ਨ ਨੇ ਵੀ ਸ਼ਾਮਲ ਹੋਣ ਦਾ ਇਸ਼ਾਰਾ ਕੀਤਾ ਹੈ ਜਿਸ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ ਦਾ ਅੰਦਰੂਨੀ ਘਮਸਾਣ ਚੱਲ ਰਿਹਾ ਹੈ, ਉਸ ਨੇ ਪਾਰਟੀ ਦੀਆਂ ਸ਼ਫ਼ਬੰਦੀਆਂ ਵੀ ਬਦਲ ਛੱਡੀਆਂ ਹਨ, ਜਿਸ ਤੋਂ ਸਾਫ਼ ਜ਼ਾਹਰ ਹੋ ਰਿਹਾ ਹੈ ਕਿ ਨਾਰਾਜ਼ ਗੁਲਸ਼ਨ ਪਰਵਾਰ 7 ਮਾਰਚ ਨੂੰ ਅਕਾਲੀ ਦਲ ਨੂੰ ਅਲਵਿਦਾ ਕਹਿ ਦੇਵੇਗਾ।

ਅਜਿਹਾ ਹੋਣ ਨਾਲ ਸੁਖਦੇਵ ਸਿੰਘ ਢੀਂਡਸਾ ਦਾ ਇਹ ਦਾਅਵਾ ਕਿ ਲੋਕ ਸਭਾ ਹਲਕਾ ਬਠਿੰਡਾ ਦੇ ਬਾਦਲ ਪਰਵਾਰ ਤੋਂ ਦੁਖੀ ਹੋ ਕੇ ਬਠਿੰਡੇ ਹਲਕੇ ਦੇ ਕਈ ਵੱਡੇ ਲੀਡਰ ਸਾਡੇ ਨਾਲ ਆਉਣ ਲਈ ਤਿਆਰ ਬੈਠੇ ਹਨ। ਉਨ੍ਹਾਂ ਦੇ ਪਤੀ ਸੇਵਾ ਮੁਕਤ ਜਸਟਿਸ ਨਿਰਮਲ ਸਿੰਘ ਸਾਬਕਾ ਵਿਧਾਇਕ ਵੀ ਜਿਨਾਂ ਦੀ ਟਿਕਟ ਵਿਧਾਨ ਸਭਾ ਹਲਕਾ ਬੱਸੀ ਪਠਾਣਾਂ ਤੋਂ ਕੱਟੀ ਗਈ ਸੀ, ਦੇ ਵੀ ਇਸੇ ਦਿਨ ਟਕਸਾਲੀਆਂ ਨਾਲ ਭਿਆਲੀ ਪਾਉਣ ਦੇ ਅੰਦਾਜ਼ੇ ਲਗਾਏ ਜਾ ਰਹੇ ਹਨ।  

ਆਪਣੀ ਨਿਰਾਜ਼ਗੀ ਦਾ ਇਜ਼ਹਾਰ ਬੀਬੀ ਗੁਲਸ਼ਨ ਬੀਬੀ ਗੁਲਸ਼ਨ ਕੁੱਝ ਸਮਾਂ ਪਹਿਲਾਂ ਦਲ ਦੇ ਪ੍ਰਧਾਨ ਸਖਬੀਰ ਸਿੰਘ ਬਾਦਲ ਨੂੰ ਚਿੱਠੀ ਲਿਖ ਕੇ ਕਰ ਚੁੱਕੇ ਹਨ। ਸੁਖਦੇਵ ਸਿੰਘ ਢੀਂਡਸਾ ਦਾ ਦੇਰ ਨਾਲ ਲਿਆ ਦਰੁੱਸਤ ਫ਼ੈਸਲਾ ਬਾਦਲਾਂ ਲਈ ਸਿਰ ਦਰਦੀ ਬਣਿਆ ਹੋਇਆ ਹੈ, ਜਿਸ ਦਾ ਛੇਤੀ ਹੀ ਅਸਲੀ ਅਤੇ ਨਕਲੀ ਅਕਾਲੀ ਦਲਾਂ ਵਿਚ ਨਿਖੇੜਾ ਹੋਣ ਦੀ ਸੰਭਾਵਨਾ।