ਜ਼ਮੀਨ ਹੇਠਲੇ ਪਾਣੀ ਦੇ ਡੂੰਘਾ ਜਾਣ ਦੇ ਮੁੱਦੇ ’ਤੇ ਸੱਭ ਪਾਰਟੀਆਂ ਹੋਈਆਂ ਇਕਜੁਟ

ਏਜੰਸੀ

ਖ਼ਬਰਾਂ, ਪੰਜਾਬ

ਜ਼ਮੀਨ ਹੇਠਲੇ ਪਾਣੀ ਦੇ ਡੂੰਘਾ ਜਾਣ ਦੇ ਮੁੱਦੇ ’ਤੇ ਸੱਭ ਪਾਰਟੀਆਂ ਹੋਈਆਂ ਇਕਜੁਟ

image

ਸਰਬਸੰਮਤੀ ਨਾਲ ਪਾਣੀ ਬਚਾਉਣ ਲਈ ਮਤਾ ਕੀਤਾ ਪਾਸ, ਸਪੀਕਰ ਨੇ ਮਸਲੇ ’ਤੇ ਮੰਥਨ ਲਈ ਹਾਊੁਸ ਕਮੇਟੀ ਬਣਾਉਣ ਦਾ ਕੀਤਾ ਐਲਾਨ

ਚੰਡੀਗੜ੍ਹ, 4 ਮਾਰਚ (ਗੁਰਉਪਦੇਸ਼ ਭੁੱਲਰ): ਪੰਜਾਬ ਵਿਧਾਨ ਸਭਾ ਵਿਚ ਅੱਜ ਇਕ ਗ਼ੈਰ ਸਰਕਾਰੀ ਮਤੇ ਉਪਰ ਪਹਿਲੀ ਵਾਰ ਸੱਤਾਧਿਰ ਸਮੇਤ ਸੂਬੇ ਦੀਆਂ ਸਮੂਹ ਪਾਰਟੀਆਂ ਦੇ ਮੈਂਬਰ ਇਕਜੁਟ ਹੋਏ ਹਨ। ਪੰਜਾਬ ਵਿਚ ਜ਼ਮੀਨ ਹੇਠਲੇ ਪਾਣੀ ਦੇ ਦਿਨੋਂ ਦਿਨ ਹੋਰ ਡੂੰਘਾ ਚਲੇ ਜਾਣ ਦੇ ਵਿਸ਼ੇ ’ਤੇ ਬਹਿਸ ਲਈ ਕਾਂਗਰਸ ਦੇ ਵਿਧਾਇਕ ਹਰਮੰਦਰ ਸਿੰਘ ਗਿੱਲ ਤੇ 7 ਹੋਰ ਮੈਂਬਰਾਂ ਨੇ ਗ਼ੈਰ ਸਰਕਾਰੀ ਮਤਾ ਲਿਆਂਦਾ ਸੀ। ਇਸ ’ਤੇ ਬਹੁਤ ਹੀ ਸੰਜੀਦਾ ਤੇ ਭਰਵੀਂ ਬਹਿਸ ਬਾਅਦ ਸੱਭ ਪਾਰਟੀਆਂ ਨੇ ਮਾਮਲੇ ’ਤੇ ਗੰਭੀਰ ਚਿੰਤਾ ਪ੍ਰਗਟ ਕਰਦਿਆਂ ਸਰਬ ਸੰਮਤੀ ਨਾਲ ਮਤਾ ਪਾਸ ਕਰ ਦਿਤਾ ਹੈ। 
ਇਸ ਦੌਰਾਨ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ.ਪੀ. ਸਿੰਘ ਨੇ ਪਾਣੀ ਦੇ ਪੱਧਰ ਵਿਚ ਸੁਧਾਰ ਕਰਨ ਸਬੰਧੀ ਢੰਗ-ਤਰੀਕਿਆਂ ਦੀ ਪੜਚੋਲ ਕਰਨ ਲਈ ਇਕ ਉੱਚ ਪਧਰੀ ਕਮੇਟੀ ਬਣਾਉਣ ਦਾ ਐਲਾਨ ਕੀਤਾ। ਸੂਬੇ ਵਿਚ ਧਰਤੀ ਹੇਠਲੇ ਪਾਣੀ ਦੇ ਪੱਧਰ ਵਿਚ ਆ ਰਹੀ ਗਿਰਾਵਟ ਸਬੰਧੀ ਵਿਚਾਰ ਵਟਾਂਦਰੇ ਵਿਚ ਭਾਗ ਲੈਂਦਿਆਂ ਵਿਧਾਇਕ ਕੁਲਦੀਪ ਸਿੰਘ ਵੈਦ ਨੇ ਇਸ ਮਸਲੇ ਦੀ ਜਾਂਚ ਲਈ ਇਕ ਕਮੇਟੀ ਬਣਾਉਣ ਦਾ ਸੁਝਾਅ ਦਿਤਾ ਜਿਸ ਉਪਰੰਤ ਇਹ ਫ਼ੈਸਲਾ ਲਿਆ ਗਿਆ। ਵਿਧਾਨ ਸਭਾ ਦੇ ਸਪੀਕਰ ਨੇ ਤੁਰਤ ਕਾਰਵਾਈ ਕਰਦਿਆਂ ਕਮੇਟੀ ਦੇ ਗਠਨ ਦਾ ਐਲਾਨ ਕੀਤਾ ਜੋ ਤਿੰਨ ਮਹੀਨਿਆਂ ਵਿਚ ਰੀਪੋਰਟ ਪੇਸ਼ ਕਰੇਗੀ। ਸਪੀਕਰ ਨੇ ਕਿਹਾ ਕਿ ਇਹ ਮਾਮਲਾ ਬਹੁਤ ਗੰਭੀਰ ਸੀ ਅਤੇ ਕਿਉਂਕਿ ਸਦਨ ਦੇ ਮੈਂਬਰਾਂ ਨੇ ਇਹ ਮੁੱਦਾ 
ਚੁਕਿਆ ਹੈ, ਇਸ ਲਈ ਇਸ ਮਾਮਲੇ ਵਿਚ ਦਖ਼ਲ ਦੇਣਾ ਸਦਨ ਦਾ ਨੈਤਿਕ ਫ਼ਰਜ਼ ਬਣਦਾ ਹੈ। 
ਰਾਣਾ ਕੇ.ਪੀ. ਸਿੰਘ ਨੇ ਪੰਜਾਬ ਸਰਕਾਰ ਨੂੰ ਕਮੇਟੀ ਦੀ ਸਹਾਇਤਾ ਲਈ ਜਲ ਸਰੋਤ ਵਿਭਾਗ ਦੇ ਪ੍ਰਮੁੱਖ ਸਕੱਤਰ ਨੂੰ ਨਿਯੁਕਤ ਕਰਨ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਇਸ ਗੰਭੀਰ ਮਾਮਲੇ ਦਖ਼ਲ ਦੇਣ ਤੋਂ ਇਲਾਵਾ ਇਹ ਕਮੇਟੀ ਧਰਤੀ ਹੇਠਲੇ ਪਾਣੀ ਦੇ ਪੱਧਰ ਨੂੰ ਰੀਚਾਰਜ ਕਰਨ ਦੇ ਤਰੀਕਿਆਂ ਅਤੇ ਸਾਧਨਾਂ ਸਬੰਧੀ ਤਜਵੀਜ਼ ਵੀ ਪੇਸ਼ ਕਰੇਗੀ ਤਾਂ ਜੋ ਆਉਣ ਵਾਲੀਆਂ ਪੀੜ੍ਹੀਆਂ ਲਈ ਇਸ ਕੀਮਤੀ ਕੁਦਰਤੀ  ਸਰੋਤ ਨੂੰ ਬਚਾਇਆ ਜਾ ਸਕੇ। ਮਤਾ ਪਾਸ ਹੋਣ ਤੋਂ ਪਹਿਲਾਂ ਹੋਈ ਲੰਬੀ ਬਹਿਸ ਵਿਚ ਸਾਰੇ ਬੁਲਾਰੇ ਇਸ ਗੱਲ ’ਤੇ ਸਹਿਮਤ ਸਨ ਕਿ ਝੋਨੇ ਤੇ ਕਣਕ ਦੇ ਚੱਕਰ ਵਿਚੋਂ ਨਿਕਲਣ ਲਈ ਫ਼ਸਲੀ ਵਿਭਿੰਨਤਾ ਯੋਜਨਾ ਨੂੰ ਉਤਸ਼ਾਹਤ ਕੀਤਾ ਜਾਣਾ ਚਾਹੀਦਾ ਹੈ।
ਹਰਮੰਦਰ ਗਿੱਲ ਨੇ ਬਹਿਸ ਦੀ ਸ਼ੁਰੂਆਤ ਕਰਦਿਆਂ ਕਿਹਾ ਕਿ ਜ਼ਮੀਨ ਹੇਠਲੇ ਪਾਣੀ ਦੀ ਸੂਬੇ ਵਿਚ ਸਥਿਤੀ ਚਿੰਤਾਜਨਕ ਹੈ ਤੇ ਫ਼ਸਲੀ ਵਿਭਿੰਨਤਾ ਲਈ ਹੋਰ ਫ਼ਸਲਾਂ ਦੀ ਖ਼ਰੀਦ ਤੇ ਮੰਡੀਕਰਨ ਦੇ ਪ੍ਰਬੰਧ ਕਰਨ ਦੀ ਲੋੜ ਹੈ। ਕਾਂਗਰਸ ਦੇ ਮੈਂਬਰ ਰਾਣਾ ਗੁਰਜੀਤ ਸਿੰਘ ਨੇ ਕਈ ਅਹਿਮ ਸੁਝਾਅ ਰੱਖੇ। ਉਨ੍ਹਾਂ ਕਿਹਾ ਕਿ ਮੀਂਹ ਦੇ ਪਾਣੀ ਨੂੰ ਸੰਭਾਲਣ, ਬੇਕਾਰ ਪਾਣੀ ਨੂੰ ਜਾਣ ਤੋਂ ਰੋਕਣ ਤੇ ਦਰਿਆਵਾਂ ਤੇ ਨਹਿਰਾਂ ਦੀ ਸਾਂਭ ਸੰਭਾਲ ਦੀ ਲੋੜ ਹੈ। ਖੇਤੀ ਦੇ ਤਰੀਕੇ ਬਦਲਣੇ ਪੈਣਗੇ ਤੇ ਗੰਨੇ ਦੀ ਖੇਤੀ ਸਾਢੇ ਪੰਜ ਫੁੱਟ ’ਤੇ ਕਰਵਾਈ ਜਾਵੇ। ਅਕਾਲੀ ਦਲ ਦੇ ਹਰਿੰਦਰਪਾਲ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਮਾਮਲੇ ਦੀ ਗੰਭੀਰਤਾ ਇਸ ਗੱਲ ਤੋਂ ਪਤਾ ਲਗਦੀ ਹੈ ਕਿ ਸਾਢੇ 14 ਲੱਖ ਟਿਊਬਵੈੱਲਾਂ ਦੇ ਪਾਣੀ ਦਾ 95 ਫ਼ੀ ਸਦੀ ਇਸਤੇਮਾਲ ਹੋ ਰਿਹਾ ਹੈ। 
138 ਵਿਚੋਂ 110 ਬਲਾਕ ਡਾਰਕ ਜ਼ੋਨ ਵਿਚ ਆ ਚੁੱਕੇ ਹਨ। ਪਹਿਲਾਂ ਬਣੇ 9 ਚੈਕ ਡੈਮਾਂ ਦੇ ਸੰਭਾਲ ਦੀ ਲੋੜ ਹੈ। ਮੱਕੀ ਨੂੰ ਪੀ.ਡੀ.ਐਸ. ਵਿਚ ਸ਼ਾਮਲ ਕੀਤਾ ਜਾਵੇ। ਆਪ ਦੇ ਜਗਤਾਰ ਸੰਘ ਨੇ ਝੋਨੇ ਨੂੰ ਸਮੱਸਿਆ ਦਾ ਮੁੱਖ ਕਾਰਨ ਦਸਿਆ ਤੇ ਕੁਲਵੰਤ ਸਿੰਘ ਪੰਡੋਰੀ ਨੇ ਦਰਿਆਈ ਪਾਣੀਆਂ ਦੀ ਸਥਿਤੀ ਅਤੇ ਟਰੀਟਮੈਂਟ ਪਲਾਂਟਾਂ ਦੇ ਨੁਕਸਦਾਰ ਹੋਣ ਦੀ ਗੱਲ ਰੱਖੀ। ਅਕਾਲੀ ਦਲ ਦੇ ਗੁਰਪ੍ਰਤਾਪ ਸਿੰਘ ਵਡਾਲਾ ਨੇ ਪਿੰਡਾਂ ਦੇ ਛੱਪੜਾਂ ਨੂੰ ਬਚਾਉਣ ਤੋਂ ਇਲਾਵਾ ਖੇਤੀ ਵਿਭਾਗ ਦੀ ਭੂਮਿਕਾ ਵਧਾਉਣ ਦਾ ਸੁਝਾਅ ਦਿਤਾ। ਵਿਰੋਧੀ ਧਿਰ ਦੇ ਨੇਤਾ ਹਰਪਾਲ ਚੀਮਾ ਨੇ ਕਿਹਾ ਕਿ ਜੇ ਅੱਜ ਦੀ ਬਹਿਸ ਸਮੇਂ ਮੁੱਖ ਮੰਤਰੀ ਵੀ ਹਾਜ਼ਰ ਹੁੰਦੇ ਤਾਂ ਹੋਰ ਵਧੀਆ ਗੱਲ ਸੀ। ਉਨ੍ਹਾਂ ਕਿਹਾ ਕਿ ਨਾਜਾਇਜ਼ ਮਾਈਨਿੰਗ ਨੇ ਦਰਿਆਵਾਂ ਦੇ ਰੁੱਖ ਮੋੜ ਦਿਤੇ ਹਨ ਜਿਸ ਨਾਲ ਭਵਿੱਖ ਵਿਚ ਹੜ੍ਹਾਂ ਦੇ ਵੱਡੇ ਖ਼ਤਰੇ ਵੀ ਪੈਦਾ ਹੋਏ ਹਨ। ਅਕਾਲੀ ਦਲ ਦੇ ਮਨਪ੍ਰੀਤ ਇਯਾਲੀ, ਐਨ.ਕੇ. ਸ਼ਰਮਾ, ਆਪ ਦੇ ਅਮਨ ਅਰੋੜਾ ਤੇ ਕੰਵਰ ਸੰਧੂ ਨੇ ਵੀ ਬਹਿਸ ਵਿਚ ਸੁਝਾਅ ਰੱਖੇ।

ਡੱਬੀ

ਸੁਖਜਿੰਦਰ ਰੰਧਾਵਾ, ਮਨਪ੍ਰੀਤ ਬਾਦਲ ਤੇ ਤ੍ਰਿਪਤ ਬਾਜਵਾ ਨੇ ਵੀ ਬਹਿਸ ਵਿਚ ਹਿੱਸਾ ਪਾਇਆ
ਭਾਵੇਂ ਗ਼ੈਰ ਸਰਕਾਰ ਅਤੇ ਉਪਰ ਬਹਿਸ ਵਿਚ ਵਿਧਾਇਕ ਹੀ ਅਕਸਰ ਸ਼ਾਮਲ ਹੁੰਦੇ ਹਨ ਪਰ ਵਿਸ਼ੇ ਦੀ ਗੰਭੀਰਤਾ ਨੂੰ ਸਮਝਦਿਆਂ ਤਿੰਨ ਕੈਬਨਿਟ ਮੰਤਰੀਆਂ ਸੁਖਜਿੰਦਰ ਸਿੰਘ ਰੰਧਾਵਾ, ਮਨਪ੍ਰੀਤ ਬਾਦਲ ਤੇ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਵੀ ਬਹਿਸ ਵਿਚ ਅਪਣਾ ਹਿੱਸਾ ਪਾਇਆ। ਸੁਖਜਿੰਦਰ ਰੰਧਾਵਾ ਨੇ ਕਿਹਾ ਕਿ ਰਾਣਾ ਗੁਰਜੀਤ ਦੇ ਸੁਝਾਅ ਕਾਫ਼ੀ ਵਧੀਆ ਸਨ ਅਤੇ ਗੰਨੇ ਬਾਰੇ ਸੁਝਾਅ ਪ੍ਰਵਾਨ ਕੀਤਾ। ਉਨ੍ਹਾਂ ਕਿਹਾ ਕਿ ਪਾਣੀ ਦੀ ਬਚਤ ਤੇ ਸੰਭਾਲ ਲਈ ਡਰਿੱਪ ਇਰੀਗਰੇਸ਼ਨ ਵਰਗੀਆਂ ਤਕਨੀਕਾਂ ਅਪਨਾਉਣਾ ਜ਼ਰੂਰੀ ਹੈ। ਤ੍ਰਿਪਤ ਰਜਿੰਦਰ ਬਾਜਵਾ ਨੇ ਕਿਹਾ ਕਿ ਆਉਣ ਵਾਲਾ ਸਮਾਂ ਭਿਆਨਕ ਹੈ ਤੇ ਇਸ ਲਈ ਪਾਣੀ ਦੇ ਵਿਸ਼ੇ ’ਤੇ ਹੁਣ ਸੱਭ ਨੂੰ ਜਾਗਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਘਰਾਂ ਵਿਚ ਲੱਗੀਆਂ ਸਮਰਸੀਬਲ ਮੋਟਰਾਂ ਵਿਚੋਂ ਖਿਚਿਆ ਤੇ ਵਰਤਿਆ ਜਾਂਦਾ ਬੇਕਾਰ ਜਾਂਦਾ ਪਾਣੀ ਵੀ ਇਕ ਵੱਡਾ ਕਾਰਨ ਹੈ। ਮੀਂਹ ਦੇ ਪਾਣੀ ਦੀ ਸੰਭਾਲ ਨੂੰ ਜ਼ਰੂਰੀ ਕਰਨਾ ਪਵੇਗਾ। ਮਨਪ੍ਰੀਤ ਬਾਦਲ ਨੇ ਬਹਿਸ ਵਿਚ ਸ਼ਾਮਲ ਹੁੰਦਿਆਂ ਕਿਹਾ ਕਿ ਪੰਜਾਬ ਦਾ ਤਾਂ ਨਾ ਹੀ ਪਾਣੀ ਨਾਲ ਜੁੜਿਆ ਹੈ। ਉਨ੍ਹਾਂ ਇਜ਼ਰਾਇਲ ਦੀ ਉਦਾਹਰਣ ਦੇ ਕੇ ਪਾਣੀ ਦੀ ਸੰਭਾਲ ਬਾਰੇ ਉਥੋਂ ਸਿਖਣ ਦੀ ਸਲਾਹ ਦਿਤੀ। ਉਨ੍ਹਾਂ ਰਾਜਸਥਾਨ ਵਿਚ ਵੀ ਪੰਜਾਬ ਨਾਲੋਂ ਵਧੀਆ ਖੇਤੀ ਕੀਤੇ ਜਾਣ ਦੀ ਮਿਸਾਲ ਵੀ ਦਿਤੀ। ਖੇਤੀ ਖੋਜ ਲਈ ਕੇਂਦਰ ਤੋਂ ਵਧੇਰੇ ਵਿੱਤੀ ਮਦਦ ਲਈ ਸੁਝਾਅ ਦਿਤਾ। ਝੋਨੇ ਆਦਿ ਲਈ ਜਾ ਰਿਹਾ ਹਜ਼ਾਰਾਂ ਕਰੋੜ ਰੁਪਏ ਦਾ ਪਾਣੀ ਬਚਾ ਕੇ ਹੋਰਨਾਂ ਰਾਜਾਂ ਨੂੰ ਵੇਚ ਕੇ ਆਮਦਨ ਲੈਣ ਦੀ ਗੱਲ ਵੀ ਰੱਖੀ। ਮੀਂਹ ਦਾ ਪਾਣੀ ਸੰਭਾਲ ਕੇ ਮੁੜ ਵਰਤਣ ਤੇ ਤੁਪਕਾ ਸਿੰਚਾਈ ਤਕਨੀਕ ਦਾ ਵੀ ਉਨ੍ਹਾਂ ਸਮਰਥਨ ਕੀਤਾ।